nabaz-e-punjab.com

ਅਮਰਿੰਦਰ ਰਹੇ ਨਾ ਰਹੇ ਪਰ ਜੇ ਅੰਤਿਮ ਫੈਸਲਾ ਪੰਜਾਬ ਦੇ ਵਿਰੁੱਧ ਆਇਆ ਤਾਂ ਐਸਵਾਈਐਲ ਰਾਸ਼ਟਰੀ ਸਮੱਸਿਆ ਬਣ ਜਾਵੇਗੀ: ਮੁੱਖ ਮੰਤਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਪਾਣੀ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਕੋਈ ਵੀ ਕੋਸ਼ਿਸ਼ ਕਰਨ ਨਾਲ ਇਸ ਖਿੱਤੇ ਵਿੱਚ ਅੱਤਵਾਦ ਦੇ ਸੁਰਜੀਤ ਹੋਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ‘‘ਅਮਰਿੰਦਰ ਰਹੇ ਨਾ ਰਹੇ ਪਰ ਜੇ ਅੰਤਿਮ ਫੈਸਲਾ ਪੰਜਾਬ ਦੇ ਵਿਰੁੱਧ ਆਇਆ ਤਾਂ ਐਸ.ਵਾਈ.ਐਲ. ਰਾਸ਼ਟਰੀ ਸਮੱਸਿਆ ਬਣ ਜਾਵੇਗੀ।’’ ਮੁੱਖ ਮੰਤਰੀ ਇੰਡੀਆ ਨਿਊਜ਼ (ਪੰਜਾਬ) ਚੈਨਲ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਦੀ ਸ਼ਾਂਤੀ ਅਤੇ ਸਥਿਰਤਾ ਲਈ ਅਤੇ ਪੰਜਾਬ ਦੇ ਹਿੱਤਾਂ ਵਿੱਚ ਜਲ ਸਰੋਤ ਵਿਭਾਗ ਦੇ ਰਾਹੀਂ ਐਸ.ਵਾਈ.ਐਲ. ਮੁੱਦੇ ਉੱਤੇ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਵਾਉਣ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਐਸ.ਵਾਈ.ਐਲ. ਦਾ ਮਤਾ ਪੰਜਾਬ ਦੀਆਂ ਚਿੰਤਾਵਾਂ ਨੂੰ ਸੰਬੋਧਤ ਕਰਨ ਵਾਲਾ ਨਾ ਹੋਇਆ ਤਾਂ ਪੰਜਾਬ ਨੂੰ ਮੁੜ ਅੱਤਵਾਦ ਦੇ ਕਾਲੇ ਦੌਰ ਵਿੱਚ ਧੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਨਕਾਰਤਮਕ ਘਟਨਾ ਸੂਬੇ ਵਿੱਚ ਵੱਡਾ ਸੰਕਟ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖਾਲਿਸਤਾਨੀ, ਨਕਸਲਵਾਦੀ ਅਤੇ ਮੁਜਾਹਿਰਾ ਲਹਿਰਾਂ ਸਣੇ ਸਾਰੀਆਂ ਅੱਤਵਾਦੀਆਂ ਲਹਿਰਾਂ ਦੱਖਣੀ ਪੰਜਾਬ ਤੋਂ ਸ਼ੁਰੂ ਹੋਇਆਂ ਜੋ ਕਿ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਸੂਬੇ ਨੂੰ ਵਿਨਾਸ਼ਕਾਰੀ ਸਥਿੱਤੀ ਵਿੱਚ ਧੱਕਣ ਲਈ ਅਕਾਲੀਆਂ ’ਤੇ ਦੋਸ਼ ਲਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਪੰਜਾਬ ਨੂੰ ਕੁਦਰਤੀ ਵਸੀਲਿਆਂ ਤੋਂ ਵਾਂਝਾ ਕਰਨ ਲਈ ਜ਼ੁੰਮੇਵਾਰ ਹਨ ਜੋ ਕਿ ਸੂਬੇ ਦੀ ਵੰਡ ਦੇ ਨਤੀਜੇ ਵਜੋਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਚਲੇ ਗਏ। ਉਨ੍ਹਾਂ ਕਿਹਾ ਕਿ ਘੱਟ ਜ਼ਮੀਨ ਹੋਣ ਤੋਂ ਬਾਵਜੂਦ ਹਰਿਆਣਾ ਨੂੰ ਵੱਧ ਪਾਣੀ ਮਿਲਿਆ ਪਰ ਪੰਜਾਬ ਨੂੰ ਯਮੁਨਾ ਨਦੀ ਵਿਚੋਂ ਪਾਣੀ ਦਾ ਕੋਈ ਹਿੱਸਾ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੀ ਜੜ੍ਹ ਸੂਬੇ ਦੀ ਵੰਡ ਅਤੇ ਉਸ ਸਮੇਂ ਸਰੋਤਾਂ ਦੀ ਅਸਾਵੀਂ ਵੰਡ ਵਿੱਚੋਂ ਲੱਭੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਆਪਣੀ ਜ਼ਮੀਨ ਦੀ ਸਿੰਚਾਈ ਲਈ ਵੀ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ 25 ਫੀਸਦੀ ਤੋਂ ਵੀ ਘੱਟ ਸਿੰਚਾਈ ਨਹਿਰਾਂ ਰਾਹੀਂ ਹੁੰਦੀ ਹੈ ਅਤੇ ਸੂਬੇ ਦੀ ਖੇਤੀਬਾੜੀ ਚਲਦੇ ਰਹਿਣ ਲਈ ਅਸਮੱਰਥ ਹੋ ਗਈ ਹੈ। ਖੇਤੀ ਵਸਤਾਂ ਦੀਆਂ ਲਾਗਤਾਂ ਵਧ ਗਈਆਂ ਹਨ ਪਰ ਫਸਲਾਂ ਦੇ ਘੱਟੋਂ-ਘੱਟ ਸਮਰਥਨ ਮੁੱਲ ਵਿੱਚ ਉਸ ਹਿਸਾਬ ਨਾਲ ਵਾਧਾ ਨਹੀਂ ਹੋਇਆ। ਉਨ੍ਹਾਂ ਨੇ ਵੱਡੀ ਪੱਧਰ ’ਤੇ ਖੇਤੀ ਵਿਭਿੰਨਤਾ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸੂਬੇ ਵਿੱਚ ਪਾਣੀ ਦੀ ਚਿੰਤਾਜਨਕ ਸਥਿੱਤੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੂਬੇ ਕੋਲ ਝੋਨੇ ਦੀ ਸਿੰਚਾਈ ਲਈ ਢੁਕਵੀਂ ਮਾਤਰਾ ਵਿੱਚ ਪਾਣੀ ਨਹੀਂ ਹੈ। ਸੂਬੇ ਵਿੱਚ ਖੇਤੀਬਾੜੀ ਨੂੰ ਮੁੜ ਲਾਹੇਵੰਦ ਬਣਾਉਣ ਦਾ ਵਾਅਦਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤੀ ਵਿਭਿੰਨਤਾ ਲਈ ਸਹੂਲਤਾਂ ਮੁਹੱਈਆ ਕਰਾਉਣ ਲਈ ਬਹੁਤ ਸਾਰੀਆਂ ਪਹਿਲ ਕਦਮੀਆਂ ਕਰ ਰਹੀ ਹੈ ਅਤੇ ਕਣਕ ਅਤੇ ਝੋਨੇ ਨਾਲ ਨਹੀਂ ਸਗੋਂ ਹੋਰਨਾਂ ਫਸਲਾਂ ਰਾਹੀਂ ਨਵੀਂ ਹਰੀ ਕ੍ਰਾਂਤੀ ਲਿਆ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ‘‘ਫਾਰਮ ਟੂ ਫੋਰਕ ਪ੍ਰੋਜੈਕਟ’’ ਨੂੰ ਵੀ ਯਾਦ ਕੀਤਾ ਜੋ ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਪਿਛਲੇ ਕਾਰਜ ਕਾਲ ਦੌਰਾਨ ਰਿਲਾਇੰਸ ਨਾਲ ਮਿਲਕੇ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਸ ਨੂੰ ਮੁੜ ਸੁਰਜੀਤ ਕਰੇਗੀ ਤਾਂ ਜੋ ਪੰਜਾਬ ਦੀ ਸਮੱਸਿਆਵਾਂ ਵਿੱਚ ਘਿਰੀ ਹੋਈ ਕਿਸਾਨੀ ਨੂੰ ਬਾਹਰ ਕੱਢਿਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਪਿਛਲੇ 10 ਸਾਲ ਦੇ ਦੁਰਪ੍ਰਬੰਧ ਅਤੇ ਕੁਸ਼ਾਸਨ ਦੇ ਕਾਰਨ ਸੰਕਟ ਵਿੱਚ ਘਿਰੀ ਕਿਸਾਨੀ ਨੂੰ ਬਾਹਰ ਕੱਢਣ ਲਈ ਮੁੱਖ ਮੰਤਰੀ ਨੇ ਆਪਣੀ ਵਚਨਬੱਧਤਾ ਮੁੜ ਦੁਹਰਾਈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…