
ਪੰਜਾਬ ਫਰਨੀਚਰ ਹਾਊਸ ਵਿੱਚ ਅੱਗ ਲੱਗਣ ਕਾਰਨ ਕਾਫ਼ੀ ਸਮਾਨ ਸੜ ਕੇ ਸੁਆਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਸੀਆਈਡੀ ਵਿੰਗ ਦੇ ਮੁੱਖ ਨਜ਼ਦੀਕ ਪੰਜਾਬ ਫਰਨੀਚਰ ਹਾਊਸ ਵਿਖੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ। ਹਾਊਸ ਦੇ ਮੁੱਖ ਗੇਟ ਦੇ ਨੇੜੇ ਪਏ ਪੁਰਾਣੇ ਫਰਨੀਚਰ ਨੇੜੇ ਬਿਜਲੀ ਦੇ ਖੰਭੇ ਦੀਆਂ ਤਾਰਾਂ ਵਿੱਚ ਸ਼ਾਟ ਸ਼ਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਪਈ ਅਤੇ ਦੇਖਦੇ ਹੀ ਦੇਖਦੇ ਬੜੀ ਤੇਜ਼ੀ ਨਾਲ ਭਾਂਬੜ ਮਚ ਗਿਆ। ਉਧਰ, ਸੂਚਨਾ ਮਿਲਦੇ ਹੀ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਦੀ ਤੁਰੰਤ ਅੱਗ ਬੁਝਾਉਣ ਵਾਲੀ ਗੱਡੀ ਮੌਕੇ ’ਤੇ ਪਹੁੰਚ ਗਈ। ਜਿਸ ਨੇ ਲਗਪਗ ਇੱਕ ਘੰਟੇ ਦੀ ਜੱਦੋ ਜਹਿਦ ਮਗਰੋਂ ਅੱਗ ਉੱਤੇ ਕਾਬੂ ਪਾਇਆ। ਪੰਜਾਬ ਫਰਨੀਚਰ ਹਾਊਸ ਦੇ ਮਾਲਕ ਜਸਬੀਰ ਸਿੰਘ ਬਡਾਲੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਫਾਇਰ ਬ੍ਰਿਗੇਡ ਦਫ਼ਤਰ ਦੀ ਟੀਮ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫੁਰਤੀ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।