Nabaz-e-punjab-com

ਸੈਕਟਰ-82 ਦੀ ਪ੍ਰਿੰਟਿੰਗ ਪ੍ਰੈਸ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਦੀ ਮਸ਼ੀਨਰੀ ਸੜ ਕੇ ਸੁਆਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਇੱਥੋਂ ਦੇ ਸੈਕਟਰ-82 ਵਿੱਚ ਇੱਕ ਫੈਕਟਰੀ ਦੀ ਬੇਸਮੈਂਟ ਵਿੱਚ ਸਥਿਤ ਪਿੰ੍ਰਟਿੰਗ ਪ੍ਰੈਸ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦੀ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਅੱਗ ਏਨੀ ਭਿਆਨ ਸੀ ਕਿ ਫੈਕਟਰੀ ਵਿੱਚ ਚਾਰ ਕੀਮਤੀ ਮਸ਼ੀਨਾਂ ਅਤੇ ਵੱਡੀ ਮਾਤਰਾ ਵਿੱਚ ਕਾਗਜ਼ ਅਤੇ ਹੋਰ ਸਮਾਨ ਅਤੇ ਫਰਨੀਚਰ ਵਗੈਰਾ ਸੜ ਗਿਆ। ਫੈਕਟਰੀ ਮਾਲਕ ਅਨੁਸਾਰ ਇਸ ਹਾਦਸੇ ਨਾਲ ਉਸ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ, ਪ੍ਰੰਤੂ ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ। ਦੱਸਿਆ ਗਿਆ ਹੈ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਸਾਰੇ ਵਰਕਰ ਫੈਕਟਰੀ ’ਚੋਂ ਬਾਹਰ ਆ ਗਏ ਸੀ।
ਇਸ ਸਬੰਧੀ ਅੰਜਲੀ ਆਰਟਸ ਪਿੰ੍ਰਟਿੰਗ ਪ੍ਰੈਸ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਰੀਬ ਸਾਢੇ 12 ਵਜੇ ਜਦੋਂ ਫੈਕਟਰੀ ਵਿੱਚ ਧੜਾਧੜ ਮਸ਼ੀਨਾਂ ਚੱਲ ਰਹੀਆਂ ਸਨ ਅਤੇ ਵਰਕਰ ਆਪੋ ਆਪਣੇ ਕੰਮ ’ਤੇ ਲੱਗੇ ਹੋਏ ਸੀ ਤਾਂ ਇਸ ਦੌਰਾਨ ਅਚਾਨਕ ਇੱਕ ਮਸ਼ੀਨ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਜ਼ਿਆਦਾ ਕਾਗਜ ਅਤੇ ਪੇਂਟ ਆਦਿ ਪਿਆ ਹੋਣ ਕਾਰਨ ਅੱਗ ਜਲਦੀ ਹੀ ਬਹੁਤ ਜ਼ਿਆਦਾ ਭੜਕ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਹੋਰਨਾਂ ਮਸ਼ੀਨਾਂ ਨੂੰ ਵੀ ਆਪਣੇ ਲਪੇਟੇ ਵਿੱਚ ਲੈ ਲਿਆ। ਅੱਗ ਜ਼ਿਆਦਾ ਫੈਲਣ ਕਾਰਨ ਪਿੰ੍ਰਟਿੰਗ ਪ੍ਰੈਸ ਵਿੱਚ ਕੰਮ ਕਰਦੇ ਸਾਰੇ ਵਰਕਰ ਫੌਰਨ ਬਾਹਰ ਆ ਗਏ ਅਤੇ ਤੁਰੰਤ ਮੁਹਾਲੀ ਫਾਇਰ ਬ੍ਰਿਗੇਡ ਅਤੇ ਸੋਹਾਣਾ ਪੁਲੀਸ ਨੂੰ ਇਤਲਾਹ ਦਿੱਤੀ।
ਉਧਰ, ਸੂਚਨਾ ਮਿਲਣ ’ਤੇ ਫਾਇਰ ਅਫ਼ਸਰ ਕਰਮ ਚੰਦ ਸੂਦ ਤੁਰੰਤ ਦੋ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ। ਫਾਇਰ ਬਿਗ੍ਰੇਡ ਦਫ਼ਤਰ ਵਿੱਚ ਐਤਵਾਰ ਨੂੰ ਦੁਪਹਿਰ ਕਰੀਬ 1 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਦੱਸਿਆ ਗਿਆ ਹੈ ਕਿ ਪਿੰ੍ਰਟਿੰਗ ਪ੍ਰੈਸ ਦਾ ਬੇਸਮੈਂਟ ਵਿੱਚ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਕਰੀਬ ਦੋ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਪਿੰ੍ਰਟਿੰਗ ਪ੍ਰੈਸ ਪ੍ਰਬੰਧਕਾਂ ਅਨੁਸਾਰ ਅੱਗ ਲੱਗਣ ਕਾਰਨ ਚਾਰ ਪਿੰ੍ਰਟਿੰਗ ਪ੍ਰੈਸ ਦੀਆਂ ਮਸ਼ੀਨਾਂ ਅਤੇ ਵੱਡੀ ਮਾਤਰਾ ਵਿੱਚ ਕਾਗਜ਼ ਸੜ ਜਾਣ ਨਾਲ ਕਰੀਬ ਢਾਈ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…