nabaz-e-punjab.com

ਮੁੱਖ ਮੰਤਰੀ ਤੇ ਨੌਜਵਾਨ ਲੜਕੀ ਦੇ ਅਕਸ ਨੂੰ ਖ਼ਰਾਬ ਕਰਨ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਐਫ਼ਆਈਆਰ ਦਰਜ

ਕੈਪਟਨ ਸੰਦੀਪ ਸੰਧੂ ਦੀ ਸ਼ਿਕਾਇਤ ’ਤੇ ਸਟੇਟ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵਿੱਚ ਅਪਰਾਧਿਕ ਕੇਸ ਦਰਜ

ਅਸ਼ਲੀਲ ਵਟਸਐਪ ਤੇ ਹੋਰ ਸੋਸ਼ਲ ਮੀਡੀਆ ਸੰਦੇਸ਼ਾਂ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਉਣ ’ਚ ਜੁੱਟੀ ਪੁਲੀਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਪੰਜਾਬ ਪੁਲੀਸ ਵੱਲੋਂ ਅੱਜ ਮੁੱਖ ਮੰਤਰੀ ਅਤੇ ਇਕ ਨੌਜਵਾਨ ਮੁਟਿਆਰ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਵਿੱਚ ਕੁਝ ਅਣਪਛਾਤੇ ਅਨਸਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮੁਲਜ਼ਮਾਂ ਵੱਲੋਂ ਬਿਨਾਂ ਇਜਾਜ਼ਤ ਇੱਕ ਲੜਕੀ ਦੀ ਫੋਟੋ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਚੁੱਕ ਕੇ ਅਤੇ ਉਸ ਦੀ ਵਰਤੋਂ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ’ਤੇ ਝੂਠੇ ਅਤੇ ਅਸ਼ਲੀਲ ਸੰਦੇਸ਼ ਫੈਲਾਉਣ ਅਤੇ ਕਥਿਤ ਤੌਰ ’ਤੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਇਹ ਕਾਰਵਾਈ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਸ੍ਰੀ ਸੰਧੂ ਨੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਕੀਤੀ ਲਿਖਤੀ ਸ਼ਿਕਾਇਤ ਦਿੱਤੀ ਸੀ। ਜਿਸ ’ਤੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਦੀ ਧਾਰਾ 509, ਇੰਡੀਸੈਂਟ ਰਿਪ੍ਰੈਜ਼ੇਸ਼ਨਟੇਸ਼ਨ ਆਫ ਵੂਮੈਨ (ਪ੍ਰਹਿਬਿਸ਼ਨ) ਐਕਟ 1986 ਦੀ ਧਾਰਾ 4 ਤੇ 6 ਅਤੇ ਸੂਚਨਾ ਟੈਕਨਾਲੋਜੀ ਐਕਟ 2000 ਦੀ ਧਾਰਾ 66 ਅਤੇ 67 ਅਧੀਨ ਸਟੇਟ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਨਿਊਜ਼ ਵੈਬਸਾਈਟਾਂ ਅਤੇ ਟੀਵੀ ਚੈਨਲਾਂ ਸਮੇਤ ਸੋਸ਼ਲ ਮੀਡੀਆ ’ਤੇ ਅਜਿਹੇ ਗਲ਼ਤ ਅਤੇ ਅਸ਼ਲੀਲ ਸੰਦੇਸ਼ ਫੈਲਾਉਣਾ ਕਾਨੂੰਨੀ ਅਪਰਾਧ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ਝੂਠ ਫੈਲਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਕੈਪਟਨ ਸੰਧੂ ਨੇ ਆਪਣੀ ਸ਼ਿਕਾਇਤ ਵਿੱਚ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਅਪਰਾਧਿਕ ਅਤੇ ਰਾਜਨੀਤਿਕ ਸਾਜ਼ਿਸ਼ ਦੀ ਮੁਕੰਮਲ ਜਾਂਚ ਕਰਨ ਦੀ ਮੰਗ ਕੀਤੀ ਜਿਸ ਵਿਚ ਇਕ ਲੜਕੀ ਦੀ ਫੋਟੋ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਚੁੱਕ ਕੇ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਪਮਾਨਜਨਕ ਸੰਦੇਸ਼ ਭੇਜੇ ਗਏ। ਉਨ੍ਹਾਂ ਦੱਸਿਆ ਕਿ ਜਿਸ ਢੰਗ-ਤਰੀਕੇ ਨਾਲ ਤਸਵੀਰ ਦੀ ਵਰਤੋਂ ਕੀਤੀ ਗਈ ਹੈ ਉਹ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਵਿਰੁੱਧ ਹੈ।
ਇਨ੍ਹਾਂ ਝੂਠੇ ਸੰਦੇਸ਼ਾਂ ਦੇ ਸਰੋਤਾਂ ਅਤੇ ਮੁੱਢ ਦਾ ਪਤਾ ਲਗਾਉਣ ਅਤੇ ਇਸ ਮਾਮਲੇ ਵਿਚ ਜਲਦੀ ਤੋਂ ਜਲਦੀ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਸੰਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਅਜਿਹੇ ਅਪਮਾਨਜਨਕ ਸੰਦੇਸ਼ ਫੈਲਾਉਣ ਵਿੱਚ ਮੁੱਖ ਮੰਤਰੀ ਦੇ ਕੁਝ ਰਾਜਨੀਤਿਕ ਵਿਰੋਧੀਆਂ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ ਅਤੇ ਇਸ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ। ਕੈਪਟਨ ਸੰਧੂ ਨੇ ਮੁੱਖ ਮੰਤਰੀ ਅਤੇ ਮਲੇਰਕੋਟਲਾ ਦੀ ਇਕ ਅੌਰਤ ਜੋ ਮੁੱਖ ਮੰਤਰੀ ਦੇ ਕਿਸੇ ਰਿਸ਼ਤੇਦਾਰ ਦੀ ਜਾਣਕਾਰ ਜਾਣੀ ਜਾਂਦੀ ਹੈ, ਦੇ ਖ਼ਿਲਾਫ਼ ਬਦਨਾਮੀ ਵਾਲੇ ਅਤੇ ਅਪਮਾਨਜਨਕ ਸੰਦੇਸ਼ਾਂ ਨੂੰ ‘ਅਪਮਾਨਜਨਕ, ਅਸ਼ਲੀਲ ਅਤੇ ਘਿਰਣਾਜਨਕ’ ਕਰਾਰ ਦਿੱਤਾ ਜੋ ਕਿ ਸਪੱਸ਼ਟ ਤੌਰ ’ਤੇ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਫੈਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੇ ਇਕਲੌਤੇ ਉਦੇਸ਼ ਨਾਲ ਫੇਸਬੁੱਕ ਆਦਿ ਪਲੇਟਫਾਰਮਾਂ ’ਤੇ ਵਾਇਰਲ ਕੀਤਾ ਜਾ ਰਿਹਾ ਹੈ।
ਕੈਪਟਨ ਸੰਧੂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਝੂਠ ਫੈਲਾਉਣ ਦੀ ਕੋਸ਼ਿਸ਼ ਵਿਚ, ਉਕਤ ਅੌਰਤ ਦੀ ਤਸਵੀਰ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਦੇ ਸੋਸ਼ਲ ਮੀਡੀਆ ਖ਼ਾਤਿਆਂ ਤੋਂ ਲਈ ਗਈ ਹੈ, ਜਿਸ ਦਾ ਇਕੋ ਉਦੇਸ਼ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨਾ ਹੈ। ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਨੇ ਜਾਣਬੁੱਝ ਕੇ ਨੌਜਵਾਨ ਲੜਕੀ ਦੇ ਅਕਸ ਨੂੰ ਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਹਾਲੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੀ ਹੈ। ਉਨ੍ਹਾਂ ਬਦਨਾਮੀ ਦੀ ਇਸ ਮੁਹਿੰਮ ਪਿੱਛੇ ਦੀ ਰਾਜਨੀਤਿਕ ਸਾਜ਼ਿਸ਼ ਦੀ ਜਾਂਚ ਦੀ ਮੰਗ ਕੀਤੀ।
ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਅੌਰਤ ਦੀ ਫੋਟੋ ਦੀ ਵਰਤੋਂ ਕਰਨਾ ‘‘ਨਿੱਜਤਾ ਉੱਤੇ ਹਮਲਾ ਕਰਨ ਦੇ ਬਰਾਬਰ ਹੈ’’, ਕੈਪਟਨ ਸੰਧੂ ਨੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਝੂਠ ਦੇ ਸਰੋਤ ਅਤੇ ਇਨ੍ਹਾਂ ਝੂਠ ’ਤੇ ਅਸ਼ਲੀਲ ਸੰਦੇਸ਼ਾਂ ਪਿੱਛੇ ਦੇ ਕਾਰਨ ਦਾ ਪਤਾ ਲਗਾਉਣ ਲਈ ਲਈ ਸਾਈਬਰ ਸੈੱਲ ਤੋਂ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਤਹਿਤ ਢੁੱਕਵੀਂ ਕਾਰਵਾਈ ਯਕੀਨੀ ਬਣਾਉਣ।
ਸੰਧੂ ਨੇ ਕਿਹਾ ਕਿ ਸੂਬੇ ਵਿਚ ਹਾਲ ਹੀ ‘ਚ ਹੋਈਆਂ ਸਥਾਨਕ ਚੋਣਾਂ ਵਿਚ ਆਪਣੀ ਸ਼ਾਖ਼ ਬਣਾਉਣ ਵਿਚ ਅਸਫਲ ਰਹਿਣ ਕਾਰਨ ਮੁੱਖ ਮੰਤਰੀ ਦੇ ਸਿਆਸੀ ਵਿਰੋਧੀ ਉਨ੍ਹਾਂ ਨੂੰ ਬਦਨਾਮ ਕਰਨ ਲਈ ਹੁਣ ਅਜਿਹੀਆਂ ਘਟੀਆ ਕਾਰਵਾਈਆਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਨਸੂਬੇ ਬਿਲਕੁਲ ਸਫਲ ਨਹੀਂ ਹੋਣਗੇ ਅਤੇ ਪੰਜਾਬ ਦੇ ਲੋਕ ਇੱਕ ਵਾਰ ਫਿਰ ਵਿਕਾਸ ਅਤੇ ਇਮਾਨਦਾਰੀ ਲਈ ਵੋਟ ਪਾਉਣਗੇ ਅਤੇ ਅਜਿਹੇ ਝੂਠੇ ਪ੍ਰਚਾਰ ਵਿੱਚ ਆ ਕੇ ਗੁੰਮਰਾਹ ਨਹੀਂ ਹੋਣਗੇ।

Load More Related Articles
Load More By Nabaz-e-Punjab
Load More In Awareness/Campaigns

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …