
ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 15 ਕਰੋੜ ਦੇ ਵਿਕਾਸ ਕਾਰਜਾਂ ਨੂੰ ਦਿੱਤੀ ਹਰੀ ਝੰਡੀ
ਅੱਠ ਕਰੋੜ ਦੇ ਕੰਮਾਂ ਦੇ ਵਰਕ ਆਰਡਰ ਜਾਰੀ, 7 ਕਰੋੜ ਦੇ ਨਵੇਂ ਐਸਟੀਮੇਟ ਪਾਸ
ਮੁਹਾਲੀ ਵਿੱਚ ਵਿਕਾਸ ਕਾਰਜ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਮੇਅਰ ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਸਤੰਬਰ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ 15 ਕਰੋੜ ਦੀ ਲਾਗਤ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ ਅਤੇ 7 ਕਰੋੜ ਰੁਪਏ ਦੇ ਨਵੇਂ ਵਿਕਾਸ ਕਾਰਜਾਂ ਦੇ ਐਸਟੀਮੇਟ ਪਾਸ ਕੀਤੇ ਗਏ। ਇਸ ਦੇ ਨਾਲ ਹੀ ਪਿਛਲੀਆਂ ਮੀਟਿੰਗਾਂ ਵਿੱਚ ਪਾਸ ਕੀਤੇ 8 ਕਰੋੜ ਦੇ ਵਰਕ ਆਰਡਰ ਜਾਰੀ ਕੀਤੇ ਗਏ। ਮੇਅਰ ਨੇ ਕਿਹਾ ਕਿ ਇਹ ਸਾਰੇ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਵਾਏ ਜਾਣਗੇ। ਮੀਟਿੰਗ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ, ਜਸਬੀਰ ਸਿੰਘ ਮਣਕੂ ਤੇ ਅਨਰਾਧਾ ਆਨੰਦ (ਦੋਵੇਂ ਕੌਂਸਲਰ), ਐਸਈ ਸੰਜੇ ਕੰਵਰ, ਐਕਸੀਅਨ ਨਰਿੰਦਰ ਸਿੰਘ ਦਾਲਮ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਵਿੱਚ 8 ਕਰੋੜ ਦੇ ਵਰਕ ਆਰਡਰਾਂ ਵਿੱਚ ਮੁੱਖ ਤੌਰ ’ਤੇ ਓਪਨ ਏਅਰ ਜਿਮ ਲਗਾਉਣ, ਸੜਕਾਂ ’ਤੇ ਪ੍ਰੀਮਿਕਸ ਪਾਉਣ, ਪੇਵਰ ਬਲਾਕ ਲਗਾਉਣ ਅਤੇ ਨੰਬਰ ਪਲੇਟਾਂ ਲਗਾਉਣ ਦੇ ਕੰਮ ਸ਼ਾਮਲ ਹਨ। ਇੰਜ ਹੀ 7 ਕਰੋੜ ਦੇ ਐਸਟੀਮੇਟਾਂ ਵਿੱਚ 63 ਲੱਖ ਰੁਪਏ ਨਾਲ ਫੇਜ਼-5 ਦੀ ਕਲਿਆਣ ਮਾਰਕੀਟ ਨਵੇਂ ਸਿਰਿਓਂ ਪੁੱਟ ਕੇ ਬਣਾਈ ਜਾਵੇਗੀ। ਇਸ ਤੋਂ ਇਲਾਵਾ 45 ਲੱਖ ਰੁਪਏ ਦੀ ਲਾਗਤ ਦੇ ਨਾਲ ਫੇਜ਼-10 ਵਿੱਚ ਕੁਆਰਟਰਾਂ ਵਿੱਚ ਸੀਵਰੇਜ ਅਤੇ ਪਾਣੀ ਦੀ ਸਪਲਾਈ ਲਈ ਵੱਖੋ-ਵੱਖਰੀ ਪਾਈਪ ਪਾਈ ਜਾਵੇਗੀ।
ਮੁਹਾਲੀ ਵਿੱਚ ਹੁਣ ਸਫ਼ਾਈ ਸੇਵਕਾਂ ਦੀ ਭਰਤੀ ਪਨਕੌਮ ਵੱਲੋਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਸ਼ਹਿਰ ਵਿੱਚ ਮੈਨੁਅਲ ਸਫ਼ਾਈ ਲਈ 1 ਹਜ਼ਾਰ ਕਰਮਚਾਰੀ ਭਰਤੀ ਕੀਤੇ ਜਾਣੇ ਹਨ। ਇਸ ਦੀ ਪੂਰੀ ਪ੍ਰਕਿਰਿਆ ਹੁਣ ਪਨਕੌਮ ਕੰਪਨੀ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫੇਜ਼-6 ਵਿੱਚ ਉਸਾਰੀ ਅਧੀਨ ਮੈਡੀਕਲ ਕਾਲਜ ਤੇ ਹਸਪਤਾਲ ਸੜਕ ਦੀ ਡਿਵਾਈਡਰ ਦੇ ਸੁੰਦਰੀਕਰਨ ਅਤੇ ਸਨਅਤੀ ਖੇਤਰ ਵਿੱਚ ਨਵਾਂ ਟਿਊਬਵੈੱਲ ਲਗਾਉਣ ਦਾ ਮਤਾ ਪਾਸ ਕੀਤਾ ਗਿਆ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਹਰੇਕ ਕੰਮ ਦੀ ਉਹ ਖ਼ੁਦ ਨਜ਼ਰਸਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸੇ ਵੀ ਵਾਰਡ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਪੂਰੀ ਪਾਰਦਰਸ਼ਤਾ ਨਾਲ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿੱਤ ਤੇ ਠੇਕਾ ਕਮੇਟੀ ਵਿੱਚ ਪਾਸ ਕੀਤੇ ਗਏ ਐਸਟੀਮੇਟਾਂ ਦੇ ਕੰਮ ਛੇਤੀ ਸ਼ੁਰੂ ਕਰਵਾਏ ਜਾਣਗੇ।