nabaz-e-punjab.com

ਮੁਹਾਲੀ ਨੇੜੇ ਪੁਰਾਣੀ ਕਾਰਾਂ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗੀ

ਫਾਇਰ ਬ੍ਰਿਗੇਡ ਦੀ ਟੀਮ ਨੇ ਤਿੰਨ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਪਾਇਆ ਅੱਗ ’ਤੇ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਇੱਥੋਂ ਦੇ ਬਲੌਂਗੀ ਥਾਣਾ ਅਧੀਨ ਪੈਂਦੇ ਪਿੰਡ ਬਹਿਲੋਲਪੁਰ ਵਿੱਚ ਐਤਵਾਰ ਨੂੰ ਦੋ ਮੰਦਰਾਂ ਦੇ ਨੇੜੇ ਪੁਰਾਣੀ ਕਾਰਾਂ ਦੇ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਪ੍ਰੰਤੂ ਇਸ ਦੌਰਾਨ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ। ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਕਰੀਬ ਇਕ ਵਜੇ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਨੂੰ ਕਿਸੇ ਨੇ ਫੋਨ ’ਤੇ ਅੱਗ ਲੱਗਣ ਦੀ ਇਤਲਾਹ ਦਿੱਤੀ ਸੀ। ਸੂਚਨਾ ਮਿਲਦੇ ਹੀ ਫਾਇਰ ਅਫ਼ਸਰ ਮੋਹਨ ਲਾਲ ਵਰਮਾ ਤੁਰੰਤ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ।
ਉਨ੍ਹਾਂ ਦੱਸਿਆ ਕਿ ਜਦੋਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਉੱਥੇ ਕਾਫੀ ਅੱਗ ਲੱਗੀ ਹੋਈ ਸੀ। ਜਿਸ ਕਾਰਨ ਉਨ੍ਹਾਂ ਨੇ ਮੁਹਾਲੀ ਤੋਂ ਚਾਰ ਫਾਇਰ ਟੈਂਡਰ ਮੰਗਵਾਏ ਗਏ। ਇਸ ਤੋਂ ਇਲਾਵਾ ਇਕ ਫਾਇਰ ਟੈਂਡਰ ਖਰੜ ਤੋਂ ਵੀ ਮੰਗਵਾਇਆ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਫਾਇਰ ਅਫ਼ਸਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੋਦਾਮ ਨੇੜੇ ਰਿਹਾਇਸ਼ੀ ਇਲਾਕਾ ਹੈ ਅਤੇ ਅੱਜ ਦਿਨ ਵਿੱਚ ਪਟਾਕੇ ਚਲਾਉਣ ਕਾਰਨ ਸ਼ਾਇਦ ਕੋਈ ਪਟਾਕਾ ਗੋਦਾਮ ਵਿੱਚ ਆ ਕੇ ਡਿੱਗ ਗਿਆ ਹੋਵੇਗਾ। ਜਿਸ ਕਾਰਨ ਉੱਥੇ ਖੜੀਆਂ ਪੁਰਾਣੀਆਂ ਕਾਰਾਂ ਅਤੇ ਹੋਰ ਪੁਰਾਣੇ ਸਪੇਅਰ ਪਾਰਟ ਨੂੰ ਅੱਗ ਲੱਗ ਗਈ।
ਉਧਰ, ਬਲੌਂਗੀ ਥਾਣਾ ਦੇ ਐਸਐਚਓ ਇੰਸਪੈਕਟਰ ਅਮਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਹਿਲੋਲਪੁਰ ਵਿੱਚ ਜਗਦੀਸ਼ ਚੰਦ ਨਾਂਅ ਦੇ ਵਿਅਕਤੀ ਦਾ ਪੁਰਾਣਾ ਕਾਰਾਂ ਦਾ ਗੋਦਾਮ (ਜੰਕ ਯਾਰਡ) ਹੈ। ਉਂਜ ਉਹ ਬੁੜੈਲ ਵਿੱਚ ਕਾਰਾਂ ਵੇਚਣ ਅਤੇ ਮੁਰੰਮਤ ਆਦਿ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਗਦੀਸ਼ ਵੱਲੋਂ ਬਹਿਲੋਲਪੁਰ ਦੇ ਗੋਦਾਮ ਵਿੱਚ ਪੁਰਾਣੀਆਂ ਕਾਰਾਂ ਅਤੇ ਹੋਰ ਪੁਰਜ਼ੇ ਆਦਿ ਸਟੋਰ ਕਰਕੇ ਰੱਖੇ ਜਾਂਦੇ ਹਨ ਅਤੇ ਅੱਜ ਅੱਗ ਲੱਗਣ ਕਾਰਨ ਇਹ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…