ਆਖ਼ਰਕਾਰ ਲੰਮੀ ਜੱਦੋਜਹਿਦ ਤੋਂ ਬਾਅਦ ਸ਼ੁਰੂ ਹੋਇਆ ਸੈਕਟਰ-69 ਦਾ ਅਰਬਨ ਪ੍ਰਾਇਮਰੀ ਹੈਲਥ ਸੈਂਟਰ

‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਬੀਤੇ ਦਿਨੀਂ ਵਿਧਾਨ ਸਭਾ ਵਿੱਚ ਚੁੱਕਿਆ ਸੀ ਸਿਹਤ ਸੇਵਾਵਾਂ ਦਾ ਮੁੱਦਾ
ਸ਼ਹਿਰ ਵਾਸੀਆਂ ਨੂੰ ਸਿਹਤ ਕੇਂਦਰ ਵਿੱਚ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ: ਸਿਵਲ ਸਰਜਨ

ਨਬਜ਼-ਏ-ਪੰਜਾਬ, ਮੁਹਾਲੀ, 26 ਮਾਰਚ:
ਸਮਾਜ ਸੇਵੀ ਆਗੂ ਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਲੰਮੀ ਜੱਦੋਜਹਿਦ ਤੋਂ ਬਾਅਦ ਆਖ਼ਰਕਾਰ ਸੈਕਟਰ-69 ਵਿੱਚ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸ਼ੁਰੂ ਹੋ ਗਿਆ ਹੈ। ਉਹ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਸਿਹਤ ਸਹੂਲਤਾਂ ਲਈ ਸਮਾਜਿਕ ਲੜਾਈ ਲੜਦੇ ਆ ਰਹੇ ਹਨ। ਬੀਤੇ ਦਿਨੀਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਵੀ ਵਿਧਾਨ ਸਭਾ ਵਿੱਚ ਇਹ ਮੁੱਦਾ ਬੜੇ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਅਤੇ ਇਸ ਮੁੱਦੇ ’ਤੇ ਸਿਹਤ ਮੰਤਰੀ ਨੂੰ ਘੇਰਦਿਆਂ ਕਈ ਚੁੰਬਵੇਂ ਸਵਾਲ ਪੁੱਛੇ ਗਏ ਸਨ।
ਅੱਜ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਅੱਜ ਕੌਂਸਲਰ ਕੁਲਦੀਪ ਕੌਰ ਧਨੋਆ ਤੇ ਅਰੁਣਾ ਸ਼ਰਮਾ ਵਸ਼ਿਸ਼ਟ ਅਤੇ ਸਤਵੀਰ ਸਿੰਘ ਧਨੋਆ ਦੀ ਮੌਜੂਦਗੀ ਵਿੱਚ ਅਰਬਨ ਹੈਲਥ ਪ੍ਰਾਇਮਰੀ ਸੈਂਟਰ ਦਾ ਦੌਰਾ ਕਰਕੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੈਡੀਕਲ ਸਟਾਫ਼ ਸਮੇਤ ਪਹਿਲੇ ਦਿਨ ਦਵਾਈ ਲੈਣ ਪਹੁੰਚੇ ਮਰੀਜ਼ਾਂ ਨਾਲ ਵੀ ਗੱਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਡਿਸਪੈਂਸਰੀ ਵਿੱਚ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੂੰ ਕੁੱਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਅਤੇ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਆ। ਸਭ ਤੋਂ ਪਹਿਲਾਂ ਸਮਾਜ ਸੇਵੀ ਸਤਵੀਰ ਧਨੋਆ ਨੇ ਆਪਣਾ ਚੈੱਕਅਪ ਕਰਵਾਇਆ ਅਤੇ ਡਾਕਟਰਾਂ ਤੇ ਸਟਾਫ਼ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸਤਵੀਰ ਧਨੋਆ ਨੇ ਕਿਹਾ ਕਿ ਇਸ ਏਰੀਆ ਵਿੱਚ ਪ੍ਰਾਈਵੇਟ ਹਸਪਤਾਲਾਂ ਦੀ ਬਹੁਤਾਤ ਕਾਰਨ ਸਰਕਾਰੀ ਸਹੂਲਤਾਂ ਵੱਡੀ ਚੁਨੌਤੀ ਸੀ। ਪਹਿਲਾਂ ਲੰਮੀ ਜੱਦੋਜਹਿਦ ਕਰਕੇ ਗਮਾਡਾ ਤੋਂ ਪੰਜ ਕਨਾਲ ਥਾਂ ਡਿਸਪੈਂਸਰੀ ਲਈ ਰਾਖਵੀਂ ਕਰਵਾਈ ਗਈ। ਉਪਰੰਤ ਸਮਾਜ ਭਲਾਈ ਸੰਸਥਾਵਾਂ ਨੂੰ ਨਾਲ ਲੈ ਕੇ ਸਮੇਂ ਦੀਆਂ ਸਰਕਾਰਾਂ ਨਾਲ ਰਾਬਤਾ ਕੀਤਾ ਗਿਆ। ਦਸੰਬਰ 2021 ਵਿੱਚ ਤਤਕਾਲੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨੀਂਹ ਪੱਥਰ ਰੱਖਿਆ ਪ੍ਰੰਤੂ ਚਾਰ ਮਹੀਨੇ ਬਾਅਦ ਹੀ ਉਸਾਰੀ ਦਾ ਕੰਮ ਰੁਕ ਗਿਆ ਅਤੇ ਅਧੂਰੀ ਬਿਲਡਿੰਗ ਗੈਰ ਸਮਾਜੀ ਅਨਸਰਾਂ ਦਾ ਅੱਡਾ ਬਣ ਗਈ ਸੀ।
ਧਨੋਆ ਨੇ ਦੱਸਿਆ ਕਿ ਉਨ੍ਹਾਂ ਨੇ ਦੁਬਾਰਾ ਚਾਰਾਜੋਈ ਕੀਤੀ ਅਤੇ ਵਿਧਾਇਕ ਕੁਲਵੰਤ ਸਿੰਘ ਦੇ ਯਤਨਾਂ ਸਦਕਾ ਦਸੰਬਰ 2024 ਵਿੱਚ ਡਿਸਪੈਂਸਰੀ ਦੀ ਉਸਾਰੀ ਦਾ ਮੁੜ ਕੰਮ ਸ਼ੁਰੂ ਹੋਇਆ ਅਤੇ ਬੀਤੇ ਦਿਨੀਂ ‘ਆਪ’ ਵਿਧਾਇਕ ਨੇ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਅਤੇ ਅੱਜ ਇਹ ਡਿਸਪੈਂਸਰੀ ਚਾਲੂ ਹੋ ਗਈ।
ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੈਕਟਰ ਵਾਸੀਆਂ ਦੀ ਇਹ ਚਿਰਕੌਣੀ ਮੰਗ ਅੱਜ ਪੂਰੀ ਹੋ ਗਈ ਹੈ ਅਤੇ ਇਸ ਦਾ 26000 ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਹੈਲਥ ਸੈਂਟਰ ਦਾ ਹੋਰ ਵਿਸਥਾਰ ਕੀਤਾ ਜਾਵੇ ਅਤੇ ਇੱਥੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਸਮੇਤ ਫਿਜ਼ਿਉਥਰੈਪੀ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਗੰਭੀਰ ਮਰੀਜ਼ਾਂ ਨੂੰ ਇੱਥੇ ਦਾਖ਼ਲ ਕਰਨ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਮਹਿੰਗੇ ਬਿੱਲ ਤਾਰਨ ਤੋਂ ਛੁਟਕਾਰਾ ਮਿਲ ਸਕੇ।

ਐਸਐਮਓ ਐਚਐਸ ਚੀਮਾ ਅਤੇ ਸਿਹਤ ਅਫ਼ਸਰ ਭੁਪਿੰਦਰ ਸਿੰਘ ਡਾਹਰੀ ਨੇ ਦੱਸਿਆ ਕਿ ਇੱਥੇ ਫਿਲਹਾਲ ਡਾ. ਸੁਮਨ ਲਤਾ, ਫਾਰਮਾਸਿਸਟ ਸ੍ਰੀਮਤੀ ਮੋਨਾ ਸੇਠ, ਸਟਾਫ਼ ਨਰਸ ਨਵਨੀਤ ਕੌਰ ਅਤੇ ਲੈਬ ਟੈਕਨੀਸ਼ੀਅਨ ਜਤਿੰਦਰ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੂਬਾ ਸਰਕਾਰ ਵੱਲੋਂ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਬੀਰ ਸਿੰਘ, ਜਨਰਲ ਸਕੱਤਰ ਰੌਸ਼ਨ ਲਾਲ ਚੋਪੜਾ, ਰਾਜੀਵ ਵਸ਼ਿਸ਼ਟ, ਪਿਆਰੇ ਲਾਲ ਗਰਗ, ਕਰਮ ਸਿੰਘ ਮਾਵੀ, ਪਰਵਿੰਦਰ ਸਿੰਘ, ਇੰਦਰਪਾਲ ਸਿੰਘ ਧਨੋਆ, ਨਵਕਿਰਤ ਕੌਰ ਵੀ ਮੌਜੂਦ ਸਨ।

Load More Related Articles

Check Also

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਰਜੋਤ ਬੈਂਸ ਨੇ ਫੇਜ਼-11 ਸਕੂਲ ਵਿੱਚ …