nabaz-e-punjab.com

ਸੈਲਫ਼ ਹੈਲਪ ਗਰੁੱਪਾਂ ਅਤੇ ਸਥਾਨਕ ਕਿੱਤਾਕਾਰਾਂ/ਕਾਰੀਗਰਾਂ ਲਈ ਲਗਾਈ ਪਲੇਠੀ ਪ੍ਰਦਰਸ਼ਨੀ

ਸਵੈ ਰੁਜ਼ਗਾਰ ਦੇ ਖੇਤਰ ਨੂੰ ਪ੍ਰਫੁੱਲਤ ਕਰਨ ਲਈ ਸੈਲਫ ਹੈੱਲਪ ਗਰੁੱਪਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ: ਕਵਿਤਾ ਸਿੰਘ

ਸੈਲਫ ਹੈਲਪ ਗਰੁੱਪਾਂ ਤੇ ਕਿੱਤਾਕਾਰਾਂ/ਕਾਰੀਗਾਰਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਯੂਥ ਸਥਾਪਤ ਕੀਤੇ ਜਾਣਗੇ: ਡੀਸੀ

ਬੇਟੀ ਬਚਾਓ-ਬੇਟੀ ਪੜ੍ਹਾਓ ਅਤੇ ਪਰਾਲੀ ਨਾ ਫੂਕਣ ਦੇ ਵਿਸ਼ੇ ’ਤੇ ਕਰਵਾਏ ਵਿਦਿਆਰਥੀਆਂ ਦੇ ਰੰਗੋਲੀ ਮੁਕਾਬਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਕਤੂਬਰ:
ਸਵੈ ਰੁਜ਼ਗਾਰ ਦੇ ਖੇਤਰ ਨੂੰ ਪ੍ਰਫੁੱਲਤ ਕਰਨ ਲਈ ਸੈਲਫ ਹੈਲਪ ਗਰੁੱਪਾਂ ਅਤੇ ਸਥਾਨਕ ਕਿੱਤਾਕਾਰਾਂ/ਕਾਰੀਗਰਾਂ ਨੂੰ ਬਾਜ਼ਾਰ ਦੀ ਮੰਗ ਮੁਤਾਬਕ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ ਹੋਰ ਬਿਹਤਰ ਹੋ ਸਕਣ ਤੇ ਉਤਪਾਦ ਤਿਆਰ ਕਰਨ ਵਾਲਿਆਂ ਨੂੰ ਮੁਨਾਫਾ ਹੋ ਸਕੇ। ਇਸ ਤੋਂ ਇਲਾਵਾ ਉਤਪਾਦਾਂ ਦੀ ਵਿਕਰੀ ਲਈ ਸੈਲਫ ਹੈਲਪ ਗਰੁੱਪਾਂ ਅਤੇ ਸਥਾਨਕ ਕਿੱਤਾਕਾਰਾਂ/ਕਾਰੀਗਰਾਂ ਨੂੰ ਆਨਲਾਈਨ ਮਾਰਕਿਟਿੰਗ ਸਮੇਤ ਵਿਸ਼ੇਸ਼ ਮੰਚ ਵੀ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਸ੍ਰੀਮਤੀ ਕਵਿਤਾ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੈਲਫ ਹੈਲਪ ਗਰੁੱਪਾਂ ਅਤੇ ਸਥਾਨਕ ਕਿੱਤਾਕਾਰਾਂ/ਕਾਰੀਗਰਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਲਾਈ ਪਹਿਲੀ ਪ੍ਰਦਰਸ਼ਨੀ ਅਤੇ ਸੇਲ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੀ ਮੌਜੂਦ ਸਨ।
ਸ੍ਰੀਮਤੀ ਕਵਿਤਾ ਸਿੰਘ ਨੇ ਕਿਹਾ ਕਿ ਉਪਤਾਪਦਾਂ ਦੀ ਵਿਕਰੀ ਲਈ ਅਜਿਹੇ ਮੰਚ ਮੁਹੱਈਆ ਕਰਵਾਉਣ ਨਾਲ ਜਿੱਥੇ ਉਤਪਾਦ ਤਿਆਰ ਕਰਨ ਵਾਲਿਆਂ ਨੂੰ ਉਤਸ਼ਾਹ ਮਿਲਦਾ ਹੈ, ਉਥੇ ਨਵੀਂ ਪੀੜ੍ਹੀ ਨੂੰ ਹੱਥੀਂ ਤਿਆਰ ਕੀਤੀਆਂ ਚੀਜ਼ਾਂ ਬਾਰੇ ਜਾਨਣ ਦਾ ਮੌਕਾ ਵੀ ਮਿਲਦਾ ਹੈ। ਸਭ ਤੋਂ ਅਹਿਮ ਗੱਲ ਹੈ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਆਨਲਾਈਨ ਮਾਰਕਿਟਿੰਗ ਉਤਪਾਦਾਂ ਦੀ ਵਿਕਰੀ ਦਾ ਇੱਕ ਵੱਡਾ ਜ਼ਰੀਆ ਹੈ ਤੇ ਵਿਭਾਗ ਵੱਲੋਂ ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਛੇਤੀ ਹੀ ਸਾਰਥਕ ਸਿੱਟੇ ਨਿਕਲਣਗੇ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਅਤੇ ਸਥਾਨਕ ਕਿੱਤਾਕਾਰਾਂ/ਕਾਰੀਗਰਾਂ ਨੂੰ ਉਤਸ਼ਾਹਤ ਕਰਨ ਲਈ ਸਮਾਜਿਕ ਸੁਰੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲਕੇ ਇਹ ਉਪਰਾਲਾ ਕੀਤਾ ਗਿਆ ਹੈ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਲ ਵਿੱਚ ਦੋ ਵਾਰ ਅਜਿਹੇ ਮੇਲੇ ਤੇ ਪ੍ਰਦਰਸ਼ਨੀਆਂ ਲਾਏ ਜਾਇਆ ਕਰਨਗੇ। ਹੱਥੀਂ ਉਤਪਾਦ ਤਿਆਰ ਕਰਨ ਵਾਲਿਆਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦੇ ਨਾਲ-ਨਾਲ ਮੰਡੀਕਰਨ ਅਤੇ ਪੈਕੇਜਿੰਗ ਨੂੰ ਹੋਰ ਵਧੀਆ ਬਣਾਉਣ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸੈਲਫ ਹੈਲਪ ਗਰੁੱਪਾਂ ਅਤੇ ਸਥਾਨਕ ਕਿੱਤਾਕਾਰਾਂ/ਕਾਰੀਗਰਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਬੂਥ ਸਥਾਪਤ ਕੀਤੇ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਉਤਪਾਦਾਂ ਦੀ ਵਿਕਰੀ ਲਈ ਪੱਕਾ ਸਾਧਨ ਮਿਲ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਬੂਥਾਂ ਦੀ ਸਥਾਪਤੀ ਦਾ ਕੰਮ ਦੀਵਾਲੀ ਤੱਕ ਮੁਕੰਮਲ ਹੋ ਜਾਵੇ।
ਸ੍ਰੀਮਤੀ ਕਵਤਾ ਸਿੰਘ ਨੇ ਡਿਪਟੀ ਕਮਿਸ਼ਨਰ ਨਾਲ ਮੇਲੇ ਵਿੱਚ ਲੱਗੇ ਹਰ ਇੱਕ ਸਟਾਲ ਦਾ ਜਾਇਜ਼ਾ ਲਿਆ ਤੇ ਵੱਖ ਵੱਖ ਸਟਾਲਾਂ ਤੋਂ ਖ਼ਰੀਦਦਾਰੀ ਵੀ ਕੀਤੀ। ਉਨ੍ਹਾਂ ਨੇ ਪਿੰ੍ਰਸ ਹੈਂਡੀਕਰਾਫਟ ਦੇ ਬੈਨਰ ਹੇਠ ਜੂਟ ਅਤੇ ਸੂਤ ਤੋਂ ਬੈਗ ਤੇ ਹੋਰ ਸਜਾਵਟੀ ਸਾਮਾਨ ਤਿਆਰ ਕਰਨ ਵਾਲੇ ਰਾਜੀਵ ਸਿੰਘ ਨੂਰ ਅਤੇ ਸੇਵਾ ਭਾਰਤ ਐਨਜੀਓ ਦੇ ਕੰਮ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਪਿੰਡ ਘੜੂੰਆਂ ਦੇ ਕਾਰੀਗਰਾਂ ਵੱਲੋਂ ਲਾਏ ਸਰਬ ਲੋਹ ਦੇ ਭਾਂਡਿਆਂ ਦਾ ਸਟਾਲ ਵੀ ਖਿੱਚ ਦਾ ਕੇਂਦਰ ਰਿਹਾ। ਮੇਲੇ ਦੌਰਾਨ ਫੁਲਕਾਰੀਆਂ, ਖਾਣ ਪੀਣ ਦੇ ਆਰਗੈਨਿਕ ਉਤਪਾਦਾਂ, ਭਾਂਡਿਆਂ, ਹੱਥੀਂ ਤਿਆਰ ਕੀਤੇ ਕੱਪੜਿਆਂ, ਸਜਾਵਟੀ ਵਸਤਾਂ, ਆਦਿ ਦੇ ਸਟਾਲ ਲੱਗੇ ਹੋਏ ਸਨ।
ਮੇਲੇ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਅਤੇ ਪਰਾਲੀ ਨਾ ਫੂਕਣ ਦੇ ਸੁਨੇਹਾ ਦੇਣ ਦੇ ਵਿਸ਼ੇ ’ਤੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ ਤੇ ਮੁੱਖ ਮਹਿਮਾਨ ਤੇ ਡਿਪਟੀ ਕਮਿਸ਼ਨਰ ਵੱਲੋਂ ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ-3ਬੀ1 ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਟੌਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ, ਕੁੰਭੜਾ ਅਤੇ ਸਰਕਾਰੀ ਹਾਈ ਸਕੂਲ ਫੇਜ਼-5 ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਮੇਲੇ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਵੀ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਸਟਾਲ ਲਾਏ ਗਏ ਸਨ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਵੱਲੋਂ ਕਿੱਤਾਕਾਰਾਂ ਤੇ ਸੈਲਫ ਹੈਲਪ ਗਰੁੱਪਾਂ ਨੂੰ ਕਾਰੋਬਾਰ ਸਬੰਧੀ ਸਰਕਾਰੀ ਕਰਜ਼ਾ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ-ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜ਼ਿਲ੍ਹਾ ਪੱਧਰੀ ਯੂਨਿਟ ਵੱਲੋਂ ਵੀ ਨੌਜਵਾਨਾਂ ਨੂੰ ਹੁਨਰ ਵਿਕਾਸ ਦੀਆਂ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਜਸਬੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ, ਸੀਡੀਪੀਓ ਅਰਵਿੰਦਰ ਕੌੇਰ, ਸੀਡੀਪੀਓ ਹਰਮੀਤ ਕੌਰ, ਬਾਗਬਾਨੀ ਵਿਕਾਸ ਅਫ਼ਸਰ ਤਰਲੋਚਨ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਸੈਲਫ ਹੈਲਪ ਗਰੁੱਪਾਂ ਦੇ ਮੈਂਬਰ, ਸਥਾਨਕ ਕਾਰੀਗਰ/ਕਿੱਤਾਕਾਰ, ਸਕੂਲੀ ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …