ਖੇਤੀ ਕਾਨੂੰਨ: ਪਿੰਡ ਕੰਡਾਲਾ ਦੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਾ ਚੈੱਕ ਦਿੱਤਾ

ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋ ਗਿਆ ਸੀ ਪਿੰਡ ਕੰਡਾਲਾ ਦਾ ਕਿਸਾਨ ਗੁਰਮੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਥਿਤ ਸਿੰਘੂ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਮੁਹਾਲੀ ਨੇੜਲੇ ਪਿੰਡ ਕੰਡਾਲਾ ਦੇ ਕਿਸਾਨ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਵਿੱਤੀ ਸਹਾਇਤਾ ਦਾ ਚੈੱਕ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਅਤੇ ਐਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਪੀੜਤ ਪਰਿਵਾਰ ਨੂੰ ਸੌਂਪਿਆ। ਇਸ ਮੌਕੇ ਲੇਬਰਫੈੱਡ ਪੰਜਾਬ ਦੇ ਸਾਬਕਾ ਐਮਡੀ ਪਰਵਿੰਦਰ ਸਿੰਘ ਬੈਦਵਾਨ ਵੀ ਹਾਜ਼ਰ ਸਨ।
ਇਸ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰਮੀਤ ਸਿੰਘ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇ, ਸਗੋਂ ਅੰਨਦਾਤਾ ਦੀ ਕੁਰਬਾਨੀ ਨੂੰ ਸਦੀਵੀ ਯਾਦ ਰੱਖਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਲਾਂਡਰਾਂ ਨੇ ਦੱਸਿਆ ਕਿ ਕੰਡਾਲਾ ਦਾ ਕਿਸਾਨ ਗੁਰਮੀਤ ਸਿੰਘ ਦਿੱਲੀ ਦੇ ਸਿੰਘੂ ਬਾਰਡਰ ’ਤੇ ਚਲ ਰਹੇ ਧਰਨੇ ਵਿੱਚ ਸ਼ਾਮਲ ਹੋਣ ਗਿਆ ਸੀ। ਜਿਸ ਦੀ 15 ਦਸੰਬਰ 2020 ਨੂੰ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਲੜੀ ਤਹਿਤ ਅੱਜ ਪੀੜਤ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸ਼ਹੀਦ ਗੁਰਮੀਤ ਸਿੰਘ ਦੇ ਪੁੱਤਰ ਸੁਖਵੀਰ ਸਿੰਘ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸਾਨੀ ਸੰਘਰਸ਼ ਨੂੰ ਸਫਲ ਬਣਾਉਣ ਲਈ ਲੰਗਰ ਸੇਵਾ ਸਮੇਤ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੀ ਰਹੇਗੀ।
ਇਸ ਮੌਕੇ ਪਰਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅੰਬਾਨੀ-ਅਡਾਨੀ ਦਾ ਖਹਿੜਾ ਛੱਡ ਕੇ ਦੇਸ਼ ਦੇ ਅੰਨਦਾਤਾ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਲੋੜ ਨੂੰ ਪੂਰਾ ਕਰਨ ਵਾਲੇ ਕਿਸਾਨਾਂ ਦਾ ਧਰਨਾ ਖ਼ਤਮ ਕਰਵਾਉਣ ਲਈ ਤਿੰਨੇ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਇਸ ਮੌਕੇ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਕਿਸਾਨ ਆਗੂ ਗਿਆਨ ਸਿੰਘ ਧਰਮਗੜ੍ਹ, ਬਲਜੀਤ ਸਿੰਘ ਦੈੜੀ, ਗੁਰਜੀਤ ਸਿੰਘ ਕੰਡਾਲਾ, ਗੀਤਇੰਦਰ ਸਿੰਘ ਲਾਂਡਰਾਂ, ਅਮਨ ਪੂਨੀਆ, ਲਖਵਿੰਦਰ ਸਿੰਘ ਲੱਖੀ ਬਲਾਕ ਪ੍ਰਧਾਨ ਮੁਹਾਲੀ ਵੀ ਹਾਜ਼ਰ ਸਨ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…