ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ
ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਿੱਜੀ ਦਖ਼ਲ ਤੋਂ ਬਾਅਦ ਗੂੜੀ ਨੀਂਦ ਤੋਂ ਜਾਗੀ ਪੁਲੀਸ
ਜਥੇਦਾਰ ਬਲਦੇਵ ਸਿਰਸਾ ਦੀ ਅਗਵਾਈ ਹੇਠ ਸਕੂਲ ਬੋਰਡ ਦੇ ਬਾਹਰ ਲੜੀਵਾਰ ਧਰਨਾ 97ਵੇਂ ਦਿਨ ’ਚ ਦਾਖ਼ਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣਾ ਫੇਜ਼-4, ਮੁਹਾਲੀ ਵਿਖੇ ਬਾਰ੍ਹਵੀਂ ਜਮਾਤ ਲਈ ਸਿੱਖਿਆ ਬੋਰਡ ਦੀਆਂ ਪਾਬੰਦੀਸ਼ੁਦਾ ਇਤਿਹਾਸ ਦੀਆਂ ਵਿਵਾਦਿਤ ਕਿਤਾਬਾਂ ਲਿਖਣ ਵਾਲੇ ਤਿੰਨ ਲੇਖਕਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਕਾਰਵਾਈ ਇਤਿਹਾਸ ਬਚਾਓ-ਸਿੱਖੀ ਬਚਾਓ ਮੋਰਚਾ ਤਹਿਤ ਸਿੱਖਿਆ ਬੋਰਡ ਦੇ ਬਾਹਰ ਪਿਛਲੇ 97ਵੇਂ ਦਿਨਾਂ ਤੋਂ ਲੜੀਵਾਰ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ ਪ੍ਰੰਤੂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਿੱਜੀ ਦਖ਼ਲ ਤੋਂ ਬਾਅਦ ਹੀ ਪੁਲੀਸ ਗੂੜੀ ਨੀਂਦ ਤੋਂ ਜਾਗੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ।
ਲੇਖਕਾਂ ’ਤੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਇਤਿਹਾਸ ਦੀਆਂ ਕਿਤਾਬਾਂ ਲਿਖਣ ਦਾ ਦੋਸ਼ ਹੈ। ਹਾਲਾਂਕਿ ਜਥੇਦਾਰ ਸਿਰਸਾ ਨੇ ਬੋਰਡ ਦੇ ਤਤਕਾਲੀ ਚੇਅਰਮੈਨ, ਵਾਈਸ ਚੇਅਰਮੈਨ ਸਮੇਤ ਕਿਤਾਬਾਂ ਲਿਖਣ ਦੀ ਪ੍ਰਵਾਨਗੀ ਦੇਣ ਬਾਰੇ ਅਧਿਕਾਰੀਆਂ ਅਤੇ ਪ੍ਰਿੰਟਿੰਗ ਪ੍ਰੈੱਸਾਂ ਦੇ ਖ਼ਿਲਾਫ਼ ਵੀ ਸ਼ਿਕਾਇਤ ਦਿੱਤੀ ਗਈ ਸੀ ਪ੍ਰੰਤੂ ਪੁਲੀਸ ਨੇ ਲੰਮੀ ਜਾਂਚ ਤੋਂ ਬਾਅਦ ਸਿਰਫ਼ ਤਿੰਨ ਲੇਖਕਾਂ ਮਨਜੀਤ ਸਿੰਘ ਸੋਢੀ, ਸ੍ਰੀਮਤੀ ਮਹਿੰਦਰਪਾਲ ਕੌਰ ਅਤੇ ਐਮਐਸ ਮਾਨ ਵਿਰੁੱਧ ਨਾਨਕ ਲੇਵਾ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਥਿਤ ਦੋਸ਼ ਹੇਠ ਧਾਰਾ 295-ਏ, 153-ਏ, 504 ਅਤੇ 120-ਬੀ ਦੇ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ। ਜਦੋਂਕਿ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਜਥੇਦਾਰ ਸਿਰਸਾ ਦੀ ਸ਼ਿਕਾਇਤ ਮੁਤਾਬਕ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਿਸਟਰੀ ਆਫ਼ ਪੰਜਾਬ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਬਾਰੇ ਤੱਥ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਬੋਰਡ ਮੁਖੀ ਨੇ ਡੀਜੀਐਸਈ ਦੇ ਓਐਸਡੀ ਆਈਪੀਐਸ ਮਲਹੋਤਰਾ ਨੂੰ ਜਾਂਚ ਸੌਂਪੀ ਗਈ ਸੀ। ਜਿਨ੍ਹਾਂ ਨੇ ਸਰਕਾਰ ਨੂੰ ਸੌਂਪੀ ਮੁੱਢਲੀ ਜਾਂਚ ਵਿੱਚ ਮਾਡਰਨ ਪਬਲਿਸ਼ਰ ਦੇ ਮਾਡਰਨ ਏਬੀਸੀ ਆਫ਼ ਹਿਸਟਰੀ ਆਫ਼ ਪੰਜਾਬ ਦੇ ਲੇਖਕ ਮਨਜੀਤ ਸਿੰਘ ਸੋਢੀ, ਮਾਡਰਨ ਬੁੱਕ ਡਿਪੂ (ਐਮਬੀਡੀ) ਦੇ ਮਹਿੰਦਰ ਪਾਲ ਕੌਰ, ਰਾਜ ਪਬਲਿਸ਼ਰਜ਼ (ਹਿਸਟਰੀ ਆਫ਼ ਪੰਜਾਬ ਦੇ ਲੇਖਕ) ਐਮਐਸ ਮਾਨ ਵਿਰੁੱਧ ਕਾਰਵਾਈ ਦੀ ਤਜਵੀਜ਼ ਕੀਤੀ ਗਈ ਸੀ।
ਲੇਖਕਾਂ/ਪਬਲਿਸਰਾਂ ਵੱਲੋਂ ਪੁਸਤਕਾਂ ਵਿੱਚ ਸਿੱਖ ਇਤਿਹਾਸ ਬਾਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਨਾਲ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਅਤੇ ਵਿਦਿਆਰਥੀਆਂ ਦੇ ਦਿਮਾਗ ਵਿੱਚ ਸਿੱਖ ਇਤਿਹਾਸ ਬਾਰੇ ਤੱਥਾਂ ਨੂੰ ਲੈ ਕੇ ਭੰਬਲਭੂਸਾ ਪੈਦਾ ਹੋਣ ਦੇ ਨਾਲ-ਨਾਲ ਉਕਤ ਗਲਤ ਤੱਥਾਂ ਦਾ ਲੰਮੇ ਸਮੇਂ ਤੱਕ ਅਮਰ ਰਹੇਗਾ। ਲਿਹਾਜ਼ਾ ਉਕਤ ਲੇਖਕਾਂ/ਪਬਲਿਸ਼ਰਾਂ ਵਿਰੁੱਧ ਐਫ਼ਆਈਆਰ ਦਰਜ ਕਰਵਾਈ ਜਾਵੇ। ਸਿੱਖਿਆ ਮੰਤਰੀ ਮੀਤ ਹੇਅਰ ਦੀ ਪ੍ਰਵਾਨਗੀ ਉਪਰੰਤ ਪ੍ਰਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਡੀਜੀਪੀ ਨੂੰ ਯੋਗ ਕਾਰਵਾਈ ਲਈ ਪੱਤਰ ਲਿਖਿਆ ਗਿਆ ਸੀ।
ਇਸ ਮੌਕੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਲੇਖਕਾਂ ਵਿਰੁੱਧ ਕੇਸ ਦਰਜ ਕਰਨ ਦੀ ਕਾਰਵਾਈ ਨੂੰ ਸੰਘਰਸ਼ ਦੀ ਜਿੱਤ ਦੱਸਦਿਆਂ ਕਿਹਾ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਹੱਕ ਤੇ ਸੱਚ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਲੇਖਕਾਂ ਵਿਰੁੱਧ ਪਰਚਾ ਦਰਜ ਕਰਨ ਨਾਲ ਗੱਲ ਨਹੀਂ ਬਣਦੀ ਕਿਤਾਬਾਂ ਛਾਪਣ ਅਤੇ ਇਸ ਦੀ ਪ੍ਰਵਾਨਗੀ ਦੇਣ ਵਾਲੇ ਬੋਰਡ ਦੇ ਤਤਕਾਲੀ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਲੜੀਵਾਰ ਸ਼ਾਤਮਈ ਧਰਨਾ ਜਾਰੀ ਰਹੇਗਾ। ਜਦੋਂ ਜਥੇਦਾਰ ਸਿਰਸਾ ਨੂੰ 16 ਮਈ ਨੂੰ ਸਿੱਖਿਆ ਬੋਰਡ ਦੇ ਸਾਰੇ ਗੇਟਾਂ ਦੀ ਤਾਲਾਬੰਦੀ ਕਰਨ ਦੇ ਐਲਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਹੰਗਾਮੀ ਮੀਟਿੰਗ ਸੱਦ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਫਿਲਹਾਲ ਉਹ ਆਪਦੇ ਪਹਿਲੇ ਫ਼ੈਸਲੇ ’ਤੇ ਅਟੱਲ ਹਨ। ਸਿਰਸਾ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਡੀਐਸਪੀ ਜਤਿੰਦਰਪਾਲ ਸਿੰਘ ਉਨ੍ਹਾਂ ਦੇ ਕੋਲ ਧਰਨੇ ’ਤੇ ਆਏ ਅਤੇ ਲੇਖਕਾਂ ਵਿਰੁੱਧ ਦਰਜ ਐਫ਼ਆਈਆਰ ਦੀ ਕਾਪੀ ਮੁਹੱਈਆ ਕਰਵਾਈ ਗਈ।