ਆਈਟੀਆਈ ਵਿੱਚ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਦੀ ਫਾਈਨਲ ਪ੍ਰੀਖਿਆ ਜਾਰੀ

ਕੋਵਿਡ-19 ਕਾਰਨ 6 ਮਹੀਨੇ ਪਛੜ ਕੇ ਹੋ ਰਹੀ ਪ੍ਰੀਖਿਆ ਸਬੰਧੀ ਨੌਜਵਾਨਾਂ ’ਚ ਭਾਰੀ ਉਤਸ਼ਾਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਡਾਇਰੈਕਟਰ ਜਨਰਲ ਆਫ਼ ਟਰੇਨਿੰਗ ਨਵੀਂ ਦਿੱਲੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੁੱਚੇ ਦੇਸ਼ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ) ਵਿੱਚ ਵੱਖ-ਵੱਖ ਟਰੇਡਾਂ ਵਿੱਚ ਕਿੱਤਾ ਮੁਖੀ ਟਰੇਨਿੰਗ ਕਰ ਰਹੇ ਲੱਖਾਂ ਸਿੱਖਿਆਰਥੀਆਂ ਦੀ ਫਾਈਨਲ ਪ੍ਰੀਖਿਆ ਸ਼ੁਰੂ ਹੋ ਚੁੱਕੀ ਹੈ। ਜਿਸ ਤਹਿਤ ਪੰਜਾਬ ਦੀਆਂ 117 ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਇਹ ਅਮਲ ਬੀਤੀ 20 ਜਨਵਰੀ ਤੋਂ ਨਿਰੰਤਰ ਜਾਰੀ ਹੈ।
ਸਰਕਾਰੀ ਆਈਟੀਆਈ (ਲੜਕੀਆਂ) ਮੁਹਾਲੀ ਦੇ ਪ੍ਰਿੰਸੀਪਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਨਿਰਧਾਰਿਤ ਸਮੇਂ ਤੋਂ ਕਰੀਬ 6 ਮਹੀਨੇ ਪਛੜ ਕੇ ਇਹ ਪ੍ਰੀਖਿਆ ਸ਼ੁਰੂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਇਤਿਹਾਸ ਵਿੱਚ ਪਹਿਲੀ ਵਾਰ ਸੀਬੀਟੀ (ਕੰਪਿਊਟਰ ਬੇਸਡ ਟੈਸਟ) ਪ੍ਰੀਖਿਆ ਲਈ ਜਾ ਰਹੀ ਹੈ। ਜਿਸ ਪ੍ਰਤੀ ਜਿੱਥੇ ਸਿੱਖਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਸਮੁੱਚੇ ਸਟਾਫ਼ ਲਈ ਵੀ ਇਹ ਇੱਕ ਨਵਾਂ ਤਜਰਬਾ ਹੈ। ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਕਲ ਰਹਿਤ ਪ੍ਰੀਖਿਆ ਯਕੀਨੀ ਬਣਾਉਣ ਲਈ ਸੂਬੇ ਦੇ ਤਮਾਮ ਪ੍ਰੀਖਿਆ ਕੇਂਦਰਾਂ ਵਿੱਚ ਸੀਸੀਟੀਵੀ ਕੈਮਰਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜਿਸ ਦੀ ਨਿਗਰਾਨੀ ਤਕਨੀਕੀ ਸਿੱਖਿਆ ਵਿਭਾਗ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਨਾਲ ਜੋੜ ਦਿੱਤੀ ਗਈ ਹੈ ਤਾਂ ਜੋ ਨਕਲ ਰਹਿਤ ਪ੍ਰੀਖਿਆ ਰਾਹੀਂ ਹੁਨਰਮੰਦ ਅਤੇ ਕਾਬਲ ਸਿੱਖਿਆਰਥੀਆਂ ਨੂੰ ਇੱਕ ਚੰਗੇ ਉਤਪਾਦ ਵਜੋਂ ਮਾਰਕੀਟ ਵਿੱਚ ਉਤਾਰਿਆ ਜਾ ਸਕੇ।
ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਅਧੀਨ ਸਰਕਾਰੀ ਆਈਟੀਆਈ ਲਾਲੜੁ, ਬਨੂੜ, ਮਾਣਕਪੁਰ ਸ਼ਰੀਫ਼, ਆਈਟੀਆਈ (ਲੜਕੀਆਂ) ਡੇਰਾਬੱਸੀ ਅਤੇ ਖਰੜ ਤੋਂ ਇਲਾਵਾ ਪ੍ਰਾਈਵੇਟ ਸੰਸਥਾਵਾਂ ਨਿਊ ਏਂਜਲ ਆਈਟੀਆਈ ਜ਼ੀਰਕਪੁਰ, ਡੇਰਾਬੱਸੀ, ਬਾਬਾ ਨਿਹਾਲ ਸਿੰਘ ਆਈਟੀਆਈ ਮਨੌਲੀ ਸੂਰਤ, ਨੈਸ਼ਨਲ ਆਈਟੀਆਈ ਮੁਹਾਲੀ, ਮਾਤਾ ਗੁਜਰੀ ਆਈਟੀਸੀ ਖਰੜ, ਗੁਰਕਿਰਪਾ ਆਈਟੀਆਈ ਕੁਰਾਲੀ ਅਤੇ ਸੰਤ ਫਰੀਦ ਆਈਟੀਆਈ ਮੁਹਾਲੀ ਵਿੱਚ ਵੱਖ-ਵੱਖ ਟਰੇਡਾਂ ਦੇ ਸੈਂਕੜੇ ਸਿੱਖਿਆਰਥੀਆਂ ਦੀ ਪ੍ਰੀਖਿਆ ਸਰਕਾਰੀ ਆਈਟੀਆਈ (ਲੜਕੀਆਂ) ਫੇਜ਼-5 ਵਿੱਚ ਲਈ ਜਾ ਰਹੀ ਹੈ। ਪ੍ਰੀਖਿਆ ਅਮਲੇ ਨੂੰ ਤਕਨੀਕੀ ਤੌਰ ’ਤੇ ਸਮਰੱਥ ਬਣਾਉਣ ਲਈ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵੱਲੋਂ ਅਗਾਊਂ ਟਰੇਨਿੰਗ ਦਿੱਤੀ ਗਈ ਹੈ। ਪ੍ਰੀਖਿਆ ਸਬੰਧੀ ਰਾਕੇਸ਼ ਕੁਮਾਰ ਡੱਲਾ ਨੂੰ ਕੋਆਰਡੀਨੇਟਰ, ਵਰਿੰਦਰਪਾਲ ਸਿੰਘ ਅਤੇ ਮਾਨਇੰਦਰਪਾਲ ਸਿੰਘ ਨੂੰ ਟੈਕਨੀਕਲ ਅਫ਼ਸਰ ਅਤੇ ਸ੍ਰੀਮਤੀ ਸਰਿਤਾ ਕੁਮਾਰੀ, ਰੋਹਿਤ ਕੌਸ਼ਲ ਅਤੇ ਸ੍ਰੀਮਤੀ ਸ਼ਵੀ ਗੋਇਲ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…