104 ਮੀਟਰ ਉਚਾਈ ਤੱਕ ਅੱਗ ਬੁਝਾਉਣ ਦੇ ਪ੍ਰਬੰਧ ਲਈ ਗਮਾਡਾ ਤੋਂ ਮੰਗੀ ਫਾਇਰ ਬ੍ਰਿਗੇਡ ਦੀ ਗੱਡੀ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਗਮਾਡਾ ਦੇ ਸੀਏ ਨੂੰ ਲਿਖਿਆ ਪੱਤਰ

94 ਮੀਟਰ ਦੀ ਉਚਾਈ ਤੱਕ ਆ ਚੁੱਕੀ ਹੈ ਫਾਇਰ ਕਾਲ, 54 ਮੀਟਰ ਤੱਕ ਅੱਗ ਬੁਝਾਉਣ ਦਾ ਹੀ ਪ੍ਰਬੰਧ ਹੈ ਮੁਹਾਲੀ ਨਗਰ ਨਿਗਮ ਕੋਲ

ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਹਟਾਉਣ, ਪਸ਼ੂਆਂ ਦਾ ਮਸਲਾ ਹੱਲ ਕਰਨ ਲਈ ਮੁਹਾਲੀ ਪੁਲੀਸ ਤੋਂ ਡੈਪੂਟੇਸ਼ਨ ’ਤੇ ਮੰਗੇ ਕਰਮਚਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਮੁਹਾਲੀ ਨਗਰ ਨਿਗਮ ਨੇ ਸ਼ਹਿਰ ਵਿੱਚ ਅੱਗ ਬੁਝਾਉਣ ਅਤੇ ਹੋਰ ਰਾਹਤ ਕਾਰਜਾਂ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਗਮਾਡਾ ਦੇ ਸੀਏ ਨੂੰ ਪੱਤਰ ਲਿਖ ਕੇ 104 ਮੀਟਰ ਉੱਚੀ ਇਕ ਹਾਈ ਰਾਈਜ਼ ਫਾਇਰ ਬ੍ਰਿਗੇਡ ਦੀ ਗੱਡੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕੋਲ ਪਹਿਲਾਂ 54 ਮੀਟਰ ਦੀ ਉਚਾਈ ਤੱਕ ਅੱਗ ਬੁਝਾਉਣ ਲਈ ਇਕ ਫਾਇਰ ਬ੍ਰਿਗੇਡ ਦੀ ਗੱਡੀ ਹੈ ਜਦੋਂਕਿ ਮੌਜੂਦਾ ਸਮੇਂ ਵਿੱਚ ਉੱਚੀਆਂ ਇਮਾਰਤਾਂ ਦਾ ਬਣਨਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 94 ਮੀਟਰ ਉੱਚੀ ਬਿਲਡਿੰਗ ਤੋਂ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਫੋਨ ਕਾਲ ਵੀ ਆ ਚੁੱਕੀ ਹੈ। ਜਿਸ ਨੂੰ ਦੇਖਦੇ ਹੋਏ ਗਮਾਡਾ ਨੂੰ 104 ਮੀਟਰ ਉੱਚੀ ਫਾਇਰ ਬ੍ਰਿਗੇਡ ਦੀ ਗੱਡੀ ਦੇਣ ਲਈ ਪੱਤਰ ਲਿਖਿਆ ਗਿਆ ਹੈ। ਨਾਲ ਹੀ ਗੱਡੀ ਚਲਾਉਣ ਲਈ ਵਿਸ਼ੇਸ਼ ਸਿਖਲਾਈ ਦੇਣ ਦੀ ਵਿਵਸਥਾ ਕੀਤੀ ਜਾਵੇ।
ਮੇਅਰ ਜੀਤੀ ਸਿੱਧੂ ਨੇ ਸੈਕਟਰ-78 ਵਿੱਚ ਨਵਾਂ ਫਾਇਰ ਬ੍ਰਿਗੇਡ ਬਣਾਉਣ ਦਾ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਨਵਾਂ ਫਾਇਰ ਬ੍ਰਿਗੇਡ ਨਵੇਂ ਸੈਕਟਰਾਂ ਅਤੇ ਸਨਅਤੀ ਏਰੀਆ ਫੇਜ਼-9 ਨੂੰ ਕਵਰ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਵੇਂ ਫਾਇਰ ਬ੍ਰਿਗੇਡ ਦੀ ਉਸਾਰੀ ਉਪਰੰਤ ਇੱਥੇ ਕਾਫ਼ੀ ਹੱਦ ਤੱਕ ਸਾਜ਼ੋ-ਸਾਮਾਨ ਪੁਰਾਣੀ ਫਾਇਰ ਬ੍ਰਿਗੇਡ ਵਿੱਚ ਉਪਲਬਧ ਹੈ। ਜੇਕਰ ਹੋਰ ਸਾਜ਼ੋ-ਸਾਮਾਨ ਦੀ ਲੋੜ ਪਈ ਤਾਂ ਉਹ ਨਗਰ ਨਿਗਮ ਵੱਲੋਂ ਖ਼ਰੀਦਿਆਂ ਜਾਵੇਗਾ।
ਮੁਹਾਲੀ ਵਿੱਚ ਲਾਵਾਰਿਸ ਪਸ਼ੂਆਂ ਅਤੇ ਸੜਕਾਂ ਉੱਤੇ ਲੱਗਦੀਆਂ ਨਾਜਾਇਜ਼ ਰੇਹੜੀਆਂ ਦੀ ਸਮੱਸਿਆ ਸਬੰਧੀ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਐਸਐਸਪੀ ਨੂੰ ਪੱਤਰ ਲਿਖ ਕੇ ਡੈਪੂਟੇਸ਼ਨ ਪੁਲੀਸ ਕਰਮਚਾਰੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ ਗਏ ਹਨ ਪ੍ਰੰਤੂ ਪਾਲਤੂ ਪਸ਼ੂਆਂ ਕਾਰਨ ਵੀ ਸਮੱਸਿਆ ਹੋ ਰਹੀ ਹੈ ਅਤੇ ਸ਼ਹਿਰ ਵਿੱਚ ਗੰਦਗੀ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਇੰਜ ਹੀ ਰੇਹੜੀ-ਫੜ੍ਹੀ ਵਾਲੇ ਵੀ ਪੰਜਾਬ ਵਿੱਚ ਆਪਣੀ ਸਰਕਾਰ ਦੱਸ ਕੇ ਹੋਰ ਕਬਜ਼ੇ ਕਰ ਰਹੇ ਹਨ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਉੱਤੇ ਹਮਲੇ ਕਰਨ ਤੱਕ ਜਾਂਦੇ ਹਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਮਾਜ ਸੇਵੀ ਨਵਜੋਤ ਸਿੰਘ ਬਾਛਲ ਹਾਜ਼ਰ ਸਨ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…