Naaz-e-punjab.com

ਸਮਾਜਿਕ ਸਿੱਖਿਆ ਮੇਲੇ ਦੇ ਪਹਿਲੇ ਦਿਨ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

10 ਥੀਮਾਂ ’ਤੇ ਆਧਾਰਿਤ ਤਿਆਰ ਕੀਤੇ ਗਏ ਹਨ ਸਮਾਜਿਕ ਸਿੱਖਿਆ ਗਿਆਨ ਮੇਲੇ ਦੇ ਵਰਕਿੰਗ ਮਾਡਲ: ਇੰਦਰਜੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਤੁਲਨਾਤਮਿਕ ਅਧਿਐਨ ਅਤੇ ਗੁਣਾਤਮਿਕ ਵਿਕਾਸ ਲਈ ਯਤਨਸ਼ੀਲ ਹੈ। ਇਸ ਸਬੰਧੀ ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ ਦੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਪ੍ਰਾਜੈਕਟ ਅਧੀਨ ਛੇਵੀਂ ਤੋਂ ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ 10 ਥੀਮਾਂ ’ਤੇ ਆਧਾਰਿਤ ਚਾਰਟ ਅਤੇ ਵਰਕਿੰਗ ਮਾਡਲ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ। ਤਿੰਨ ਇਸ ਵਿਲੱਖਣ ਕਿਸਮ ਦੇ ਪ੍ਰੋਗਰਾਮ ਤਹਿਤ ਅੱਜ ਪਹਿਲੇ ਦਿਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਗਤੀਵਿਧੀ ਨਾਲ ਵਿਦਿਆਰਥੀਆਂ ਦੇ ਮਨਾਂ ਵਿੱਚ ਸਮਾਜਿਕ ਵਿਗਿਆਨ ਦੇ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਹੋਣ ਦੇ ਨਾਲ ਨਾਲ ਇਸ ਦੇ ਮੂਲ ਤੱਤ ਵੀ ਸਮਝ ਵਿੱਚ ਆਉਣ। ਇਸ ਲਈ ਸਮਾਜਿਕ ਵਿਗਿਆਨ ਵਿਸ਼ੇ ਦੇ ਸਿੱਖਣ ਪਰਿਣਾਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਸਿੱਖਿਆ ਵਿਭਾਗ ਵੱਲੋਂ ਸਮਾਜਿਕ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 29 ਮਈ ਤੱਕ ਚੱਲਣ ਵਾਲੇ ਇਸ ਸਮਾਜਿਕ ਸਿੱਖਿਆ ਗਿਆਨ ਮੇਲੇ ਵਿੱਚ ਸਕੂਲ ਵੱਲੋਂ ਬੀਐਮ ਨਾਲ ਮਿਲ ਕੇ ਬਹੁਤ ਹੀ ਪ੍ਰਭਾਵਸ਼ਾਲੀ ਵਿਊਂਤਬੰਦੀ ਕੀਤੀ ਗਈ ਹੈ। ਇਸ ਮੇਲੇ ਵਿੱਚ ਸਮਾਜਿਕ ਵਿਗਿਆਨ ਵਿਸ਼ੇ ਨਾਲ ਸਬੰਧਤ ਨਕਸ਼ੇ, ਮਾਡਲ, ਵਰਕਿੰਗ ਮਾਡਲ, ਚਾਰਟ, ਕੌਸ਼ਲ ਆਧਾਰਿਤ ਮਾਡਲ ਬਣਾ ਕੇ ਸਕੂਲ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ।
ਹਦਾਇਤਾਂ ਅਨੁਸਾਰ ਵਿਦਿਆਰਥੀ ਮਾਡਲ, ਚਾਰਟ, ਥ੍ਰੀ ਡੀ ਮਾਡਲ, ਟਾਈਮ ਲਾਈਨ, ਕੱਟ ਆਉਟਸ ਦੇ ਲਈ ਕੱਪੜਾ, ਫਸਲਾਂ, ਧਾਤੂਆਂ, ਮਿੱਟੀ, ਸਿੱਕੇ, ਪੁਰਾਤਨ ਵਸਤੂਆਂ ਆਦਿ ਵਰਤੋਂ ਕਰ ਰਹੇ ਹਨ। ਮਾਡਲ ਬਣਾਉਣ ਲਈ ਵੱਧ ਤੋਂ ਵੱਧ ਬੇਕਾਰ ਵਸਤੂਆਂ ਦਾ ਪ੍ਰਯੋਗ ਕਰਦੇ ਹੋਏ ਸਮਾਜਿਕ ਸਿੱਖਿਆ ਮਾਡਲ ਦੀ ਉਪਯੋਗਤਾ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਇਸ ਮੇਲੇ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੋਨਾਂ ਦੀ ਸ਼ਮੂਲੀਅਤ ਅਤੇ ਪ੍ਰਤਿਭਾ ਵੀ ਜ਼ਾਹਿਰ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਵਿਸ਼ਾ ਅਧਿਆਪਕ ਦੀ ਅਗਵਾਈ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲ, ਚਾਰਟ, ਨਕਸ਼ੇ, ਗਲੋਬ ਅਤੇ ਗਤੀਵਿਧੀਆਂ ਦੀ ਪ੍ਰਦਰਸ਼ਨੀ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਤੇ ਪਿੰਡ ਦੇ ਪਤਵੰਤੇ ਸੱਜਣਾਂ ਲਈ ਖਿੱਚ ਦਾ ਕੇੱਦਰ ਬਣ ਰਹੀ ਹੈ। ਸਮਾਜਿਕ ਮੇਲੇ ਸਬੰਧੀ ਵਿਸ਼ਾ ਵਸਤੂ ਨੂੰ 10 ਭਾਗਾਂ ਵਿੱਚ ਵੰਡਿਆ ਗਿਆ ਹੈ।
ਇਸ ਸਬੰਧੀ ਹਰਪ੍ਰੀਤ ਕੌਰ ਸਟੇਟ ਕੋਆਰਡੀਨੇਟਰ ਸਮਾਜਿਕ ਸਿੱਖਿਆ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਸਮਾਜਿਕ ਵਿਸ਼ੇ ਦੇ ਮੇਲੇ ਪ੍ਰਤੀ ਵਧੇਰੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਧਿਆਪਕ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਪਹਿਲਕਦਮੀ ਨਾਲ ਸਾਇੰਸ ਤੇ ਹਿਸਾਬ ਮੇਲਿਆਂ ਦੀ ਤਰਜ਼ ’ਤੇ ਸਮਾਜਿਕ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਵਿਦਿਆਰਥੀਆਂ ਵਿੱਚ ਵਿਸ਼ੇ ਸਬੰਧੀ ਰੁਚੀ ਉਜਾਗਰ ਹੋਣ ਦੇ ਨਾਲ ਨਾਲ ਰਚਨਾਤਮਿਕ ਕਲਾਵਾਂ ਵੀ ਵਿਕਸ਼ਿਤ ਹੋਣਗੀਆਂ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…