ਫਾਇਰਿੰਗ ਕੇਸ: ਦੋ ਗੈਂਗਸਟਰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ, 5 ਪਿਸਤੌਲ ਤੇ ਕਾਰਤੂਸ ਬਰਾਮਦ

ਦੋਵੇਂ ਮੁਲਜ਼ਮ, ਵਿਦੇਸ਼ ਵਿੱਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਬੱਲ ਦੇ ਕਹਿਣ ’ਤੇ ਦਿੰਦੇ ਸੀ ਵਾਰਦਾਤਾਂ ਨੂੰ ਅੰਜਾਮ

ਮੁਲਜ਼ਮਾਂ ਕੋਲੋਂ ਹਿਸਾਰ ਤੋਂ ਚੋਰੀ ਕੀਤਾ ਸਪਲੈਂਡਰ ਮੋਟਰਸਾਈਕਲ ਹੋਇਆ ਬਰਾਮਦ

ਨਬਜ਼-ਏ-ਪੰਜਾਬ, ਮੁਹਾਲੀ, 30 ਅਗਸਤ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਹਫ਼ਤਾ ਪਹਿਲਾਂ ਪਿੰਡ ਘੜੂੰਆਂ ਵਿੱਚ ਮਨਪ੍ਰੀਤ ਸਿੰਘ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਅਨਿਲ ਕੁਮਾਰ ਬਿਸ਼ਨੋਈ ਵਾਸੀ ਪਿੰਡ ਗੰਗਾ (ਸਿਰਸਾ) ਅਤੇ ਤੇਜਿੰਦਰਪਾਲ ਸਿੰਘ ਉਰਫ਼ ਪੱਪਲ ਵਾਸੀ ਪਿੰਡ ਗੁਰਚੱਕ (ਗੁਰਦਾਸਪੁਰ) ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ .30 ਬੋਰ ਦੇ 5 ਪਿਸਤੌਲ, ਚਾਰ ਜਿੰਦਾ ਕਾਰਤੂਸ ਤੇ ਤਿੰਨ ਖਾਲੀ ਕਾਰਤੂਸ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਮੋਟਰਸਾਈਕਲ ਮੁਲਜ਼ਮ ਅਨਿਲ ਬਿਸ਼ਨੋਈ ਨੇ ਹਿਸਾਰ ਤੋਂ ਚੋਰੀ ਕੀਤਾ ਗਿਆ ਸੀ।
ਐੱਸਐੱਸਪੀ ਨੇ ਮੁਲਜ਼ਮ ਅਨਿਲ ਬਿਸ਼ਨੋਈ ਅਤੇ ਤੇਜਿੰਦਰਪਾਲ ਪੱਪਲ, ਦੋਵੇਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਬੱਲ ਦੇ ਸਾਥੀ ਹਨ, ਜੋ ਗੈਂਗਸਟਰ ਜੱਗੂ ਭਗਵਾਨਪੂਰੀਆ ਗੈਂਗ ਦੇ ਐਕਟਿਵ ਮੈਂਬਰ ਹਨ। ਪੁਲੀਸ ਅਨੁਸਾਰ ਇਹ ਦੋਵੇਂ ਮੁਲਜ਼ਮ ਗੈਂਗਸਟਰਾਂ ਦੇ ਕਹਿਣ ’ਤੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਕਤ ਦੋਵੇਂ ਮੁਲਜ਼ਮ ਫੇਸਬੁੱਕ ਰਾਹੀਂ ਗੈਂਗਸਟਰ ਅੰਮ੍ਰਿਤਪਾਲ ਬੱਲ ਦੇ ਸੰਪਰਕ ਵਿੱਚ ਆਏ ਸਨ ਅਤੇ ਬੀਤੀ 21 ਅਗਸਤ ਨੂੰ ਪਿੰਡ ਘੜੂੰਆਂ ਵਿੱਚ ਗੈਂਗਸਟਰ ਬੱਲ ਦੇ ਕਹਿਣ ’ਤੇ ਹੀ ਫਾਇਰਿੰਗ ਕੀਤੀ ਸੀ। ਇਸ ਸਬੰਧੀ ਖਰੜ ਸਦਰ ਥਾਣੇ ਵਿੱਚ ਧਾਰਾ 307 ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀ।
ਇਸ ਸਬੰਧੀ ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਦੇ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਤੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਦੌਰਾਨ ਉਕਤ ਟੀਮਾਂ ਨੇ ਤਕਨੀਕੀ ਅਤੇ ਮਨੁੱਖੀ ਸੋਰਸਾਂ ਦੀ ਸਹਾਇਤਾ ਨਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਗੁਪਤ ਸੂਚਨਾ ਦੇ ਆਧਾਰ ’ਤੇ ਸੀਟਾਈਏ ਸਟਾਫ਼ ਮੁਹਾਲੀ ਦੀ ਟੀਮ ਨੇ ਹਵਾਈ ਫਾਇਰ ਕਰਕੇ ਅਨਿਲ ਬਿਸ਼ਨੋਈ ਅਤੇ ਤੇਜਿੰਦਰਪਾਲ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪ੍ਰੰਤੂ ਅਨਿਲ ਬਿਸ਼ਨੋਈ ਨੇ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਅਨੁਸਾਰ ਅਨਿਲ ਬਿਸ਼ਨੋਈ ਤੋਂ ਉਸ ਦੇ ਆਪਣੇ ਹੀ ਸੱਜੇ ਪੈਰ ਵਿੱਚ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਜਿਸ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂਕਿ ਤੇਜਿੰਦਰਪਾਲ ਪੱਪਲ ਨੂੰ ਗ੍ਰਿਫ਼ਤਾਰ ਕਰਨ ਸਮੇਂ ਉਸ ਨੇ ਆਪਣੇ ਘਰ ਦੀ ਛੱਤ ਤੋ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਉਸ ਦੀ ਖੱਬੀ ਲੱਤ ਵਿੱਚ ਫਰੈਕਚਰ ਆਇਆ ਹੈ। ਦੋਵੇਂ ਮੁਲਜ਼ਮ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ।

Load More Related Articles

Check Also

ਈਟੀਟੀ ਭਰਤੀ: ਬੇਰੁਜ਼ਗਾਰ ਅਧਿਆਪਕਾਂ ਵੱਲੋਂ ਡੀਪੀਆਈ ਦਫ਼ਤਰ ਦਾ ਘਿਰਾਓ

ਈਟੀਟੀ ਭਰਤੀ: ਬੇਰੁਜ਼ਗਾਰ ਅਧਿਆਪਕਾਂ ਵੱਲੋਂ ਡੀਪੀਆਈ ਦਫ਼ਤਰ ਦਾ ਘਿਰਾਓ 2500 ’ਚੋਂ ਸਿਰਫ਼ 800 ਅਧਿਆਪਕ ਹੀ ਕਰ ਸ…