Nabaz-e-punjab.com

ਆਖ਼ਰਕਾਰ 7 ਸਾਲ ਬਾਅਦ ਮਿਲੀ ਸਾਬਕਾ ਫੌਜੀ ਦੀ ਵਿਧਵਾ ਨੂੰ ਪਰਿਵਾਰਕ ਪੈਨਸ਼ਨ

ਪਤੀ ਦੀ ਦੂਜੀ ਪਤਨੀ ਤੇ ਬੈਂਕ ਵਾਲਿਆਂ ਖ਼ਿਲਾਫ਼ ਲੰਮੀ ਕਾਨੂੰਨੀ ਲੜਾਈ ਮਗਰੋਂ ਮਿਲਿਆ ਪੈਨਸ਼ਨ ਦਾ ਲਾਭ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਆਖ਼ਰਕਾਰ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਕਰਨਲ (ਸੇਵਾਮੁਕਤ) ਐਸਐਸ ਸੋਹੀ ਦੇ ਯਤਨਾਂ ਸਦਕਾ ਸਾਬਕਾ ਫੌਜੀ ਦੀ ਵਿਧਵਾ ਦਲਸ਼ਾਰਾ ਦੇਵੀ ਨੂੰ ਸੱਤ ਸਾਲਾਂ ਬਾਅਦ ਪਰਿਵਾਰਕ ਪੈਨਸ਼ਨ ਹਾਸਲ ਹੋਈ ਹੈ। ਪਿਛਲੇ ਕਈ ਸਾਲਾਂ ਤੋਂ ਵਿਧਵਾ ਦੀ ਪੈਨਸ਼ਨ ਉਸ ਦੇ ਪਤੀ ਦੀ ਦੂਜੀ ਪਤਨੀ ਵੱਲੋਂ ਵਸੂਲੀ ਜਾ ਰਹੀ ਸੀ ਅਤੇ ਬੈਂਕ ਵਾਲੇ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਦਲਸ਼ਾਰਾ ਦੇਵੀ ਦੀ ਪੈਨਸ਼ਨ ਉਸ ਦੀ ਸੌਤਨ ਨੂੰ ਦਿੰਦੇ ਰਹੇ।
ਅੱਜ ਇੱਥੇ ਕਰਨਲ ਐਸਐਸ ਸੋਹੀ ਨੇ ਦੱਸਿਆ ਕਿ ਦਲਸ਼ਾਰਾ ਦੇਵੀ ਦੇ ਪਤੀ ਹੌਲਦਾਰ ਮੋਹਨ ਸਿੰਘ ਨੇ ਭਾਰਤੀ ਫੌਜ ਵਿੱਚ ਲਗਭਗ 21 ਸਾਲ ਨੌਕਰੀ ਕੀਤੀ। ਇਸ ਦੌਰਾਨ ਹੌਲਦਾਰ ਨੇ ਇਕ ਹੋਰ ਅੌਰਤ ਨਾਲ ਦੂਜਾ ਵਿਆਹ ਕਰਵਾ ਲਿਆ। 2012 ਵਿੱਚ ਮੋਹਨ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦਲਸ਼ਾਰਾ ਦੇਵੀ ਜੋ ਕਿ ਕਾਨੂੰਨੀ ਤੌਰ ’ਤੇ ਮੋਹਨ ਸਿੰਘ ਦੀ ਪਤਨੀ ਸੀ, ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਤਿੰਨ ਬੱਚਿਆਂ ਸਮੇਤ ਨੇਪਾਲ ਦੇ ਵਿੱਚ ਜਾ ਕੇ ਰਹਿਣ ਲੱਗ ਗਈ ਸੀ। ਉਸ ਦੇ ਅਨਪੜ੍ਹ ਹੋਣ ਦਾ ਗਲਤ ਫਾਇਦਾ ਚੁੱਕ ਕੇ ਹੌਲਦਾਰ ਦੀ ਦੂਜੀ ਪਤਨੀ ਨੇ ਹੁਸ਼ਿਆਰੀ ਨਾਲ ਖ਼ੁਦ ਨੂੰ ਦਲਸ਼ਾਰਾ ਦੇਵੀ ਸਾਬਤ ਕਰਕੇ ਪਰਿਵਾਰਕ ਪੈਨਸ਼ਨ ਲੈਣੀ ਸ਼ੁਰੂ ਕਰ ਦਿੱਤੀ ਅਤੇ ਲਗਭਗ ਤਿੰਨ ਸਾਲਾਂ ਤੱਕ ਉਹ ਪੈਨਸ਼ਨ ਲੈਂਦੀ ਰਹੀ ਹੈ।
ਉਨ੍ਹਾਂ ਦੱਸਿਆ ਕਿ ਦਲਸ਼ਾਰਾ ਦੇਵੀ ਦਾ ਬੇਟਾ ਪੂਰਨ ਬਹਾਦਰ ਮੁਹਾਲੀ ਵਿੱਚ ਨੌਕਰੀ ਲਈ ਰਹਿਣ ਲਈ ਆਇਆ ਸੀ। ਇਸ ਦੌਰਾਨ ਉਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਇਸ ਮਗਰੋਂ ਉਨ੍ਹਾਂ ਦੀ ਸੰਸਥਾ ਨੇ ਦਲਸ਼ਾਰਾ ਦੇਵੀ ਦਾ ਕੇਸ ਉਸ ਦੇ ਬੈਂਕਰ ਅਤੇ ਆਰਮੀ ਦੇ ਮੁੱਖ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ। ਵਿਧਵਾ ਦੀ ਸ਼ਿਕਾਇਤ ਤੋਂ ਬਾਅਦ ਦਸੰਬਰ 2015 ਵਿੱਚ ਬੈਂਕ ਨੇ ਦੂਜੀ ਪਤਨੀ ਨੂੰ ਪੈਨਸ਼ਨ ਦੀ ਅਦਾਇਗੀ ’ਤੇ ਰੋਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਦਲਸ਼ਾਰਾ ਦੇਵੀ ਨੇ ਪੈਨਸ਼ਨ ਬਾਬਤ ਬੈਂਕ ਨਾਲ ਤਾਲਮੇਲ ਕੀਤਾ ਤਾਂ ਅਧਿਕਾਰੀਆਂ ਨੇ ਉਸ ਦੀ ਗੱਲ ਸੁਣਨ ਦੀ ਬਜਾਏ। ਉਸ ਨੂੰ ਅਦਾਲਤ ਦਾ ਬੂਹਾ ਖੜਕਾਉਣ ਦੀ ਸਲਾਹ ਦੇ ਕੇ ਵਾਪਸ ਮੋੜ ਦਿੱਤਾ।
ਉਧਰ, ਇਸ ਸਬੰਧੀ ਭਾਰਤੀ ਫੌਜ ਵੱਲੋਂ ਇਕ ਕੋਰਟ ਆਫ਼ ਇਨਕੁਆਰੀ ਦਾ ਗਠਨ ਕੀਤਾ ਗਿਆ। ਜਿਸ ਵੱਲੋਂ ਦੋਵੇਂ ਅੌਰਤਾਂ ਨੂੰ ਆਪਣੇ ਗਵਾਹਾਂ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਲਈ ਆਖਿਆ ਗਿਆ। ਦਲਸ਼ਾਰਾ ਦੇਵੀ ਨੇ ਕੋਰਟ ਆਫ਼ ਇਨਕੁਆਰੀ ਅੱਗੇ ਪੇਸ਼ ਹੋ ਕੇ ਆਪਣੇ ਸਬੂਤ ਪੇਸ਼ ਕੀਤੇ ਜਦੋਂਕਿ ਸਾਬਕਾ ਫੌਜੀ ਦੀ ਦੂਜੀ ਪਤਨੀ ਜਾਂਚ ਦੌਰਾਨ ਪੇਸ਼ ਨਹੀਂ ਹੋਈ। ਇਸ ਤਰ੍ਹਾਂ ਕੋਰਟ ਨੇ ਦਲਸ਼ਾਰਾ ਦੇਵੀ ਦੇ ਦਾਅਵੇ ਨੂੰ ਸਹੀ ਮੰਨਦਿਆਂ ਉਸ ਨੂੰ ਪਰਿਵਾਰਕ ਪੈਨਸ਼ਨ ਰਿਲੀਜ਼ ਕਰਨ ਅਤੇ ਦੂਜੀ ਪਤਨੀ ਦੇ ਖ਼ਿਲਾਫ਼ ਕੇਸ ਦਰਜ ਕਰਵਾਉਣ ਅਤੇ ਉਸ ਵੱਲੋਂ ਹੁਣ ਤੱਕ ਹਾਸਲ ਕੀਤੀ ਗਈ ਪੈਨਸ਼ਨ ਦੀ ਰਾਸ਼ੀ ਵਾਪਸ ਲੈਣ ਦੀ ਸਿਫਾਰਸ਼ ਕੀਤੀ ਗਈ ਪ੍ਰੰਤੂ ਇਸ ਦੇ ਬਾਵਜੂਦ ਬੈਂਕ ਵੱਲੋਂ ਦਲਸ਼ਾਰਾ ਦੇਵੀ ਨੂੰ ਉਸ ਦੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ। ਮਜਬੂਰ ਹੋ ਕੇ ਦਲਸ਼ਾਰਾ ਦੇਵੀ ਨੇ ਆਰਮਡ ਫੋਰਸ ਟ੍ਰਿਬਿਊਨਲ ਕੋਲ ਅਪੀਲ ਕੀਤੀ ਗਈ ਅਤੇ ਟ੍ਰਿਬਿਊਨਲ ਨੇ ਬੈਂਕ ਅਧਿਕਾਰੀਆਂ ਦੀਆਂ ਝਾੜ-ਝੰਬ ਕਰਦਿਆਂ ਵਿਧਵਾ ਨੂੰ ਪੈਨਸ਼ਨ ਦੇਣ ਦੇ ਹੁਕਮ ਦਿੱਦੇ। ਇਸ ਤਰ੍ਹਾਂ ਸਟੇਟ ਬੈਂਕ ਆਫ਼ ਇੰਡੀਆ ਦੀ ਪੰਚਕੂਲਾ ਸ਼ਾਖਾ ਵੱਲੋਂ ਦਲਸ਼ਾਰਾ ਦੇਵੀ ਨੂੰ ਉਸ ਦੀ ਪੈਨਸ਼ਨ ਦੀ ਰਾਸੀ 13700 ਰੁਪਏ ਜਾਰੀ ਕੀਤੀ ਗਈ ਪ੍ਰੰਤੂ ਉਸ ਨੂੰ ਪਿਛਲਾ ਬਕਾਇਆ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੈਂਕ ਵਾਲੇ ਹੁਣ ਦੂਜੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹਨ, ਕਿਉਂਕਿ ਜੇਕਰ ਉਕਤ ਅੌਰਤ ਦੇ ਖ਼ਿਲਾਫ਼ ਕਾਰਵਾਈ ਹੁੰਦੀ ਹੈ ਤਾਂ ਬੈਂਕ ਵਾਲੇ ਫਸਦੇ ਹਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…