Nabaz-e-punjaab.com

ਸਿਹਤ ਮੰਤਰੀ ਦੇ ਸ਼ਹਿਰ ਮੁਹਾਲੀ ਵਿੱਚ ਕਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ

ਆਪਣੀ ਵੱਡੀ ਭੈਣ ਨਾਲ ਇੰਗਲੈਂਡ ਤੋਂ 5 ਦਿਨਾਂ ਪਹਿਲਾਂ ਮੁਹਾਲੀ ਪਰਤੀ ਸੀ ਪੀੜਤ ਅੌਰਤ

ਪੀੜਤ ਅੌਰਤ ਨੂੰ ਸਰਕਾਰੀ ਹਸਪਤਾਲ ’ਚ ਕੀਤੀ ਸੀ ਦਾਖ਼ਲ, ਰਾਤ ਨੂੰ ਫੋਰਟਿਸ ਹਸਪਤਾਲ ’ਚ ਕੀਤਾ ਸ਼ਿਫ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸ਼ਹਿਰ ਮੁਹਾਲੀ ਵਿੱਚ ਕਰੋਨਾਵਾਇਰਸ ਤੋਂ ਪੀੜਤ ਅੌਰਤ ਦੀ ਪੁਸ਼ਟੀ ਹੋਣ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪੀੜਤ ਅੌਰਤ ਗੁਰਦੇਵ ਕੌਰ (69) ਕੁਝਦਿਨ ਪਹਿਲਾਂ ਹੀ ਇੰਗਲੈਂਡ ਤੋਂ ਮੁਹਾਲੀ ਸਥਿਤ ਆਪਣੇ ਘਰ ਪਰਤੀ ਸੀ। ਉਸ ਨਾਲ ਉਨ੍ਹਾਂ ਦੀ ਵੱਡੀ ਭੈਣ ਵੀ ਵਿਦੇਸ਼ ’ਚੋਂ ਨਾਲ ਆਈ ਹੈ ਜਦੋਂਕਿ ਉਸ ਦਾ ਬੇਟਾ ਇਨ੍ਹੀਂ ਦਿਨੀਂ ਇੱਥੇ ਹੀ ਸੀ। ਸਿਹਤ ਵਿਭਾਗ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਅੱਜ ਪੀੜਤ ਅੌਰਤ ਨੂੰ ਸਰਕਾਰੀ ਹਸਪਤਾਲ ਫੇਜ਼-6 ਦੇ ਆਈਸੋਲੇਸ਼ਨ ਵਾਰਡ ਦਾਖ਼ਲ ਕੀਤਾ ਗਿਆ ਹੈ ਜਦੋਂਕਿ ਉਸ ਦੀ ਵੱਡੀ ਭੈਣ ਅਤੇ ਬੇਟੇ ਨੂੰ ਵੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਅਤੇ ਇਨ੍ਹਾਂ ਦੋਵੇਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਪੀਜੀਆਈ ਭੇਜੇ ਗਏ ਹਨ। ਇਸ ਤੋਂ ਇਲਾਵਾ ਪੀੜਤ ਅੌਰਤ ਦੇ ਮਕਾਨ ਦੀ ਉੱਪਰਲੀ ਮੰਜ਼ਿਲ ’ਤੇ ਰਹਿੰਦੇ ਕਿਰਾਏਦਾਰ ਨੌਜਵਾਨ ਨੂੰ ਪੁਲੀਸ ਆਪਣੇ ਨਾਲ ਹਸਪਤਾਲ ਵਿੱਚ ਲੈ ਗਈ ਸੀ ਪ੍ਰੰਤੂ ਮੁੱਢਲੀ ਮੈਡੀਕਲ ਜਾਂਚ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ।
ਇਲਾਕੇ ਦੇ ਕੌਂਸਲਰ ਤੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਗੁਆਂਢੀ ਚਰਨਜੀਤ ਸਿੰਘ ਗਰੇਵਾਲ ਅਤੇ ਬਲਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਮਕਾਨ ਨੰਬਰ-540 (ਫੇਜ਼-3ਏ) ਦੀ ਵਸਨੀਕ ਗੁਰਦੇਵ ਕੌਰ ਕਾਫੀ ਸਮੇਂ ਤੋਂ ਇੰਗਲੈਂਡ ਰਹਿੰਦੇ ਹਨ। ਉਨ੍ਹਾਂ ਮੁਹਾਲੀ ਵਿਚਲੇ ਮਕਾਨ ਦੀ ਉੱਪਰਲੀਆਂ ਦੋ ਮੰਜ਼ਲਾਂ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। ਬੀਤੇ 5 ਕੁ ਦਿਨ ਪਹਿਲਾਂ ਬ੍ਰਿਟੇਨ ਤੋਂ ਵਾਪਸ ਪਰਤੀ ਹੈ। ਜਿਸ ਨੂੰ ਕਰੋਨਾਵਾਇਰਸ ਤੋਂ ਪੀੜਤ ਦੱਸਿਆ ਗਿਆ ਹੈ। ਜਿਸ ਕਾਰਨ ਪੂਰੇ ਮੁਹੱਲੇ ਵਿੱਚ ਦਹਿਸ਼ਤ ਜਿਹੀ ਫੈਲ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦੇਵ ਕੌਰ ਆਪਣੀ ਵੱਡੀ ਭੈਣ ਨਾਲ ਵਿਦੇਸ਼ ਤੋਂ ਸਿੱਧਾ ਮੁੰਬਈ ਹਵਾਈ ਅੱਡੇ ’ਤੇ ਆਈ ਸੀ। ਉੱਥੋਂ ਉਹ ਦਿੱਲੀ ਹਵਾਈ ਅੱਡੇ ’ਤੇ ਆਏ। ਜਿੱਥੋਂ ਉਹ ਸਿੱਧਾ ਸੜਕ ਰਸਤੇ ਮੁਹਾਲੀ ਆਪਣੇ ਘਰ ਪਹੁੰਚੀ ਸੀ। ਇੱਥੇ ਆਣ ਕੇ ਉਹ ਕਾਫੀ ਲੋਕਾਂ ਨੂੰ ਮਿਲੇ ਹਨ ਅਤੇ ਘਰ ਦੇ ਬਿਲਕੁਲ ਸਾਹਮਣੇ ਪਬਲਿਕ ਪਾਰਕ ਵਿੱਚ ਬੈਠ ਜਾਂਦੇ ਸੀ ਅਤੇ ਦੋਵੇਂ ਭੈਣਾਂ ਆਮ ਵਾਂਗ ਲੋਕਾਂ ਵਿੱਚ ਵਿਚਰਦੀਆਂ ਰਹੀਆਂ ਹਨ। ਹਾਲਾਂਕਿ ਮੁਹੱਲੇ ਦੇ ਲੋਕਾਂ ਨੇ ਉਨ੍ਹਾਂ ਦੀਆਂ ਕਾਫੀ ਮਿੰਨਤਾ ਵੀ ਕੀਤੀਆਂ ਕਿ ਉਹ ਹਸਪਤਾਲ ਵਿੱਚ ਦਾਖ਼ਲ ਹੋਣ ਜਾਣ ਪ੍ਰੰਤੂ ਉਹ ਦੋਵੇਂ ਭੈਣਾਂ ਇਹੀ ਕਹਿੰਦੀਆਂ ਰਹੀਆਂ ਕਿ ਉਹ ਬਿਲਕੁਲ ਠੀਕ ਹਨ। ਉਨ੍ਹਾਂ ਦੀ ਮੁੰਬਈ ਹਵਾਈ ਅੱਡੇ ’ਤੇ ਮੈਡੀਕਲ ਜਾਂਚ ਹੋ ਚੁੱਕੀ ਹੈ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੇਵ ਕੌਰ ਇੱਥੋਂ ਦੇ ਮੈਕਸ ਹਸਪਤਾਲ ਵਿੱਚ ਵੀ ਦਾਖ਼ਲ ਰਹੀ ਹੈ। ਉਸ ਦੇ ਖੂਨ ਦੇ ਸੈਂਪਲ ਲੈ ਕੇ ਪੀਜੀਆਈ ਭੇਜੇ ਗਏ ਸੀ ਅਤੇ ਪੀਜੀਆਈ ਨੇ ਇਸ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਅੌਰਤ ਨੂੰ ਸਰਕਾਰੀ ਹਸਪਤਾਲ ਸਥਾਪਿਤ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਰੀਜ਼ ਦੀ ਵੱਡੀ ਭੈਣ ਅਤੇ ਬੇਟੇ ਨੂੰ ਵੀ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦੇ ਵੀ ਸੈਂਪਲ ਜਾਂਚ ਲਈ ਭੇਜੇ ਗਏ ਹਨ। ਉਂਜ ਉਨ੍ਹਾਂ ਦੱਸਿਆ ਕਿ ਫਿਲਹਾਲ ਪੀੜਤ ਅੌਰਤ ਦੀ ਸਿਹਤ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਵਿਗੜਦੀ ਨਜ਼ਰ ਆਈ ਤਾਂ ਉਸ ਨੂੰ ਪੀਜੀਆਈ ਹਸਪਤਾਲ ਵਿੱਚ ਰੈਫਰ ਕੀਤਾ ਜਾਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਪੀੜਤ ਅੌਰਤ ਦੇ ਘਰ ਦਾ ਗਰਾਊਂਡ ਫਲੋਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੂਰਾ ਮੁਹੱਲਾ ਸੀਲ ਕੀਤਾ ਗਿਆ ਹੈ ਤਾਂ ਜੋ ਹੋਰਨਾਂ ਲੋਕਾਂ ਨੂੰ ਇਸ ਵਾਇਰਸ ਦੀ ਮਾਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਗਲੀ ਵਿੱਚ ਰਹਿੰਦੇ ਲੋਕਾਂ ਨੂੰ ਵੀ ਘਰ ਤੋਂ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਗਿਆ ਹੈ।
ਉਧਰ, ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੀੜਤ ਅੌਰਤ ਵਿੱਚ ਥੋੜ੍ਹੇ ਜਿਹੇ ਖਾਂਸੀ ਦੇ ਲੱਛਣ ਮਿਲਣ ਬਾਅਦ ਉਸ ਨੂੰ ਕਰੋਨਾਵਾਇਰਸ ਟੈਸਟ ਵਿੱਚ ਸਕਾਰਾਤਮਿਕ ਪਾਇਆ ਗਿਆ ਹੈ। ਹਾਲਾਂਕਿ ਉਸ ਨੇ ਇਲਾਜ ਦਾ ਵਿਰੋਧ ਕੀਤਾ ਅਤੇ ਹੁਣ ਵੀ ਵਿਰੋਧ ਕਰ ਰਹੀ ਹੈ, ਫਿਰ ਵੀ ਉਸ ਨੂੰ ਪੁਲੀਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡੀਸੀ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 269, 270 ਅਤੇ 188 ਰਾਹੀਂ ਇਸ ਅੌਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤਾਂ ਜੋ ਦੂਜਿਆਂ ਤੱਕ ਇਸ ਖਤਰਨਾਕ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਅੌਰਤ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਹਤ ਦੇ ਸਾਰੇ ਮਾਪਦੰਡਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਉਪਾਵਾਂ ਦੇ ਹਿੱਸੇ ਵਜੋਂ ਉਸ ਦੇ ਰਿਸ਼ਤੇਦਾਰਾਂ ਸਮੇਤ ਸਾਰੇ ਨਜ਼ਦੀਕੀ ਲੋਕਾਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਕਿਸੇ ਨੂੰ ਵੀ ਦੂਸਰੇ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
(ਬਾਕਸ ਆਈਟਮ)
ਮੁਹਾਲੀ ਦੀ ਕਰੋਨਾਵਾਇਰਸ ਪੀੜਤ ਅੌਰਤ ਗੁਰਦੇਵ ਕੌਰ (69) ਨੂੰ ਸ਼ੁੱਕਰਵਾਰ ਦੇਰ ਰਾਤ ਮਰੀਜ਼ ਦੀ ਇੱਛਾ ਅਨੁਸਾਰ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਸ਼ਿਫ਼ਟ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਸਰਕਾਰੀ ਹਸਪਤਾਲ ਵਿੱਚ ਸਾਰੀਆਂ ਸਹੂਲਤਾਂ ਅਤੇ ਕਰੋਨਾਵਾਇਰਸ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਹਨ ਪ੍ਰੰਤੂ ਮਰੀਜ਼ ਨੇ ਆਪਣਾ ਇਲਾਜ ਫੋਰਟਿਸ ਹਸਪਤਾਲ ਵਿੱਚ ਕਰਵਾਉਣ ਦੀ ਇੱਛਾ ਪ੍ਰਗਟਾਈ ਹੈ। ਇਸ ਤਰ੍ਹਾਂ ਮਰੀਜ਼ ਦੀ ਅਪੀਲ ’ਤੇ ਉਸ ਨੂੰ ਫੋਰਟਿਸ ਹਸਪਤਾਲ ਵਿੱਚ ਸ਼ਿਫ਼ਟ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹਸਪਤਾਲ ਲੈ ਕੇ ਜਾਣ ਸਮੇਂ ਉਕਤ ਮਰੀਜ਼ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਿਹਤ ਵਿਭਾਗ ਦੀ ਟੀਮ ਅਤੇ ਪੁਲੀਸ ਨਾਲ ਮਾੜਾ ਵਿਵਹਾਰ ਕਰਨ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਲਈ ਸ਼ਿਕਾਇਤ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…