Nabaz-e-punjab.com

ਜੇ ਚੰਡੀਗੜ੍ਹ ਵਿੱਚ ਪਟਾਕਿਆਂ ’ਤੇ ਪਾਬੰਦੀ ਲੱਗ ਸਕਦੀ ਹੈ ਤਾਂ ਪੰਜਾਬ ਕਿਉਂ ਨਹੀਂ: ਚਰਨਜੀਤ ਵਾਲੀਆ

ਕਿਹਾ ਪੂਰੇ ਟਰਾਈਸਿਟੀ ਸਮੇਤ ਪੰਜਾਬ ਵਿੱਚ ਪਟਾਕਿਆਂ ’ਤੇ ਸਖ਼ਤੀ ਨਾਲ ਪਾਬੰਦੀ ਲੱਗੇ

ਧੂੰਏਂ ਵਿੱਚ ਪੈਸੇ ਉਡਾਉਣ ਦੀ ਥਾਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਨਰਸਿੰਗ ਟਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਜਦੋਂ ਸਿਹਤ ਮਾਹਰ ਇਹ ਚਿਤਾਵਨੀ ਦੇ ਰਹੇ ਹਨ, ਕਿ ਸਰਦੀਆਂ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਕਰੋਨਾ ਦਾ ਖ਼ਤਰਾ ਵਧਣ ਦੇ ਆਸਾਰ ਹਨ ਤਾਂ ਪੰਜਾਬ ਸਰਕਾਰ ਨੂੰ ਪਹਿਲਕਦਮੀ ਕਰਦਿਆਂ ਸੂਬੇ ਵਿੱਚ ਪਟਾਕਿਆਂ ਦੀ ਵਿੱਕਰੀ ਅਤੇ ਵਰਤੋਂ ’ਤੇ ਫੌਰੀ ਪਾਬੰਦੀ ਲਗਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੰਸਥਾ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਸਮੂਹ ਨਰਸਿੰਗ ਇੰਸਟੀਚਿਊਟ ਗਰੀਨ ਦੀਵਾਲੀ ਮਨਾਉਣਗੇ ਅਤੇ ਲੋੜਵੰਦਾਂ ਦੀ ਮਦਦ ਕਰਨਗੇ।
ਸ੍ਰੀ ਵਾਲੀਆ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਹੀ ਪਟਾਕਿਆਂ ’ਤੇ ਬੈਨ ਲਗਾ ਦਿੱਤਾ ਹੈ ਅਤੇ ਹਰਿਆਣਾ ਸਰਕਾਰ ਨੇ ਪੰਚਕੂਲਾ ਸਮੇਤ ਪੂਰੇ ਰਾਜ ਵਿੱਚ ਪਟਾਕਿਆਂ ਉੱਤੇ ਬੈਨ ਲਗਾਇਆ ਗਿਆ ਹੈ। ਇਸੇ ਤਰਜ਼ ’ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਪਟਾਕਿਆਂ ਉੱਤੇ ਬੈਨ ਲਗਾਇਆ ਜਾ ਚੁੱਕਾ ਹੈ ਤਾਂ ਪੰਜਾਬ ਇਸ ਵਿੱਚ ਪਿੱਛੇ ਕਿਉਂ ਹੈ ਜਦੋਂਕਿ ਇਹ ਮਾਮਲਾ ਸਿੱਧੇ ਤੌਰ ’ਤੇ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਮਹਾਮਾਰੀ ’ਤੇ ਕਾਬੂ ਪਾਉਣ ਲਈ ਸਭ ਤੋਂ ਪਹਿਲਾਂ ਕਦਮ ਚੁੱਕੇ ਸਨ, ਜਿਸ ਨੂੰ ਪੂਰੇ ਦੇਸ਼ ਨੇ ਅਪਣਾਇਆ ਸੀ। ਇਸ ਲਈ ਪਟਾਕਿਆਂ ਉੱਤੇ ਪਾਬੰਦੀ ਲਗਾਉਣ ਲਈ ਸਰਕਾਰ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ।
ਸ੍ਰੀ ਵਾਲੀਆ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮੂਹ ਡਿਪਟੀ ਕਮਿਸ਼ਨਰ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਦੇ ਰਹੇ ਹਨ ਅਤੇ ਮੁਹਾਲੀ ਵਿੱਚ ਵੀ ਪਟਾਕੇ ਵੇਚਣ ਲਈ ਅਜਿਹੇ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਫੌਰੀ ਤੌਰ ’ਤੇ ਪਟਾਕਿਆਂ ਦੀ ਵਿੱਕਰੀ ਲਈ ਜਾਰੀ ਲਾਇਸੈਂਸਾਂ ਨੂੰ ਰੱਦ ਕਰੇ ਅਤੇ ਸੂਬੇ ਵਿੱਚ ਪਟਾਕੇ ਚਲਾਉਣ ਅਤੇ ਵਿੱਕਰੀ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਪਿਛਲੇ ਦੋ ਸਾਲਾਂ ਤੋਂ ਪ੍ਰੇਰਿਤ ਕਰਕੇ ਗਰੀਨ ਦੀਵਾਲੀ ਮਨਾਉਣ ਵੱਲ ਤੋਰਿਆ ਹੈ ਤਾਂ ਜੋ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ। ਉਨ੍ਹਾਂ ਸਮੂਹ ਵਿੱਦਿਅਕ ਅਦਾਰਿਆਂ, ਸਕੂਲਾਂ, ਕਾਲਜਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਨੂੰ ਸਹੀ ਢੰਗ ਨਾਲ ਮਨਾਇਆ ਜਾਵੇ ਨਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਟਾਕਿਆਂ ਉੱਤੇ ਕਰੋੜਾਂ ਰੁਪਏ ਧੰੂਏਂ ਵਿੱਚ ਉਜਾੜ ਕੇ ਪ੍ਰਦੂਸ਼ਣ ਵਧਾਉਣ ਦੀ ਥਾਂ ਇਹ ਪੈਸਾ ਲੋੜਵੰਦ ਲੋਕਾਂ ਦੀ ਮਦਦ ਲਈ ਖ਼ਰਚ ਕੀਤਾ ਜਾਵੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਡਾ. ਐਮ.ਐਮ. ਆਨੰਦ, ਡਾ. ਮਨਜੀਤ ਸਿੰਘ ਢਿੱਲੋਂ, ਕਰਨਲ ਬੀ.ਐਸ. ਗਰਚਾ, ਮੀਤ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ, ਜਨਰਲ ਸਕੱਤਰ ਜੋਗਿੰਦਰ ਸਿੰਘ, ਸ਼ਿਵ ਆਰਿਆ, ਵਿੱਤ ਸਕੱਤਰ ਡਾ. ਸੁਖਵਿੰਦਰ ਸਿੰਘ, ਸਕੱਤਰ ਡਾ. ਸਾਹਿਲ ਮਿੱਤਲ ਅਤੇ ਸੰਯੁਕਤ ਸਕੱਤਰ ਪੁਨੀਤ ਬਾਵਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…