ਆਖ਼ਰਕਾਰ ਕੱਚੇ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁੱਕੀ ਪੰਜਾਬ ਸਰਕਾਰ, ਮੰਗਾਂ ਪ੍ਰਵਾਨ

85 ਦਿਨਾਂ ਤੋਂ ਸਿੱਖਿਆ ਭਵਨ ਦੀ ਛੱਤ ’ਤੇ ਚੜੇ ਕੱਚੇ ਅਧਿਆਪਕ ਥੱਲੇ ਉਤਰੇ, ਪਰਿਵਾਰਾਂ ਸਣੇ ਕੀਤਾ ਸਨਮਾਨਿਤ

ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਦਿਆਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰ ਲਈਆਂ ਹਨ। ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨਾ ਦਿੱਤਾ ਜਾ ਰਿਹਾ ਹੈ।
ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਵੀਰਪਾਲ ਕੌਰ ਸਿਧਾਣਾ ਤੇ ਜਸਵੰਤ ਸਿੰਘ ਪੰਨੂ ਅਤੇ ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਸੰਗਰੂਰ ਨੇ ਦੱਸਿਆ ਕਿ ਪੰਜਾਬ ਕੈਬਨਿਟ ਦੇ ਫੈਸਲੇ ਦੀ ਲੋਅ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ 8393 ਅਸਾਮੀਆਂ ’ਤੇ ਅਧਿਆਪਕਾਂ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਨੂੰ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਵੱਡੀ ਜਿੱਤ ਦੱਸਿਆ। ਉਨ੍ਹਾਂ ਦੱਸਿਆ ਕਿ ਭਾਵੇਂ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਪਿਛਲੇ 85 ਦਿਨਾਂ ਤੋਂ ਸਿੱਖਿਆ ਭਵਨ ਦੀ ਛੱਤ ’ਤੇ ਚੜੇ ਤਿੰਨ ਕੱਚੇ ਅਧਿਆਪਕਾਂ ਨੂੰ ਅੱਜ ਥੱਲੇ ਉਤਾਰ ਲਿਆ ਗਿਆ ਹੈ ਪ੍ਰੰਤੂ ਬਾਕੀ ਰਹਿੰਦੀ ਅਸਾਮੀਆਂ ਲਈ ਸ਼ਾਂਤਮਈ ਧਰਨਾ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਜਲਦੀ ਹੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਭਲਕੇ ਵੀਰਵਾਰ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਹੋਰ ਜਾਇਜ਼ ਮੰਗਾਂ ਮੰਨਣ ਵਿੱਚ ਦੇਰੀ ਕੀਤੀ ਜਾਂ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਤਾਂ ਉਹ ਇਨਸਾਫ਼ ਪ੍ਰਾਪਤੀ ਆਰ-ਪਾਰ ਦੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟਣਗੇ ਅਤੇ ਜਿਸ ਦਾ ਹੁਕਮਰਾਨਾਂ ਨੂੰ ਚੋਣਾਂ ਵਿੱਚ ਖ਼ਮਿਆਜ਼ਾ ਭੁਗਤਨਾ ਪੈ ਸਕਦਾ ਹੈ।

ਉਧਰ, ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਨਾਲ ਕੱਚੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਧਰਨੇ ਵਿੱਚ ਪਹੁੰਚੇ। ਯੂਨੀਅਨ ਵੱਲੋਂ ਛੱਤ ’ਤੇ ਡਟੇ ਰਹੇ ਸਾਥੀ ਅਧਿਆਪਕਾਂ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਥੱਲੇ ਉਤਾਰਿਆ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਅਤੇ ਲੱਡੂ ਵੰਡੇ। ਛੱਤ ਤੋਂ ਥੱਲੇ ਆਏ ਕੱਚੇ ਅਧਿਆਪਕ ਅੱਜ ਆਪਣੇ ਪਰਿਵਾਰਾਂ ਅਤੇ ਸਾਥੀ ਅਧਿਆਪਕਾਂ ਨੂੰ 85 ਦਿਨਾਂ ਬਾਅਦ ਮਿਲਣ ਸਮੇਂ ਕਾਫ਼ੀ ਭਾਵੁਕ ਹੋ ਗਏ। ਬੇਅੰਤ ਸਿੰਘ ਪਟਿਆਲਾ ਨੇ ਕਿਹਾ ਕਿ 84 ਲੱਖ ਜੀਵਨ ਕੱਟਣ ਤੋਂ ਬਾਅਦ ਜੀਵ ਨੂੰ ਮਨੁੱਖ ਦੀ ਜੂਨੀ ਪ੍ਰਾਪਤ ਹੁੰਦੀ ਹੈ, ਉਸੇ ਤਰ੍ਹਾਂ 84 ਦਿਨ ਛੱਤ ’ਤੇ ਡਟੇ ਰਹਿਣ ਕਾਰਨ ਉਨ੍ਹਾਂ ਦੀ ਵੀ ਜੂਨ ਸੁਧਰ ਗਈ ਹੈ।

Load More Related Articles
Load More By Nabaz-e-Punjab
Load More In Campaign

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…