nabaz-e-punjab.com

ਸਨੇਟਾ ਵਿੱਚ ਸ਼ਰਾਬ ਦੇ ਠੇਕੇ ਨੂੰ ਅੱਗ ਲੱਗੀ, ਲੱਖਾਂ ਦਾ ਨੁਕਸਾਨ

ਪੁਲੀਸ ਚੌਕੀ ਸਨੇਟਾ ਦੇ ਇੰਚਾਰਜ ਪਰਮਜੀਤ ਸਿੰਘ ਨੇ ਦਿੱਤੀ ਫਾਇਰ ਬ੍ਰਿਗੇਡ ਨੂੰ ਸੂਚਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਇੱਥੋਂ ਦੇ ਨਜ਼ਦੀਕੀ ਪਿੰਡ ਸਨੇਟਾ ਵਿੱਚ ਸਥਿਤ ਸ਼ਰਾਬ ਦੇ ਠੇਕੇ ਨੂੰ ਬੁੱਧਵਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਠੇਕੇ ਵਿੱਚ ਪਈਆਂ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਦੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ 3 ਵਜੇ ਸਨੇਟਾ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਫੋਨ ਕਰਕੇ ਸ਼ਰਾਬ ਦੇ ਠੇਕੇ ਵਿੱਚ ਅੱਗ ਲੱਗਣ ਦੀ ਇਤਲਾਹ ਦਿੱਤੀ ਸੀ ਅਤੇ ਸੂਚਨਾ ਮਿਲਦੇ ਹੀ ਤੁਰੰਤ ਮੁਹਾਲੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਇਆ।
ਸ਼ਰਾਬ ਦੇ ਠੇਕੇ ਦੇ ਮਾਲਕ ਨਰੇਸ਼ ਰਾਣਾ ਅਨੁਸਾਰ ਅੱਗ ਲਗਣ ਕਾਰਨ ਉਸ ਦਾ ਲਗਭਗ 70 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਇਹ ਸ਼ਰਾਬ ਦਾ ਠੇਕਾ ਬੰਦ ਪਿਆ ਸੀ। ਜਿਸ ਵਿੱਚ ਅੱਜ ਬਾਅਦ ਦੁਪਹਿਰ ਤਿੰਨ ਵਜੇ ਅੱਗ ਲੱਗ ਗਈ। ਇਸ ਸਬੰਧੀ ਕਿਸੇ ਪਿੰਡ ਵਾਸੀ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਠੇਕੇਦਾਰ ਨੂੰ ਮੌਕੇ ’ਤੇ ਸੱਦਿਆ ਅਤੇ ਚੌਕੀ ਇੰਚਾਰਜ ਨੇ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਠੇਕੇ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ, ਪ੍ਰੰਤੂ ਉਸ ਸਮੇਂ ਤੱਕ ਅੱਗ ਪੂਰੀ ਤਰ੍ਹਾਂ ਭੜਕ ਚੁੱਕੀ ਸੀ ਅਤੇ ਠੇਕੇ ਵਿੱਚ ਪਈ ਸਾਰੀ ਸ਼ਰਾਬ ਅਤੇ ਫਰਨੀਚਰ ਅੱਗ ਦੀ ਭੇਂਟ ਚੜ੍ਹ ਕੇ ਸੁਆਹ ਹੋ ਗਿਆ।
ਇਸ ਮੌਕੇ ਮੁਹਾਲੀ ਫਾਇਰ ਬ੍ਰਿਗੇਡ ਦੀ ਟੀਮ ਨੇ ਲਗਭਗ ਪੌਣੇ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਠੇਕੇਦਾਰ ਨਰੇਸ਼ ਰਾਣਾ ਅਨੁਸਾਰ ਠੇਕੇ ਬੰਦ ਹੋਣ ਕਾਰਨ ਉਨ੍ਹਾਂ ਨੇ ਨਾਲ ਲੱਗਦੇ ਹੋਰਨਾਂ ਠੇਕਿਆਂ ਦਾ ਸਟਾਕ ਵੀ ਇੱਥੇ ਹੀ ਰੱਖਿਆ ਹੋਇਆ ਸੀ ਅਤੇ ਠੇਕੇ ਵਿੱਚ ਅੱਗ ਲੱਗਣ ਕਾਰਨ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਖ਼ਦਸ਼ਾ ਜਾਹਰ ਕੀਤਾ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ। ਮੁਹਾਲੀ ਫਾਇਰ ਬ੍ਰਿਗੇਡ ਅਤੇ ਸਨੇਟਾ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…