Share on Facebook Share on Twitter Share on Google+ Share on Pinterest Share on Linkedin strong>ਅਗਨੀ ਕਾਂਡ: ਡੀਸੀ ਵੱਲੋਂ ਮਾਮਲੇ ਦੀ ਜਾਂਚ ਦੇ ਆਦੇਸ਼, ਐਸਡੀਐਮ ਨੂੰ ਸੌਂਪੀ ਮਾਮਲੇ ਦੀ ਜਾਂਚ ਡੀਸੀ ਨੇ ਗਮਾਡਾ ਤੋਂ ਵੀ ਮੰਗੀ ਹਾਦਸਾਗ੍ਰਸਤ ਇਮਾਰਤ ਵਰਤੋਂਯੋਗ ਹੈ ਜਾਂ ਨਹੀਂ ਬਾਰੇ ਜਾਣਕਾਰੀ ਤੀਜੇ ਦਿਨ ਵੀ ਉੱਠਦਾ ਰਿਹਾ ਧੂੰਆਂ, ਫਾਇਰ ਬ੍ਰਿਗੇਡ ਤੇ ਪੁਲੀਸ ਦੀ ਟੀਮ ਤਾਇਨਾਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ: ਇੱਥੋਂ ਦੇ ਫੇਜ਼-5 ਵਿੱਚ ਸਥਿਤ ਵਿਸ਼ਾਲ ਮੈਗਾਮਾਰਟ ਵਿੱਚ ਲੱਗੀ ਭਿਆਨਕ ਅੱਗ ਕਾਰਨ ਅੱਜ ਤੀਜੇ ਦਿਨ ਵੀ ਮਾਰਕੀਟ ਦਾ ਇਕ ਹਿੱਸਾ ਪੂਰੀ ਤਰ੍ਹਾਂ ਬੰਦ ਰਿਹਾ। ਹਾਲਾਂਕਿ ਮੁਹਾਲੀ ਪ੍ਰਸ਼ਾਸਨ ਦੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਸਵੇਰੇ 9 ਵਜੇ (25 ਘੰਟੇ ਬਾਅਦ) ਅੱਗ ’ਤੇ ਕਾਬੂ ਪਾ ਲਿਆ ਗਿਆ ਸੀ ਪ੍ਰੰਤੂ ਸੋਮਵਾਰ ਨੂੰ ਵੀ ਤੀਜੇ ਦਿਨ ਬਾਅਦ ਦੁਪਹਿਰ ਤੱਕ ਧੂੰਆਂ ਉੱਠਦਾ ਰਿਹਾ। ਘਟਨਾ ਵਾਲੀ ਥਾਂ ’ਤੇ ਫਾਇਰ ਟੈਂਡਰ ਖੜਾ ਕੀਤਾ ਗਿਆ ਹੈ ਅਤੇ ਫਾਇਰ ਬ੍ਰਿਗੇਡ ਦਫ਼ਤਰ ਦੀ ਟੀਮ ਅਤੇ ਪੁਲੀਸ ਜਵਾਨ ਵੀ ਪਿਛਲੇ ਤਿੰਨ ਦਿਨਾਂ ਤੋਂ 24 ਘੰਟੇ ਤਾਇਨਾਤ ਹਨ। ਪੁਲੀਸ ਨੇ ਮਾਰਕੀਟ ਦੀ ਪਾਰਕਿੰਗ ਦੇ ਅੱਧੇ ਹਿੱਸੇ ਵਿੱਚ ਆਵਾਜਾਈ ਬਿਲਕੁਲ ਰੋਕ ਦਿੱਤੀ ਹੈ ਅਤੇ ਪਲਾਸਟਿਕ ਰੱਸੀ ਨਾਲ ਡੀ ਬਣਾ ਕੇ ਇਸ ਖੇਤਰ ਵਿੱਚ ਕਿਸੇ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਉਧਰ, ਮੁਹਾਲੀ ਦੀ ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਖ-ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਮਾਮਲੇ ਦੀ ਜਾਂਚ ਐਸਡੀਐਮ ਜਗਦੀਪ ਸਹਿਗਲ ਨੂੰ ਸੌਂਪਦਿਆਂ ਸੱਤ ਦਿਨਾਂ ਦੇ ਅੰਦਰ ਅੰਦਰ ਪੜਤਾਲੀਆਂ ਰਿਪੋਰਟ ਦੇਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਐਸਡੀਐਮ ਨੂੰ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇ। ਹੁਣ ਤੱਕ ਕੀ ਕੀ ਊਣਤਾਈਆਂ ਸਾਹਮਣੇ ਆਈਆਂ ਹਨ। ਸਬੰਧਤ ਵਿਭਾਗ ਨੇ ਪ੍ਰਬੰਧਕਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ। ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਕੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਗਮਾਡਾ ਨੂੰ ਹਾਦਸਾਗ੍ਰਸਤ ਇਮਾਰਤ ਦੀ ਤਕਨੀਕੀ ਜਾਂਚ ਦੇ ਹੁਕਮ ਨੂੰ ਦਿੱਤੇ ਹਨ। ਸ੍ਰੀਮਤੀ ਜੈਨ ਨੇ ਗਮਾਡਾ ਤੋਂ ਇਹ ਜਾਣਕਾਰੀ ਮੰਗੀ ਹੈ ਕਿ ਸਬੰਧਤ ਇਮਾਰਤ ਬਾਰੇ ਜਾਂਚ ਕਰਕੇ ਪ੍ਰਸ਼ਾਸਨ ਨੂੰ ਦੋ ਦਿਨਾਂ ਦੇ ਅੰਦਰ ਅੰਦਰ ਦੱਸਿਆ ਜਾਵੇ ਕੀ ਹਾਦਸਾਗ੍ਰਸਤ ਇਮਾਰਤ ਵਰਤੋਂ ਯੋਗ ਹੈ ਜਾਂ ਨਹੀਂ ਹੈ। ਕੀ ਇਹ ਬਿਲਡਿੰਗ ਹੁਣ ਨਾਲ ਲਗਦੀਆਂ ਇਮਾਰਤਾਂ (ਸ਼ੋਅਰੂਮਾਂ) ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਕਿ ਨਹੀਂ? ਉਨ੍ਹਾਂ ਕਿਹਾ ਕਿ ਗਮਾਡਾ ਅਤੇ ਐਸਡੀਐਮ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਅੱਜ ਵੀ ਸਾਰਾ ਦਿਨ ਐਸਡੀਐਮ ਜਗਦੀਪ ਸਹਿਗਲ ਦੀ ਨਿਗਰਾਨੀ ਹੇਠ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ, ਫਾਇਰ ਅਫ਼ਸਰ ਮੋਹਨ ਲਾਲ ਵਰਮਾ ਅਤੇ ਕਰਮ ਚੰਦ ਸੂਦ, ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ, ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਸਮੇਤ ਹੋਰਨਾਂ ਅਧਿਕਾਰੀਆਂ ਨੇ ਮਾਰਕੀਟ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ। ਉਧਰ, ਅੱਗ ’ਤੇ ਕਾਬੂ ਪਾਉਣ ਲਈ ਖਪਤ ਹੋਏ ਕਰੀਬ 40 ਫਾਇਰ ਟੈਂਡਰ ਦਾ ਸਾਰਾ ਪਾਣੀ ਬੇਸਮੈਂਟ ਵਿੱਚ ਇਕੱਠਾ ਹੋਣ ਅਤੇ ਭਿਆਨਕ ਅੱਗ ਲੱਗਣ ਕਾਰਨ ਇਹ ਬਹੁਮੰਜ਼ਲਾ ਇਮਾਰਤ ਢਹਿ-ਢੇਰੀ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਮੁਹਾਲੀ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਜ ਵੀ ਕਿਸੇ ਨੂੰ ਬੇਸਮੈਂਟ ਦੇ ਅੰਦਰ ਅਤੇ ਘਟਨਾ ਸਥਾਨ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਘਟਨਾ ਸਥਾਨ ਦੇ ਨੇੜੇ ਕਲਿਆਣਾ ਜਿਊਲਰ ਅਤੇ ਦਾਵਤ ਹੋਟਲ ਸਮੇਤ ਮਾਰਕੀਟ ਵਿੱਚ ਹੋਰ ਦੁਕਾਨਾਂ ਅੱਜ ਵੀ ਬੰਦ ਰਹੀਆਂ ਹਨ। ਧੂੰਆਂ ਉੱਠਣ ਕਾਰਨ ਬਾਕੀ ਸ਼ੋਅਰੂਮਾਂ ਵਿੱਚ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਕਾਫੀ ਵਿੱਤੀ ਨੁਕਸਾਨ ਸਹਿਣਾ ਪੈ ਰਿਹਾ ਹੈ। ਕਲਿਆਣ ਜਿਊਲਰ ਅਤੇ ਦਾਵਤ ਹੋਟਲ ਦਾ ਕਾਰੋਬਾਰ ਤਿੰਨ ਦਿਨਾਂ ਤੋਂ ਬੰਦ ਹੈ। ਇਨ੍ਹਾਂ ਅਦਾਰਿਆਂ ਨੂੰ ਸਭ ਤੋਂ ਜ਼ਿਆਦਾ ਵਿੱਤੀ ਨੁਕਸਾਨ ਹੋ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ