
ਅਖ਼ਰਕਾਰ 9 ਸਾਲ ਬਾਅਦ ਹੋਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ-90 ਤੇ 91 ਦੀ ਚੋਣ
ਸਾਬਕਾ ਮੇਅਰ ਕੁਲਵੰਤ ਸਿੰਘ ਦੇ ਥਾਪੜੇ ਨਾਲ ਰਾਜਿੰਦਰ ਸਿੰਘ ਸਿੱਧੂ ਬਣੇ ਪ੍ਰਧਾਨ, ਬਲਬੀਰ ਸਿੱਧੂ ਧੜੇ ਦੀ ਹਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਆਖਰਕਾਰ ਲੋਕਾਂ ਦੀ ਵਿਸ਼ੇਸ਼ ਮੰਗ ’ਤੇ ਕਰੀਬ 9 ਸਾਲਾਂ ਬਾਅਦ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-90 ਅਤੇ 91 ਦੀ ਚੋਣ ਸੰਭਵ ਹੋ ਸਕੀ। ਜਿਸ ਵਿੱਚ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਥਾਪੜੇ ਨਾਲ ਰਾਜਿੰਦਰ ਸਿੰਘ ਸਿੱਧੂ ਨੂੰ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਜ਼ਦੀਕੀ ਉਮੀਦਵਾਰ ਦਲਜੀਤ ਸਿੰਘ ਨੂੰ ਹਰਾ ਕੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਜਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਸਿੱਧੂ ਨੂੰ 175 ਵੋਟਾਂ ਅਤੇ ਵਿਰੋਧੀ ਉਮੀਦਾਰ ਦਲਜੀਤ ਸਿੰਘ ਨੂੰ 153 ਵੋਟਾਂ ਪਈਆਂ ਹਨ। ਇਸ ਤਰ੍ਹਾਂ ਸ੍ਰੀ ਸਿੱਧੂ 22 ਵੋਟਾਂ ਵੱਧ ਲੈ ਕੇ ਪ੍ਰਧਾਨ ਦੀ ਚੋਣ ਜਿੱਤਣ ਵਿੱਚ ਸਫ਼ਲ ਹੋ ਗਏ।
ਇਹ ਚੋਣ ਕਰਵਾਉਣ ਲਈ ਐਸੋਸੀਏਸ਼ਨ ਵੱਲੋਂ 4 ਪ੍ਰਜ਼ਾਈਡਿੰਗ ਅਫ਼ਸਰ ਨਿਯੁਕਤ ਕੀਤੇ ਗਏ। ਜਿਨ੍ਹਾਂ ਵਿੱਚ ਕਰਨਲ ਬੀਐਸ ਪੰਨੂ, ਰਾਜਨ ਅਗਨੀਹੋਤਰੀ, ਮੋਹਨ ਵਿੱਜ, ਨਾਗੀ ਸ਼ਾਮਲ ਹਨ। ਜਿਨ੍ਹਾਂ ਨੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਨੂੰ ਸ਼ਾਂਤੀ ਪੂਰਨ ਤਰੀਕੇ ਨਾਲ ਨੇਪਰੇ ਚਾੜ੍ਹਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਸੈਕਟਰ-90 ਅਤੇ 91 ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆ ਦਾ ਸਮਾਂ ਰਹਿੰਦਿਆਂ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ।
ਇਨ੍ਹਾਂ ਚੋਣਾਂ ਵਿੱਚ ਰਾਜਿੰਦਰ ਸਿੰਘ ਸਿੱਧੂ ਨੂੰ ਜਿਤਾਉਣ ਵਿੱਚ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ ਸਟੇਟ ਅਵਾਰਡੀ ਦੀ ਅਹਿਮ ਭੂਮਿਕਾ ਰਹੀ। ਨਾਨ-ਪਲੇਇੰਗ ਕੈਪਟਨ ਦੇ ਰੂਪ ਵਿੱਚ ਫੂਲਰਾਜ ਸਿੰਘ ਨੇ ਰਾਜਿੰਦਰ ਸਿੱਧੂ ਦੇ ਹੱਕ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕੀਤਾ ਅਤੇ ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਵੀ ਰਾਜਿੰਦਰ ਸਿੰਘ ਸਿੱਧੂ ਨੂੰ ਖੁੱਲ੍ਹਾ ਥਾਪੜਾ ਦਿੱਤਾ ਗਿਆ। ਜਿਸ ਦੇ ਚੱਲਦਿਆਂ ਉਹ ਚੁਣੇ ਗਏ। ਉਨ੍ਹਾਂ ਕਿਹਾ ਕਿ ਅੇਸੋਸੀਏਸ਼ਨ ਦੀ ਚੋਣ ਹੋਣ ਨਾਲ ਸੈਕਟਰ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ।
ਇਸ ਮੌਕੇ ਸਾਬਕਾ ਕੌਂਸਲਰ ਫੂਲਰਾਜ ਸਿੰਘ, ਐਸਕੇ ਗੁਪਤਾ ਪ੍ਰਧਾਨ ਸਨਾਤਮ ਧਰਮ ਸਭਾ, ਠੇਕੇਦਾਰ ਮਨਜੀਤ ਸਿੰਘ ਮਾਨ, ਗੁਰਚਰਨ ਸਿੰਘ ਨੰਨੜਾ, ਸੰਤੋਖ ਸਿੰਘ, ਬਲਦੇਵ ਸਿੰਘ, ਗੁਰਦੀਪ ਸਿੰਘ ਸਾਜਨ, ਮਹਿੰਦਰ ਸਿੰਘ, ਗੁਰਮੀਤ ਸਿੰਘ ਸੈਣੀ, ਨਿਹਾਲ ਸਿੰਘ ਵਿਰਕ, ਪਲਵਿੰਦਰ ਸਿੰਘ ਗੋਰਾਇਆ, ਕੁਲਦੀਪ ਸਿੰਘ, ਮਨਕਰਨ ਸਿੰਘ ਬਲਵਿੰਦਰ ਸਿੰਘ, ਮਨਕਰਨ ਸਿੰਘ, ਬਲਵਿੰਦਰ ਸਿੰਘ, ਸ੍ਰੀ ਅਰੋੜਾ, ਸ੍ਰੀ ਕੰਬੋਜ, ਸ੍ਰੀ ਮਿੱਤਲ ਅਤੇ ਸ੍ਰੀ ਅਨੁਰਾਗ ਹਾਜ਼ਰ ਸਨ।