
ਖਰੜ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿੱਚ ਅੱਗ ਲੱਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਮੁਹਾਲੀ-ਰੂਪਨਗਰ ਨੈਸ਼ਨਲ ਹਾਈਵੇਅ-21 ’ਤੇ ਸਥਿਤ ਖਰੜ ਬੱਸ ਅੱਡੇ ਨੇੜੇ ਐਤਵਾਰ ਦੇਰ ਸ਼ਾਮ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿੱਚ ਅੱਗ ਲੱਗ ਗਈ ਲੇਕਿਨ ਬੈਂਕ ਬੰਦ ਹੋਣ ਕਾਰਨ ਇਸ ਦੌਰਾਨ ਵੱਡਾ ਦੁਖਾਂਤ ਵਾਪਰਨ ਜਾਂ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਸਬੰਧੀ ਪੰਜਾਬ ਨੈਸ਼ਨਲ ਬੈਂਕ ਦੇ ਵਧੀਕ ਮੈਨੇਜਰ ਸੁਰਿੰਦਰ ਪਾਲ ਸਿੰਘ ਦੀ ਜਾਣਕਾਰੀ ਮੁਤਾਬਕ ਐਤਵਾਰ ਰਾਤ ਨੂੰ ਕਰੀਬ ਅੱਠ ਕੁ ਵਜੇ ਜਿਵੇਂ ਹੀ ਬੈਂਕ ਵਿੱਚ ਅੱਗ ਲੱਗਣ ਦੀ ਇਤਲਾਹ ਮਿਲੀ ਤਾਂ ਉਹ ਤੁਰੰਤ ਬੈਂਕ ਵਿੱਚ ਪਹੁੰਚ ਗਏ ਸਨ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਦੀ ਮੁੱਢਲੀ ਜਾਂਚ ਵਿੱਚ ਸ਼ਾਟ ਸਰਕਟ ਕਾਰਨ ਅੱਗ ਲੱਗੀ ਜਾਪਦੀ ਹੈ। ਵਧੀਕ ਮੈਨੇਜਰ ਦੇ ਦੱਸਣ ਅਨੁਸਾਰ ਬਰਾਂਚ ਵਿੱਚ ਬਿਜਲੀ ਦੇ ਚੇਂਜ ਓਵਰ ਸਵਿੱਚ ਵਿੱਚ ਅੱਗ ਲੱਗੀ ਸੀ। ਅੱਗ ਨਾਲ ਚੇਂਜ ਓਵਰ ਸਵਿੱਚ ਅਤੇ ਹੋਰ ਬਿਜਲੀ ਦਾ ਸਮਾਨ ਅਤੇ ਤਾਰਾਂ ਆਦਿ ਸੜ ਗਈਆਂ ਹਨ।
ਉਧਰ, ਸੂਚਨਾ ਮਿਲਦੇ ਹੀ ਫਾਇਰਮੈਨ ਸੁਖਵਿੰਦਰ ਸਿੰਘ, ਗਗਨਪ੍ਰੀਤ ਸਿੰਘ, ਅਵਨਿੰਦਰ ਸਿੰਘ, ਰਮਨ ਮਹਿਤਾ ਵੀ ਤੁਰੰਤ ਘਟਨਾ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਕਰੀਬ ਅੱਧੇ ਘੰਟੇ ਦੀ ਜੱਦੋ ਜਾਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਵੀ ਸ਼ਾਟ ਸਰਕਟ ਕਾਰਨ ਅੱਗ ਲੱਗਣ ਦੀ ਗੱਲ ਆਖੀ ਹੈ। ਖਰੜ ਸਿਟੀ ਥਾਣਾ ਦੇ ਐਸਐਚਓ ਭਗਵੰਤ ਸਿੰਘ ਨੇ ਦੱਸਿਆ ਕਿ ਰਾਤ ਹੋਣ ਕਾਰਨ ਬੈਂਕ ਬੰਦ ਸੀ। ਉਂਜ ਵੀ ਬਿਜਲੀ ਦੇ ਚੇਂਜ ਓਵਰ ਸਵਿੱਚ ਅੱਗ ਲੱਗਣ ਕਾਰਨ ਸਿਰਫ਼ ਤਾਰਾਂ ਅਤੇ ਬਿਜਲੀ ਦੇ ਉਪਕਰਨ ਹੀ ਸੜੇ ਹਨ ਅਤੇ ਬਾਕੀ ਨੁਕਸਾਨ ਤੋਂ ਬਚਾਅ ਰਿਹਾ ਹੈ।