nabaz-e-punjab.com

ਲਖਨੌਰ ਫ਼ਰਨੀਚਰ ਮਾਰਕੀਟ ਵਿੱਚ ਲੱਗੀ ਭਿਆਨਕ ਅੱਗ, 25 ਦੁਕਾਨਾਂ ਤੇ ਲੱਕੜ ਦੇ ਆਰੇ ਸੜ ਕੇ ਸੁਆਹ

ਮਾਰਕੀਟ ਦੇ ਚੌਂਕੀਦਾਰ ਨੇ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਨਾ ਦੇਣ ਦੀ ਬਜਾਏ ਇੱਕ ਦੁਕਾਨਦਾਰ ਨੂੰ ਦਿੱਤੀ ਅੱਗ ਦੀ ਸੂਚਨਾ

ਮੁਹਾਲੀ ਫਾਇਰ ਬ੍ਰਿਗੇਡ ਨੂੰ ਅੱਧੇ ਘੰਟੇ ਬਾਅਦ ਮਿਲੀ ਅੱਗ ਲੱਗਣ ਦੀ ਸੂਚਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਪਿੰਡ ਲਖਨੌਰ ਦੀ ਫਰਨੀਚਰ ਮਾਰਕੀਟ ਵਿੱਚ ਐਤਵਾਰ ਨੂੰ ਸਵੇਰੇ ਤੜਕੇ ਭਿਆਨਕ ਅੱਗ ਲੱਗਣ ਕਾਰਨ ਤਕਰੀਬਨ 25 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਨ੍ਹਾਂ ਵਿੱਚ ਕਰੀਬ 6-7 ਲੱਕੜ ਦੇ ਆਰੇ ਵੀ ਸ਼ਾਮਲ ਹਨ। ਅੱਗ ਨੇ ਏਨੀ ਤੇਜ਼ੀ ਨਾਲ ਪੂਰੀ ਮਾਰਕੀਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਕਿ ਦੁਕਾਨਦਾਰਾਂ ਨੂੰ ਸਾਮਾਨ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ।
ਜਾਣਕਾਰੀ ਅਨੁਸਾਰ ਅੱਗ ਅੱਜ ਸਵੇਰੇ ਲਗਭਗ ਸਾਢੇ 4 ਵਜੇ ਲੱਗੀ। ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਮਾਰਕੀਟ ਦੇ ਚੌਕੀਦਾਰ ਜੁਝਾਰ ਸਿੰਘ ਨੇ ਮਾਰਕੀਟ ਵਿੱਚ ਅੱਗ ਲੱਗਣ ਦਾ ਪਤਾ ਚੱਲਣ ’ਤੇ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਇਤਲਾਹ ਦੇਣ ਦੀ ਬਜਾਏ ਦੁਕਾਨਦਾਰਾਂ ਨੂੰ ਫੋਨ ’ਤੇ ਘਟਨਾ ਬਾਰੇ ਦੱਸਿਆ ਗਿਆ। ਇਸ ਤਰ੍ਹਾਂ ਫਾਇਰ ਬ੍ਰਿਗੇਡ ਨੂੰ ਕਰੀਬ ਅੱਧੇ ਘੰਟੇ ਬਾਅਦ ਸੂਚਨਾ ਮਿਲੀ। ਇਸੇ ਦੌਰਾਨ ਕਿਸੇ ਰਾਹਗੀਰ ਨੇ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਨੂੰ ਅੱਗ ਦੀ ਇਸ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀਆਂ ਮੁਹਾਲੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਅਤੇ ਚੰਡੀਗੜ੍ਹ ਅਤੇ ਡੇਰਾਬੱਸੀ ਤੋਂ ਵੀ 1-1 ਫਾਇਰ ਟੈਂਡਰ ਮੰਗਵਾਇਆ ਗਿਆ। ਸਬ ਫਾਇਰ ਅਫ਼ਸਰ ਦਵਿੰਦਰ ਸਿੰਘ ਡੋਗਰਾ ਦੇ ਦੱਸਣ ਦੇ ਮੁਤਾਬਕ ਉਨ੍ਹਾਂ ਨੂੰ ਕਰੀਬ 5 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਕਾਫੀ ਜੱਦੋ ਜਹਿਦ ਤੋਂ ਸਵੇਰੇ 10 ਵਜੇ ਅੱਗ ’ਤੇ ਕਾਬੂ ਪਾਇਆ ਗਿਆ।
ਭਾਵੇਂ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰ ਕਰੋੜਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ।
ਇਸ ਮੌਕੇ ਪ੍ਰਭਾਵਿਤ ਦੁਕਾਨਦਾਰਾਂ ਪ੍ਰੀਤ ਫ਼ਰਨੀਚਰ ਹਾਊਸ ਦੇ ਮਾਲਕ ਹਰਿੰਦਰ ਸਿੰਘ ਖਾਲਸਾ ਚੁੰਨੀ ਮਾਜਰਾ, ਨਰਿੰਦਰ ਸਿੰਘ ਚੂਹੜਮਾਜਰਾ ਅਤੇ ਹੋਰਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਦੁਕਾਨਦਾਰਾਂ ਨੂੰ ਢੁਕਵਾ ਮੁਆਵਜ਼ਾ ਦੇਣ ਦੇ ਨਾਲ-ਨਾਲ ਪੱਕੀ ਮਾਰਕੀਟ ਬਣਾ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ।
ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਸਰਦਾਰ ਪਲਾਈ ਬੋਰਡ, ਸਿਲੈਕਸ਼ਨ ਫ਼ਰਨੀਚਰ ਹਾਊਸ, ਸੀ. ਟੀ. ਫ਼ਰਨੀਚਰ ਹਾਊਸ, ਜਸਨੂਰ ਫ਼ਰਨੀਚਰ ਹਾਊਸ, ਪ੍ਰੀਤ ਫ਼ਰਨੀਚਰ ਹਾਊਸ, ਗੁਰੂ ਨਾਨਕ ਫ਼ਰਨੀਚਰ ਹਾਊਸ, ਨਰਿੰਦਰ ਫ਼ਰਨੀਚਰ ਹਾਊਸ, ਸਨਾਇਆ ਫ਼ਰਨੀਚਰ ਹਾਊਸ, ਅਨਸਾਰੀ ਫ਼ਰਨੀਚਰ ਹਾਊਸ, ਐੱਸ. ਟੀ. ਫ਼ਰਨੀਚਰ ਹਾਊਸ, ਮਹੇਸ਼ ਫ਼ਰਨੀਚਰ ਹਾਊਸ, ਨਫੀਸ ਫ਼ਰਨੀਚਰ ਹਾਊਸ, ਗੁਰੂ ਕ੍ਰਿਪਾ ਫ਼ਰਨੀਚਰ ਹਾਊਸ, ਦਿਲਸ਼ਾਦ ਫ਼ਰਨੀਚਰ ਹਾਊਸ, ਲਕਸ਼ਮੀ ਫ਼ਰਨੀਚਰ ਹਾਊਸ, ਪ੍ਰਮੋਦ ਫ਼ਰਨੀਚਰ ਹਾਊਸ, ਉਰਮਿਲਾ ਫ਼ਰਨੀਚਰ ਹਾਊਸ, ਜੇ. ਐੱਸ. ਰਾਏ. ਫ਼ਰਨੀਚਰ ਹਾਊਸ, ਰਾਮ ਬਦਨ ਫ਼ਰਨੀਚਰ ਹਾਊਸ, ਅਸਲਮ ਫ਼ਰਨੀਚਰ ਹਾਊਸ ਅਤੇ ਗੌਤਮ ਫ਼ਰਨੀਚਰ ਹਾਊਸ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…