Nabaz-e-punjab.com

ਅਗਨੀ ਕਾਂਡ: ਵਿਸ਼ਾਲ ਮੈਗਾਮਾਰਟ ਸੜ ਕੇ ਪੂਰੀ ਤਰ੍ਹਾਂ ਤਬਾਹ, 25 ਘੰਟੇ ਬਾਅਦ ਬੁੱਝੀ ਅੱਗ

ਐਸਡੀਐਮ ਦੀ ਨਿਗਰਾਨੀ ਹੇਠ ਪੁਲੀਸ ਜਵਾਨ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਤਾਇਨਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਇੱਥੋਂ ਦੇ ਫੇਜ਼-5 ਵਿੱਚ ਸਥਿਤ ਵਿਸ਼ਾਲ ਮੈਗਾਮਾਰਟ ਵਿੱਚ ਸਨਿੱਚਰਵਾਰ ਨੂੰ ਸਵੇਰੇ ਕਰੀਬ 8 ਵਜੇ ਲੱਗੀ ਭਿਆਨਕ ਅੱਗ ’ਤੇ ਅੱਜ ਦੂਜੇ ਦਿਨ ਐਤਵਾਰ ਨੂੰ ਸਵੇਰੇ ਕਰੀਬ 9 ਵਜੇ ਕਰੀਬ 25 ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਂਜ ਅੱਜ ਵੀ ਸ਼ਾਮ ਤੱਕ ਵੀ ਧੂੰਆਂ ਉੱਠ ਰਿਹਾ ਸੀ। ਮੁਹਾਲੀ ਅਤੇ ਚੰਡੀਗੜ੍ਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਘੰਟਿਆਂਬੱਧੀ ਜੱਦੋਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਨਾ ਪੈਂਦਾ ਦੇਖ ਮੁਹਾਲੀ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਹੁਕਮਾਂ ’ਤੇ ਐੱਨਡੀਆਰਐੱਫ਼, ਇੰਡੀਅਨ ਏਅਰਫੋਰਸ ਦੀਆਂ ਰੈਸਕਿਊ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਸੀ। ਸ੍ਰੀਮਤੀ ਜੈਨ ਨੇ ਐਸਡੀਐਮ ਤੋਂ ਸਮੁੱਚੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ।
ਐਤਵਾਰ ਨੂੰ ਸਰਕਾਰੀ ਛੁੱਟੀ ਦੇ ਬਾਵਜੂਦ ਸਾਰਾ ਦਿਨ ਐਸਡੀਐਮ ਜਗਦੀਪ ਸਹਿਗਲ ਦੀ ਨਿਗਰਾਨੀ ਹੇਠ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ, ਫਾਇਰ ਅਫ਼ਸਰ ਮੋਹਨ ਲਾਲ ਵਰਮਾ ਅਤੇ ਕਰਮ ਚੰਦ ਸੂਦ, ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ, ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਸਮੇਤ ਫਾਇਰ ਬ੍ਰਿਗੇਡ ਦਫ਼ਤਰ ਦੀਆਂ ਤਿੰਨ ਗੱਡੀਆਂ ਅਤੇ ਪੀਸੀਆਰ ਦੇ ਜਵਾਨ ਮੌਕੇ ’ਤੇ ਤਾਇਨਾਤ ਰਹੇ। ਐਸਡੀਐਮ ਨੇ ਦੱਸਿਆ ਕਿ ਐੱਨਡੀਆਰਐੱਫ਼ ਅਤੇ ਏਅਰਫੋਰਸ ਦੀਆਂ ਟੀਮਾਂ ਲੰਘੀ ਰਾਤ ਦੋ ਵਜੇ ਵਾਪਸ ਚਲੀਆਂ ਗਈਆਂ ਸਨ। ਪ੍ਰੰਤੂ ਅੱਗ ’ਤੇ ਅੱਜ ਸਵੇਰੇ ਕਰੀਬ 9 ਵਜੇ ਕਾਬੂ ਪਾਇਆ ਗਿਆ। ਬੀਤੇ ਦਿਨੀਂ ਸਵੇਰੇ 8 ਵਜੇ ਬੇਸਮੈਂਟ ਵਿੱਚ ਪਏ ਸਮਾਨ ਨੂੰ ਅੱਗ ਲੱਗੀ ਸੀ। ਇਸ ਕੰਮ ਲਈ ਕਰੀਬ 40 ਫਾਇਰ ਟੈਂਡਰ ਖਪਤ ਹੋਏ ਹਨ।
ਉਧਰ, ਅੱਗ ’ਤੇ ਕਾਬੂ ਪਾਉਣ ਲਈ ਖਪਤ ਹੋਏ ਕਰੀਬ 40 ਫਾਇਰ ਟੈਂਡਰ ਦਾ ਸਾਰਾ ਪਾਣੀ ਬੇਸਮੈਂਟ ਵਿੱਚ ਇਕੱਠਾ ਹੋਣ ਅਤੇ ਭਿਆਨਕ ਅੱਗ ਲੱਗਣ ਕਾਰਨ ਇਹ ਬਹੁਮੰਜ਼ਲਾ ਇਮਾਰਤ ਢਹਿ-ਢੇਰੀ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਮੁਹਾਲੀ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਵੱਲੋਂ ਕਿਸੇ ਨੂੰ ਵੀ ਬੇਸਮੈਂਟ ਦੇ ਅੰਦਰ ਅਤੇ ਮਾਰਕੀਟ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਸਾਰਾ ਸਮਾਨ ਅਤੇ ਮਲਬਾ ਮਸ਼ੀਨਾਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ। ਘਟਨਾ ਸਥਾਨ ਦੇ ਨੇੜੇ ਹੀ ਸਥਿਤ ਮਸ਼ਹੂਰ ਕਲਿਆਣਾ ਜਿਊਲਰ ਅਤੇ ਦਾਵਤ ਹੋਟਲ ਸਮੇਤ ਮਾਰਕੀਟ ਵਿੱਚ ਹੋਰ ਦੁਕਾਨਾਂ ਅੱਜ ਦੂਜੇ ਵੀ ਬੰਦ ਰਹੀਆਂ ਹਨ। ਕਲਿਆਣ ਜਿਊਲਰ ਅਤੇ ਹੋਟਲ ਮਾਲਕ ਆਪਣਾ ਸਾਰਾ ਕੀਮਤੀ ਸਮਾਨ ਚੁੱਕ ਕੇ ਸੁਰੱਖਿਅਤ ਥਾਂ ’ਤੇ ਲੈ ਗਏ ਹਨ। ਹੋਟਲ ਵਿੱਚ ਠਹਿਰੇ ਮਹਿਮਾਨਾਂ ਨੂੰ ਹੋਰ ਥਾਵਾਂ ’ਤੇ ਸ਼ਿਫ਼ਟ ਕੀਤਾ ਗਿਆ ਹੈ। ਨੇੜਲੇ ਸ਼ੋਅਰੂਮਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ।
(ਬਾਕਸ ਆਈਟਮ)
ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਦੱਸਿਆ ਕਿ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ, ਪ੍ਰੰਤੂ ਇਸ ਦੇ ਬਾਵਜੂਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਅਗਲੇ ਹੁਕਮਾਂ ਤੱਕ ਮੌਕੇ ’ਤੇ ਤਾਇਨਾਤ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਜ਼ਿੰਮੇਵਾਰੀ ਸਥਾਨਕ ਸਰਕਾਰਾਂ ਦੀ ਵਿਭਾਗ ਹੈ ਲੇਕਿਨ ਹੁਣ ਮੁਹਾਲੀ ਪ੍ਰਸ਼ਾਸਨ ਵੱਲੋਂ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਫਾਇਰ ਬ੍ਰਿਗੇਡ ਤੋਂ ਰਿਪੋਰਟ ਪ੍ਰਾਪਤ ਕਰਕੇ ਡਿਪਟੀ ਕਮਿਸ਼ਨ ਰਾਹੀਂ ਸਰਕਾਰ ਨੂੰ ਅਗਲੀ ਕਾਰਵਾਈ ਲਈ ਲਿਖਿਆ ਜਾਵੇਗਾ।
(ਬਾਕਸ ਆਈਟਮ)
ਫਾਇਰ ਅਫ਼ਸਰ ਮੋਹਨ ਲਾਲ ਵਰਮ ਨੇ ਦੱਸਿਆ ਕਿ ਵਿਸ਼ਾਲ ਮੈਗਾਮਾਰਟ ਵਿੱਚ ਫਾਇਰ ਸੇਫ਼ਟੀ ਸਿਸਟਮ ਨਾ ਹੋਣ ਕਾਰਨ ਅੱਗ ਬੁਝਾਉਣ ਵਿੱਚ ਦੇਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਨੂੰ 5-6 ਮਹੀਨੇ ਪਹਿਲਾਂ ਹੀ ਨੋਟਿਸ ਜਾਰੀ ਕਰਕੇ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਆਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸੁਪਰ ਮਾਰਕੀਟ ਵਿੱਚ ਅੱਗ ਬੁਝਾਉਣ ਦੇ ਪ੍ਰਬੰਧ ਕੀਤੇ ਹੁੰਦੇ ਤਾਂ ਏਨਾ ਨੁਕਸਾਨ ਨਹੀਂ ਹੋਣਾ ਸੀ। ਜਦੋਂ ਉਨ੍ਹਾਂ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਬਾਰੇ ਪੁੱਛਿਆ ਤਾਂ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਹੈ। ਉਹ ਸਿਰਫ਼ ਸਬੰਧਤ ਨੂੰ ਨੋਟਿਸ ਜਾਰੀ ਕਰਕੇ ਅਗਲੀ ਕਾਰਵਾਈ ਲਈ ਪ੍ਰਸ਼ਾਸਨ ਜਾਂ ਆਪਣੇ ਵਿਭਾਗ ਨੂੰ ਸੂਚਨਾ ਭੇਜ ਸਕਦੇ ਹਨ।
(ਬਾਕਸ ਆਈਟਮ)
ਮੁਹਾਲੀ ਨਗਰ ਨਿਗਮ ਦੇ ਕਮਿਸ਼ਨ ਕਮਲ ਕੁਮਾਰ ਗਰਗ ਨੇ ਕਿਹਾ ਕਿ ਜਦੋਂ ਕਿਸੇ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕੋਲ ਫਾਇਰ ਸੇਫ਼ਟੀ ਸਿਸਟਮ ਨਾ ਹੋਣ ਅਤੇ ਨੋਟਿਸ ਜਾਰੀ ਕਰਨ ਸਬੰਧੀ ਫਾਇਰ ਬ੍ਰਿਗੇਡ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…