ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 8 ਕਰੋੜ ਦੇ ਮਤੇ ਪਾਸ

50 ’ਚੋਂ 48 ਵਾਰਡਾਂ ਦੇ ਕੰਮਾਂ ਦੇ ਮਤੇ ਹੋਏ ਪੇਸ਼, ਦੋ ਕੌਂਸਲਰਾਂ ਨੂੰ ਛੱਡ ਕੇ ਬਾਕੀ ਸਾਰੇ ਕੌਂਸਲਰਾਂ ਦੇ ਵਾਰਡਾਂ ਵਿੱਚ ਹੋਣਗੇ ਵਿਕਾਸ ਦੇ ਕੰਮ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲੋਕਾਂ ਨੂੰ ਵਿਕਾਸ ਦੀ ਆਸ ਬੱਝੀ ਹੈ। ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਅੱਜ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਅੱਠ ਕਰੋੜ ਦੇ ਮਤੇ ਪਾਸ ਕੀਤੇ ਗਏ ਹਨ। ਇਸ ਮੀਟਿੰਗ ਵਿੱਚ ਸ਼ਹਿਰ ਦੇ ਕੁੱਲ 50 ਵਾਰਡਾਂ ’ਚੋਂ 48 ਵਾਰਡਾਂ ਦੇ ਕੰਮਾਂ ’ਤੇ ਚਰਚਾ ਕੀਤੀ ਗਈ ਜਦੋਂ ਕਿ ਏਜੰਡੇ ਵਿੱਚ ਵਿਧਾਇਕ ਸਿੱਧੂ ਦੇ ਸਮਰਥਕ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਅਤੇ ਕਾਂਗਰਸ ਦੇ ਕੌਂਸਲਰ ਜਸਵੀਰ ਸਿੰਘ ਦੇ ਵਾਰਡ ਦਾ ਕੋਈ ਨਵਾਂ ਕੰਮ ਸ਼ਾਮਲ ਨਹੀਂ ਸੀ। ਇਸ ਸਬੰਧੀ ਕਮੇਟੀ ਦੇ ਇੱਕ ਮੈਂਬਰ ਨੇ ਕਿਹਾ ਹੈ ਕਿ ਇਨ੍ਹਾਂ ਆਗੂਆਂ ਦੇ ਵਾਰਡਾਂ ਵਿੱਚ ਪਹਿਲਾਂ ਹੀ ਲੋੜ ਅਨੁਸਾਰ ਵਧੇਰੇ ਵਿਕਾਸ ਕੰਮ ਕੀਤੇ ਜਾ ਚੁੱਕੇ ਹਨ। ਉਂਜ ਇਨ੍ਹਾਂ ਦੋਵੇਂ ਆਗੂਆਂ ਦੇ ਵਾਰਡਾਂ ਵਿੱਚ ਮੁਰੰਮਤ ਦੇ ਕੰਮ ਜ਼ਰੂਰ ਸ਼ਾਮਲ ਹਨ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਨਿਗਮ ਦੇ ਕਮਿਸ਼ਨਰ ਸੰਦੀਪ ਹੰਸ, ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਕੌਂਸਲਰ ਫੂਲਰਾਜ ਸਿੰਘ ਤੇ ਅਮਰੀਕ ਸਿੰਘ ਸੋਮਲ, ਐਕਸੀਅਨ ਹਰਪਾਲ ਸਿੰਘ ਭੁੱਲਰ ਸਮੇਤ ਹੋਰ ਅਮਲਾ ਹਾਜ਼ਰ ਸੀ।
ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਖ ਵੱਖ ਵਿਕਾਸ ਕਾਰਜਾਂ ’ਤੇ ਚਰਚਾ ਕਰਦਿਆਂ ਕਰੀਬ ਅੱਠ ਕੋਰੜ ਤੋਂ ਵੱਧ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਿਨ੍ਹਾਂ ਵਿੱਚ ਪੇਵਰ ਬਲਾਕ, ਟਾਇਲਾਂ, ਰੋਡ ਗਲੀਆਂ, ਕੂੜਾ ਕਰਕਟ ਚੁੱਕਣ ਲਈ ਦੋ ਨਵੇਂ ਸਵਰਾਜ ਟਰੈਕਟਰ ਅਤੇ ਟਰਾਲੀਆਂ ਖਰੀਦਣ ਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 48 ਵਾਰਡਾਂ ਦੇ ਕੌਂਸਲਰਾਂ ਨਾਲ ਸਬੰਧਤ 10 ਤੋਂ 14 ਲੱਖ ਰੁਪਏ ਦੇ ਵਿਕਾਸ ਕੰਮਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਛੇ ਕਰੋੜ ਦੀ ਲਾਗਤ ਨਾਲ ਸ਼ਹਿਰ ਵਿੱਚ ਪੇਵਰ ਬਲਾਕ ਤੇ ਫੁੱਟਪਾਥ ਬਣਾਏ ਜਾਣਗੇ ਜਦੋਂ ਕਿ 1.40 ਕਰੋੜ ਦੇ ਵੱਖ ਵੱਖ ਮੁਰੰਮਤ ਕਾਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਪਾਰਕਾਂ ਦੀ ਸਫ਼ਾਈ ਵਿਵਸਥਾ ਅਤੇ ਕੂੜਾ ਕਰਕਟ ਚੁੱਕਣ ਲਈ ਦੋ ਨਵੇਂ ਟਰੈਕਟਰ ਅਤੇ ਟਰਾਲੀਆਂ ਖਰੀਦੀਆਂ ਜਾਣਗੀਆਂ। ਇਸ ਤੋਂ ਇਲਾਵਾ ਕਰੀਬ 1 ਕਰੋੜ ਦੀ ਲਾਗਤ ਨਾਲ ਸ਼ਹਿਰ ਵਿੱਚ ਰੋਡ ਗਲੀਆਂ ਅਤੇ ਲੋੜ ਅਨੁਸਾਰ ਪਾਣੀ ਦੀਆਂ ਪਾਈਪਾਂ ਪਾਈਆਂ ਜਾਣਗੀਆਂ।
ਮੇਅਰ ਨੇ ਦੱਸਿਆ ਕਿ ਪਿਛਲੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਪਹਿਲਾਂ ਪ੍ਰਵਾਨ ਕੀਤੇ ਗਏ ਵੱਖ ਵੱਖ ਵਿਕਾਸ ਮਤਿਆਂ ਦੇ ਜਾਰੀ ਕੀਤੇ ਗਏ ਟੈਂਡਰਾਂ ਵਿੱਚ ਸਭ ਤੋਂ ਘੱਟ ਰਕਮ ਭਰਨ ਵਾਲੀਆਂ ਸੁਸਾਇਟੀਆਂ ਅਤੇ ਕੰਪਨੀਆਂ ਨੂੰ ਟੈਂਡਰ ਅਲਾਟ ਕੀਤੇ ਗਏ ਸਨ। ਸਬੰਧਤ ਕੰਪਨੀਆਂ ਨੇ ਸ਼ਹਿਰ ਵਿੱਚ ਵਿਕਾਸ ਦੇ ਕੰਮ ਸ਼ੁਰੂ ਕਰ ਦਿੱਤੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਪੱਖੋਂ ਮੁਹਾਲੀ ਦੀ ਨੁਹਾਰ ਬਦਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸਾਰੇ ਕੌਂਸਲਰਾਂ ਦੇ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕੀਤੇ ਜਾਣਗੇ।
(ਬਾਕਸ ਆਈਟਮ)
ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੜਕੀਂ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਦੀ ਸਹੂਲਤ ਲਈ ਸਾਈਕਲ ਟਰੈਕ ਬਣਾਏ ਜਾਣਗੇ। ਇਹ ਕੰਮ ਬਹੁਤ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਇੱਕ ਪ੍ਰਾਈਵੇਟ ਕੰਪਨੀ ਨੂੰ ਸਾਈਕਲ ਟਰੈਕ ਦਾ ਡਿਜਾਇਨ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਕੰਪਨੀ ਸਰਵੇ ਕਰਕੇ ਇਹ ਵੀ ਦੱਸੇਗੀ ਕੀ ਕਿੱਥੇ ਕਿੱਥੇ ਸਾਈਕਲ ਟਰੈਕ ਬਣਾਏ ਜਾ ਸਕਦੇ ਹਨ। ਉਂਜ ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ ਸਨਅਤੀ ਏਰੀਆ ਫੇਜ਼-7, ਫੇਜ਼-8 ਅਤੇ ਫੇਜ਼-9 ਵਿੱਚ ਸਾਈਕਲ ਟਰੈਕ ਬਣਾਏ ਜਾਣਗੇ। ਇਸ ਮਗਰੋਂ ਅਗਲੇ ਪੜਾਅ ਵਿੱਚ ਵਾਈਪੀਐਸ ਚੌਕ ਤੋਂ ਲੈ ਕੇ ਸੈਕਟਰ-68 ਤੱਕ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸੜਕਾਂ ਦੇ ਦੋਵੇਂ ਪਾਸੇ ਸਾਈਕਲ ਟਰੈਕ ਬਣਾਏ ਜਾਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਫੇਜ਼-7 ਦੀ ਪਾਰਕ ਅਤੇ ਕਾਰਗਿੱਲ ਪਾਰਕ ਸੈਕਟਰ-71 ਵਿੱਚ ਓਪਨ ਜਿੰਮ ਖੋਲ੍ਹੇ ਜਾਣਗੇ ਤਾਂ ਜੋ ਸ਼ਹਿਰ ਵਾਸੀ ਇਨ੍ਹਾਂ ਪਾਰਕਾਂ ਵਿੱਚ ਸਵੇਰੇ ਸੈਰ ਕਰਨ ਦੇ ਨਾਲ ਨਾਲ ਕਸਰਤ ਵੀ ਕਰ ਸਕਣ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…