ਸਵਰਗੀ ਅਮਰੀਕ ਸਿੰਘ ਤਹਿਸੀਲਦਾਰ ਫਾਉਂਡੇਸ਼ਨ ਦਾ ਪਲੇਠਾ ਸਨਮਾਨ ਸਮਾਰੋਹ

ਨਬਜ਼-ਏ-ਪੰਜਾਬ, ਮੁਹਾਲੀ, 5 ਨਵੰਬਰ:
ਸਵਰਗੀ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਫਾਉਂਡੇਸ਼ਨ ਵੱਲੋਂ ਮਰਹੂਮ ਅਮਰੀਕ ਸਿੰਘ ਤਹਿਸੀਲਦਾਰ ਦੇ ਜਨਮ ਦਿਨ ਨੂੰ ਸਮਰਪਿਤ ਪਲੇਠਾ ਸਨਮਾਨ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿੱਚ ਕਰਵਾਇਆ ਗਿਆ। ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸਕੱਤਰ ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ ਮੁੱਖ ਮਹਿਮਾਨ ਸਨ ਅਤੇ ਪ੍ਰਧਾਨਗੀ ਮੋਦੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕੀਤੀ। ਜਦੋਂਕਿ ਹਾਲ ਹੀ ਵਿੱਚ ਪੀਸੀਐਸ (ਜੁਡੀਸ਼ਲ) ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਸੁਰੱਖਿਆ ਗਾਰਡ ਦੀ ਧੀ ਪਰਮਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਫਾਉਂਡੇਸ਼ਨ ਦੇ ਸਰਪ੍ਰਸਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਉਪ ਕੁਲਪਤੀ ਡਾ. ਕੇਐਨ ਪਾਠਕ ਅਤੇ ਮੁੱਖ ਸਲਾਹਕਾਰ ਸਾਬਕਾ ਡੀਪੀਆਈ ਡਾ. ਜਗਤਾਰ ਸਿੰਘ ਖੱਟੜਾ ਵੀ ਮੌਜੂਦ ਰਹੇ।
ਫਾਉਂਡੇਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਸਮਾਜ ਸੇਵੀ ਬਲਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਹਰਮੀਤ ਕੌਰ ਸਿੱਧੂ ਨੂੰ ਪ੍ਰਿੰਸੀਪਲ ਭਰਪੂਰ ਸਿੰਘ ਯਾਦਗਾਰੀ ਐਵਾਰਡ ਅਤੇ ਦਸਵੀਂ ਵਿੱਚ ਪਹਿਲੇ ਸਥਾਨ ’ਤੇ ਆਈ ਨਿਹਾਰਿਕਾ ਸ਼ਰਮਾ ਨੂੰ ਅਮਰੀਕ ਸਿੰਘ ਤਹਿਸੀਲਦਾਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਇੱਕ ਸ਼ਾਲ, 5100 ਰੁਪਏ ਅਤੇ ਸਨਮਾਨ-ਚਿੰਨ੍ਹ ਦਿੱਤਾ ਗਿਆ। ਬੋਰਡ ਪ੍ਰੀਖਿਆਵਾਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲ ਫੇਜ਼-11 ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ 9 ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਦਿੱਤੇ ਗਏ।
ਮੁੱਖ ਮਹਿਮਾਨ ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ ਨੇ ਪ੍ਰਿੰਸੀਪਲ ਭਰਪੂਰ ਸਿੰਘ ਅਤੇ ਸਾਬਕਾ ਕੌਂਸਲਰ ਅਮਰੀਕ ਸਿੰਘ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦਿਆਂ ਫਾਉਂਡੇਸ਼ਨ ਅਤੇ ਸਕੂਲ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਵਿਸ਼ੇਸ਼ ਮਹਿਮਾਨ ਪਰਮਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਇਸ ਮੁਕਾਮ ’ਤੇ ਪਹੁੰਚਣਾ ਕੇਵਲ ਤੇ ਕੇਵਲ ਲਗਨ ਤੇ ਪੜ੍ਹਾਈ ਵਿੱਚ ਸਖ਼ਤ ਮਿਹਨਤ ਕਰਨ ਨਾਲ ਹੀ ਸੰਭਵ ਹੋਇਆ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਜਦੋਂ ਫਾਉਂਡੇਸ਼ਨ ਵੱਲੋਂ ਬੱਚਿਆਂ ਨੂੰ ਨਵੇਂ ਸਾਈਕਲ ਦਿੱਤੇ ਜਾ ਰਹੇ ਸੀ ਤਾਂ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਮੈਨੂੰ ਸਕੂਲ ਸਮੇਂ ਸਾਈਕਲ ਤੱਕ ਨਹੀਂ ਸੀ ਜੁੜਿਆ ਅਤੇ ਇਹ ਬੱਚੇ ਜਦੋਂ ਸਾਈਕਲ ਲੈ ਕੇ ਸਕੂਲ ਜਾਣਗੇ ਤਾਂ ਜਿੱਥੇ ਪੜ੍ਹਾਈ ਕਰਨ ਲਈ ਹੋਰ ਉਤਸ਼ਾਹਿਤ ਹੋਣਗੇ, ਉੱਥੇ ਆਪਣਾ ਸਾਈਕਲ ਚਲਾਉਣ ਦਾ ਮਨ ਦਾ ਚਾਅ ਪੂਰਾ ਕਰਨਗੇ।
ਫਾਉਂਡੇਸ਼ਨ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਡਾ. ਕੇ.ਐਨ. ਪਾਠਕ ਨੇ ਕਿਹਾ ਕਿ ਸੰਸਥਾ ਦਾ ਇਹ ਕਦਮ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰੇਗਾ ਅਤੇ ਹੋਰ ਸੰਸਥਾਵਾਂ ਨੂੰ ਵੀ ਵਿਦਿਆ ਦੇ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ। ਪ੍ਰਿੰਸੀਪਲ ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਜਦੋਂ ਆਪਣੇ ਜਾਇਆ ਅਤੇ ਦੂਜੇ ਦੇ ਬੱਚਿਆਂ ਵਿੱਚ ਫਰਕ ਮਿਟਾ ਦੇਵਾਂਗੇ ਤਾਂ ਵਿੱਦਿਆ ਦੇ ਚਾਨਣ ਦਾ ਫੈਲਾਅ ਹਰ ਮਨੁੱਖ ਵਿੱਚ ਦੇਖਣ ਨੂੰ ਮਿਲੇਗਾ। ਸਾਬਕਾ ਡੀਪੀਆਈ ਡਾ. ਜਗਤਾਰ ਸਿੰਘ ਖੱਟੜਾ ਨੇ ਕਿਹਾ ਕਿ ਇੱਕ ਅਧਿਆਪਕ ਹੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ।
ਫਾਊਡੇਸ਼ਨ ਦੇ ਪ੍ਰਧਾਨ ਅਤੇ ਸਰਦਾਰ ਅਮਰੀਕ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਪਾਪਾ ਜੀ ਵੱਲੋੱ ਸਮਾਜ ਸੇਵਾ ਅਤੇ ਖਾਸ ਤੌਰ ਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਮਿਲੀ ਵਿਰਾਸਤ ਨੂੰ ਅੱਗੇ ਤੋਰਨ ਲਈ ਇਹੋ ਜਿਹੇ ਉਪਰਾਲੇ ਜਾਰੀ ਰੱਖਣਗੇ।

ਇਸ ਤੋਂ ਪਹਿਲਾਂ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਸੱਜਣ ਸਿੰਘ ਨੇ ਅਮਰੀਕ ਸਿੰਘ ਨਾਲ ਇਸ ਪ੍ਰਾਇਮਰੀ ਨੂੰ ਸੀਨੀਅਰ ਸੈਕੰਡਰੀ ਬਣਾਉਣ ਤੱਕ ਦੇ ਸਫਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਪ੍ਰਿੰਸੀਪਲ ਵਰਿੰਦਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਕੂਲ ਵੱਲੋਂ ਅਮਰੀਕ ਸਿੰਘ ਤਹਿਸੀਲਦਾਰ ਦੇ ਸਪੁੱਤਰ ਤੇ ਫਾਉਂਡੇਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਬਲਿੰਦਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਫਾਉਂਡੇਸ਼ਨ ਦੇ ਮੈਂਬਰ ਬਲਿੰਦਰ ਸਿਘ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਵੀ.ਕੇ. ਮਹਾਜਨ, ਐਸ.ਕੇ. ਸ਼ਰਮਾ, ਜਗਦੀਸ਼ ਸਿੰਘ, ਕਰਨੈਲ ਸਿੰਘ, ਬਲਵੰਤ ਸਿੰਘ, ਐਡਵੋਕੇਟ ਹਰਵਿੰਦਰ ਸਿੰਘ ਸਿੱਧੂ, ਕੁਲਵਿੰਦਰ ਸਿੰਘ, ਲਲਿਤ ਘਈ, ਨਿਰਮਲ ਸਿੰਘ, ਅਰਵਿੰਦਰਪਾਲ ਸਿੰਘ, ਤੇਜਿੰਦਰ ਸਿੰਘ ਬਾਠ, ਇੰਜ. ਸਤਿੰਦਰਪਾਲ ਸਿੰਘ, ਬਲਵਿੰਦਰ ਸਿੰਘ ਉੱਤਮ, ਰਣਜੀਤ ਸਿੰਘ ਢਿੱਲੋਂ, ਰਣਜੀਤ ਸਿਘ ਮਾਨ, ਗੁਰਦੀਪ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਗਰੇਵਾਲ, ਹਰਜੀਤ ਸਿੰਘ, ਹਰਪਾਲ ਸਿੰਘ ਸੋਢੀ, ਹਰਪਾਲ ਸਿੰਘ, ਬਲਜੀਤ ਸਿੰਘ ਖੋਖਰ, ਤਰੁਨਜੀਤ ਸਿੰਘ, ਜੁਗਿੰਦਰ ਸਿੰਘ, ਹਰਬੰਸ ਸਿੰਘ ਕਲੇਰ, ਪਰਮਿੰਦਰ ਸਿੰਘ ਮਾਂਗਟ, ਭਗਵੰਤ ਸਿੰਘ ਬੇਦੀ, ਗੁਰਬੀਰ ਸਿੰਘ ਬਰਾੜ, ਨਿਰਮਲ ਸਿੰਘ ਸੰਧੂ, ਰਘਬੀਰ ਸਿੰਘ, ਸੁਰੇਸ਼ ਭਨੋਟ, ਸੋਹਣ ਸਿੰਘ, ਨਿਰੰਜਨ ਸਿੰਘ, ਬਲਵਿੰਦਰਪਾਲ ਸਿੰਘ ਸੰਤ, ਸੁਰਜੀਤ ਸਿੰਘ, ਸਤਨਾਮ ਸਿੰਘ ਮਾਨ ਨੇ ਵੀ ਸ਼ਮੂਲੀਅਤ ਕੀਤੀ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…