ਪਤਨੀ ਦੇ ਕਤਲ ਮਾਮਲੇ ਵਿੱਚ ਫਾਇਰਮੈਨ ਪਤੀ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਮੁਹਾਲੀ ਪੁਲੀਸ ਨੇ ਇੱਕ ਅੌਰਤ ਦੇ ਕਤਲ ਦੇ ਦੋਸ਼ ਵਿੱਚ ਉਸ ਦੇ ਪਤੀ ਨਿਰਮਲ ਸਿੰਘ ਵਾਸੀ ਚਾਓਮਾਜਰਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧਹ ਹਰਜੀਤ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਛੋਟੀ ਭੈਣ ਰੁਪਿੰਦਰ ਕੌਰ ਦਾ ਵਿਆਹ 2011 ਵਿੱਚ ਨਿਰਮਲ ਸਿੰਘ ਨਾਲ ਹੋਇਆ ਸੀ। ਉਸ ਦੇ ਦੋ ਬੱਚੇ ਵੱਡੀ ਬੇਟੀ ਲਵਲੀਨ ਕੌਰ (11 ਸਾਲ) ਅਤੇ ਬੇਟਾ ਬਬਨਪ੍ਰੀਤ ਸਿੰਘ (8 ਸਾਲ) ਹਨ।
ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਜੀਜਾ ਨਿਰਮਲ ਸਿੰਘ ਜੋ ਫਾਇਰ ਬ੍ਰਿਗੇਡ ਸਰਹਿੰਦ ਵਿੱਚ ਕੱਚੇ ਮੁਲਾਜ਼ਮ ਵਜੋਂ ਨੌਕਰੀ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ। ਜੋ ਅਕਸਰ ਉਸ ਦੀ ਭੈਣ ਨਾਲ ਲੜਾਈ-ਝਗੜਾ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਨਿਰਮਲ ਸਿੰਘ ਨੇ ਉਸ ਦੀ ਭੈਣ ਨੂੰ ਜਾਨੋ ਮਾਰਨ ਦੀ ਵੀ ਧਮਕੀ ਦਿੱਤੀ ਸੀ।
ਸ਼ਿਕਾਇਤ ਮੁਤਾਬਕ ਬੀਤੀ 16 ਸਤੰਬਰ ਨੂੰ ਰੁਪਿੰਦਰ ਕੌਰ ਦੇ ਸਹੁਰੇ ਹਰਬੰਸ ਸਿੰਘ ਨੇ ਉਨ੍ਹਾਂ ਦੇ ਭਰਾ ਹਰਿੰਦਰ ਸਿੰਘ ਨੂੰ ਫੋਨ ਕਰਕੇ ਦੱਸਿਆ ਸੀ ਕਿ ਰੁਪਿੰਦਰ ਤਬੀਅਤ ਠੀਕ ਨਹੀਂ ਹੈ, ਜੋ ਬੇ-ਸੱੁਧ ਪਈ ਹੈ। ਸਹੁਰੇ ਨੇ ਉਨ੍ਹਾਂ ਨੂੰ ਜਲਦੀ ਪਹੁੰਚਣ ਲਈ ਕਿਹਾ ਤਾਂ ਉਹ ਆਪਣੇ ਪਿਤਾ ਗੁਰਦੇਵ ਸਿੰਘ ਅਤੇ ਮਾਤਾ ਕਰਮਜੀਤ ਕੌਰ ਨਾਲ ਆਪਣੀ ਭੈਣ ਦੇ ਸਹੁਰੇ ਘਰ ਪਿੰਡ ਚਾਓਮਾਜਰਾ ਪਹੁੰਚ ਗਏ। ਜਿੱਥੇ ਉਨ੍ਹਾਂ ਦੇਖਿਆ ਕਿ ਉਸਦੀ ਭੈਣ ਬੈੱਡ ’ਤੇ ਮ੍ਰਿਤਕ ਪਈ ਸੀ।
ਹਰਜੀਤ ਸਿੰਘ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਨਿਰਮਲ ਸਿੰਘ ਨੇ ਉਸ ਦੀ ਭੈਣ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕੀਤਾ ਹੈ। ਇਸ ਬਾਰੇ ਉਸ ਦੀ ਭਾਣਜੀ ਲਵਲੀਨ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਨੇ ਅੱਜ ਸਵੇਰੇ (ਜਦੋਂ ਉਹ ਸਕੂਲ ਜਾਣ ਲੱਗੇ ਸੀ) ਉਸ ਦੀ ਮਾਂ ਦੀ ਕਾਫ਼ੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀ ਧਮਕੀਆਂ ਦੇ ਰਿਹਾ ਸੀ। ਜਦੋਂ ਉਹ ਦੁਪਹਿਰ ਕਰੀਬ 12 ਵਜੇ ਸਕੂਲ ਤੋਂ ਵਾਪਸ ਘਰ ਆਈ ਤਾਂ ਦੇਖਿਆ ਕਿ ਉਸ ਦੀ ਮਾਂ ਦੇ ਗਲ ਵਿੱਚ ਚੁੰਨੀ ਬੰਨੀ ਹੋਈ ਸੀ। ਹਰਜੀਤ ਨੇ ਦੋਸ਼ ਲਾਇਆ ਕਿ ਨਿਰਮਲ ਸਿੰਘ ਦੇ ਕਿਸੇ ਹੋਰ ਅੌਰਤ ਨਾਲ ਕਥਿਤ ਨਾਜਾਇਜ਼ ਸਬੰਧ ਹੋਣ ਕਰਕੇ ਉਸ ਨੇ ਰੁਪਿੰਦਰ ਕੌਰ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਡੀਐਸਪੀ ਬੱਲ ਨੇ ਦੱਸਿਆ ਕਿ ਇਸ ਸਬੰਧੀ ਨਿਰਮਲ ਸਿੰਘ ਅਤੇ ਅਣਪਛਾਤੀ ਅੌਰਤ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 302, 34 ਅਧੀਨ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਐਸਐਚਓ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਦੀ ਅਗਵਾਈ ਵਾਲੀ ਟੀਮ ਨੇ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…