nabaz-e-punjab.com

ਜੀਟੀਯੂ ਦੀ ਨਵੀਂ ਚੁਣੀਂ ਗਈ 15ਵੀਂ ਜਨਰਲ ਕੌਂਸਲ ਦੀ ਹੋਈ ਪਹਿਲੀ ਮੀਟਿੰਗ

ਜਨਤਕ ਸਿੱਖਿਆ ਬਚਾਉਣ ਲਈ ਜਥੇਬੰਦੀ ਦੇ ਸਫ਼ਲ ਸੰਘਰਸ਼ਾਂ ਦੇ ਗੌਰਵਮਈ ਇਤਿਹਾਸ ’ਤੇ ਚੱਲਣ ਦਾ ਕੀਤਾ ਅਹਿਦ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਗੌਰਮਿੰਟ ਟੀਚਰਜ਼ ਯੂਨੀਅਨ ਦੀ ਤਿੰਨ ਸਾਲਾਂ ਲਈ ਨਵੀਂ ਚੁਣੀ 15ਵੀਂ ਜਨਰਲ ਕੌਂਸਲ ਨੇ ਪਹਿਲੀ ਮੀਟਿੰਗ ਦੌਰਾਨ ਅੱਜ ਪਹਿਲੀ ਜੂਨ ਨੂੰ ਸਿੱਖਿਆ ਮੰਤਰੀ ਦੇ ਹਲਕੇ ਗੁਰਦਾਸਪੁਰ ਵਿੱਚ ਨਵੀਂ ਸਰਕਾਰ ਉੱਤੇ ਸਾਬਕਾ ਸਰਕਾਰ ਵਾਲ਼ੀਆਂ ਜਨਤਕ ਸਿੱਖਿਆ ਮਾਰੂ ਨੀਤੀਆਂ ਤੇ ਚੱਲਣ ਦਾ ਦੋਸ਼ ਲਾਉਂਦਿਆਂ ਜਨਤਕ ਸਿੱਖਿਆ ਬਚਾਉਣ ਹਿਤ ਜਥੇਬੰਦੀ ਦੇ ਸਫ਼ਲ ਸੰਘਰਸ਼ਾਂ ਦੇ ਗੌਰਵਮਈ ਇਤਿਹਾਸ ਤੇ ਚੱਲਣ ਦਾ ਅਹਿਦ ਕੀਤਾ। ਜਨਰਲ ਕੌਸਲ ਦੀ ਕਾਰਵਾਈ ਬਾਰੇ ਜੀਟੀਯੂ ਦੇ ਸੂਬਾਈ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਨੇ ਦੱਸਿਆ ਕਿ ਕੌਂਸਲ ਦੇ ਇੱਕ ਰੋਜ਼ਾ ਸਮਾਗਮ ਦਾ ਆਗਾਜ਼ ਕਰਦਿਆਂ ਜੀਟੀਯੂ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਦੌੜਕਾ ਨੇ ਰਿਪੋਰਟ ਪੇਸ਼ ਕੀਤੀ। ਉਹਨਾਂ 1972 ਤੋਂ ਜ਼ਮਹੂਰੀ ਢੰਗ-ਤਰੀਕੇ ਨਾਲ਼ ਚੁਣੀ ਜਾਂਦੀ ਸੂਬੇ ਦੇ ਸਮੂਹ ਅਧਿਆਪਕਾਂ ਦੀ ਪਾਰਲੀਮੈਂਟ ਵਰਗੀ ਸੰਸਥਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਗੌਰਵਮਈ ਇਤਿਹਾਸ ਤੇ ਚਾਨਣਾ ਪਾਇਆ।
ਜਨਰਲ ਕੌਂਸਲ ਨੂੰ ਸੰਬੋਧਨ ਕਰਦਿਆਂ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਦੇ ਪ੍ਰਧਾਨ ਸਾਥੀ ਸਤੀਸ਼ ਰਾਣਾ ਅਤੇ ਜਨਰਲ ਸਕਤਰ ਸਾਥੀ ਵੇਦ ਪ੍ਰਕਾਸ਼ ਨੇ ਸੂਬੇ ਅਤੇ ਦੇਸ ਭਰ ਵਿੱਚ ਸਰਕਾਰਾਂ ਵੱਲੋਂ ਮੁਲਾਜ਼ਮ ਮਾਰੂ ਨੀਤੀਆਂ ‘ਤੇ ਸਾਮਰਾਜੀ ਸੋਚ ਅਧੀਨ ਇੱਕਮਤ ਹੋਣ ਦੀ ਸਾਜਿਸ਼ ਨੂੰ ਬੇਨਕਾਬ ਕਰਦਿਆਂ ਜੀਟੀਯੂ ਆਗੂਆਂ ਨੂੰ ਲੋਕ-ਸਿੱਖਿਆ ਬਚਾਉਣ ਦਾ ਹੋਕਾ ਦਿੱਤਾ।ਜਸਵੀ ਤਲਵਾੜਾ ਨੇ ਨਵੀਂ ਪੈਨਸ਼ਨ ਸਕੀਮ ਦੇ ਮੁਲਾਜ਼ਮ ਵਿਰੋਧੀ ਪੱਖ ਨੂੰ ਉਘੇੜਦਿਆਂ ਕਨਵੈਨਸ਼ਨ ਵਿੱਚ ਸ਼ਾਮਲ ਆਗੂਆਂ ਨੂੰ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ ਹਿਤ ਤਿੱਖੇ ਜ਼ਮਹੂਰੀ ਸੰਘਰਸ਼ ਵਿੱਢਣ ਲਈ ਵੰਗਾਰਿਆ।
ਜੀਟੀਯੂ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ਼ਿਵ ਕੁਮਾਰ ਨੇ ਜਥੇਬੰਦੀ ਵੱਲੋਂ ਬੀਤੇ ਤਿੰਨ ਵਰ੍ਹਿਆਂ ਦੌਰਾਨ ਕੀਤੇ ਸਫ਼ਲ ਸੰਘਰਸ਼ਾਂ ਅਤੇ ਪ੍ਰਾਪਤੀਆਂ ਦਾ ਬਿਓਰਾ ਦਿੰਦਿਆਂ ਨਵੀਂ ਚੁਣੀ ਜਨਰਲ ਕੌਂਸਲ ਨੂੰ ਸਰਕਾਰ ਦੀਆਂ ਅਧਿਆਪਕ-ਮਾਰੂ, ਸਿੱਖਿਆ-ਮਾਰੂ ਨੀਤੀਆਂ ਬਾਰੇ ਸੁਚੇਤ ਕਰਦਿਆਂ ਲਾਮਬੰਦ ਰਹਿਣ ਲਈ ਕਿਹਾ।ਜੀਟੀਯੂ ਦੇ ਸੀਨੀਅਰ ਮੀਤ ਪ੍ਰਧਾਨ ਮੰਗਲ ਟਾਂਡਾ ਨੇ ਜਥੇਬੰਦੀ ਦੇ ਵਜ਼ੂਦ ਵਿੱਚ ਆਉਣ ਤੋਂ ਹੁਣ ਤੱਕ ਦੇ ਸਫ਼ਲ ਸੰਘਰਸ਼ਾਂ ਦੇ ਇਤਿਹਾਸ ਬਾਰੇ ਦੱਸ ਕੇ ਭਵਿੱਖ ਦੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਹੋਕਾ ਦਿੱਤਾ। ਜੀਟੀਯੂ ਦੇ ਵਿੱਤ ਸਕੱਤਰ ਗੁਰਵਿੰਦਰ ਸਸਕੌਰ ਨੇ ਮੌਜੂਦਾ ਸਿੱਖਿਆ ਮੰਤਰੀ ਉੱਤੇ ਸਾਬਕਾ ਸਿੱਖਿਆ ਮੰਤਰੀ ਦੇ ਪਾਏ ਪੂਰਨਿਆਂ ਤੇ ਹੀ ਚੱਲਣ ਦਾ ਦੋਸ਼ ਲਾਉਂਦਿਆਂ ਨਿਯਮਾਂ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਸਿੱਖਿਆ ਮੰਤਰੀ ਵੱਲੋਂ ਹਾਲ ਹੀ ਵਿੱਚ ਅਧਿਆਪਕਾਂ ਦੀਆਂ ਵੱਡੇ ਪੈਮਾਨੇ ਤੇ ਕੀਤੀਆਂ ਬਦਲੀਆਂ ਨੂੰ ਅਧਿਆਪਕਾਂ ਦੇ ਮਰਜ਼ੀ ਨਾਲ਼ ਬਦਲੀ ਕਰਵਾਉਣ ਦੇ ਹੱਕ ਤੇ ਛਾਪਾ ਕਰਾਰ ਦਿੱਤਾ।
ਇਸ ਮੌਕੇ ਸੂਬਾਈ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਨੇ ਕਿਹਾ ਕਿ ਵੱਖ-ਵੱਕ ਸਕੀਮਾਂ ਅਧੀਨ ਕੰਮ ਕਰਦੇ ਸਾਰੇ ਅਧਿਆਪਕਾਂ ਨੂੰ ਰੈਗੂਲਰ ਕਰਵਾਉਣਾ, 15 ਦਿਨਾਂ ਦੀ ਮੈਡੀਕਲ ਛੁੱਟੀ ਦਾ ਫ਼ੈਸਲਾ ਵਾਪਸ ਕਰਵਾਉਣਾ, ਬਰਾਬਰ ਕੰਮ, ਬਰਬਾਰ ਤਨਖ਼ਾਹ ਦਾ ਮਾਣਯੋਗ ਸੁਪਰੀਮ ਕੋਰਟ ਦਾ ਫ਼ੈਸਲਾ ਲਾਗੂ ਕਰਵਾਉਣਾ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣਾਹਰੇ ਭਰਤੀ ਨੂੰ ਰੈਗੂਲਰ ਤੌਰ ਤੇ ਚਾਲੂ ਕਰਵਾਉਣਾ, ਪੇ-ਕਮੀਸ਼ਨ ਲਾਗੂ ਕਰਵਾਉਣਾ ਅਤੇ ਹੋਰ ਮੁੱਦੇ ਜੀਟੀਯੂ ਦੇ ਅਜੰਡੇ ਵਿੱਚ ਪਹਿਲੇ ਥਾਂਵਾਂ ਤੇ ਹਨ। ਜੀਟੀਯੂ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਮਾਨ ਅਤੇ ਕੁਲਵਿੰਦਰ ਸਿੰਘ ਮੁਕਤਸਰ, ਜੁਆਇੰਟ ਸਕੱਤਰ ਕੁਲਦੀਪ ਪੁਰੋਵਾਲ, ਜਥੇਬੰਦਕ ਸਕੱਤਰ ਪ੍ਰਿੰਸੀਪਲ ਅਮਨਦੀਪ ਸਰਮਾ, ਜੋਨਲ ਪ੍ਰੈੱਸ ਸਕੱਤਰ ਕਰਨੈਲ ਫ਼ਿਲੌਰ ਅਤੇ ਬਲਵਿੰਦਰ ਸਿੰਘ ਭੁੱਟੋ ਨੇ ਵੀ ਸੂਬੇ ਦੇ ਅਧਿਆਪਕਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਜੀਟੀਯੂ ਵੱਲੋਂ ਇਹਨਾਂ ਸੰਬੰਧੀ ਕੀਤੇ ਜਾਣਵਾਲ਼ੇ ਐਕਸ਼ਨਾਂ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਕਨਵੈਨਸ਼ਨ ਦੌਰਾਨ ਸਹਿਮਤੀ ਬਣੀ ਕਿ 15 ਜੂਨ ਤੱਕ ਸੂਬੇ ਦੇ ਸਾਰੇ ਵਿਧਾਨਕਾਰਾਂ ਅਤੇ ਮੰਤਰੀਆਂ ਨੂੰ ਸੂਬੇ ਦੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਸੰਬੰਧੀ ਮੰਗ-ਪੱਤਰ ਸੌਂਪੇ ਜਾਣਗੇ ਅਤੇ ਜੁਲਾਈ ਵਿੱਚ ਸਟੇਟ ਪੱਧਰ ਦਾ ਵੱਡਾ ਐਕਸ਼ਨ ਕੀਤਾ ਜਾਵੇਗਾ।
ਜੀਟੀਯੂ ਦੇ ਸੂਬਾਈ ਪ੍ਰਧਾਨ ਸੁਖਵਿੰੰਦਰ ਸਿੰਘ ਚਾਹਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਜੀਟੀਯੂ ਦੀ ਜਨਰਲ ਕੌਂਸਲ ਦੀ ਅੱਜ ਦੀ ਮੀਟਿੰਗ ਵਿੱਚ ਬੁਲਾਰਿਆਂ ਵੱਲੋਂ ਜਨਤਕ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਪ੍ਰਗਟਾਈ ਚਿੰਤਾ ਨਾਲ਼ ਉਹ ਅੱਖਰ ਪ੍ਰਤੀ ਅੱਖਰ ਸਹਿਮਤ ਹਨ।ਉਹਨਾਂ ਕਿਹਾ ਕਿ ਸੰਵਿਧਾਨ ਵਿੱਚ ਦਰਜ਼ ਦੇਸ ਨੂੰ ਸਮਾਜਵਾਦੀ ਢਾਂਚੇ ਵਜੋਂ ਵਿਕਸਿਤ ਕਰਨ ਦੇ ਸਿਧਾਂਤ ਤੇ ਚੱਲਣ ਵਾਲ਼ੀ ਸੰਸਥਾ ਜੀਟੀਯੂ ਦੇ ਪ੍ਰਧਾਨ ਵਜੋਂ ਸਿੱਖਿਆ ਦੇ ਨਿੱਜੀਕਰਨ ਦਾ ਭਰਵਾਂ ਵਿਰੋਧ ਕਰਨ ਲਈ ਉਹ ਆਗੂਆਂ ਨਾਲ਼ ਮਿਲ ਕੇ ਰਣਨੀਤੀ ਤਿਆਰ ਕਰਨਗੇ। ਉਹਨਾਂ ਕਿਹਾ ਕਿ ਉਹ ਜਥੇਬੰਦੀ ਦੇ ਸੰਘਰਸ਼ਾਂ ਦੇ ਇਤਿਹਾਸ ਤੇ ਚੱਲਦੇ ਹੋਏ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੀ ਪੈਰਵੀ ਲਈ ਫ਼ੈਸਲਾਕੁਨ ਸੰਘਰਸ਼ਾਂ ਦੀ ਰੂਪ ਰੇਖਾ ਤਿਆਰ ਕਰਨਗੇ। ਉਹਨਾਂ ਜਨਰਲ ਕੌਂਸਲ ਸਮੂਹ ਆਗੂਆਂ ਅਤੇ ਕਨਵੈਨਸ਼ਨ ਦਾ ਸਫ਼ਲ ਪ੍ਰਬੰਧ ਕਰਨ ਲਈ ਜੀਟੀਯੂ ਦੀ ਜ਼ਿਲ੍ਹਾ ਗੁਰਦਾਸਪੁਰ ਇਕਾਈ ਦਾ ਧੰਨਵਾਦ ਕੀਤਾ। ਕਨਵੈਨਸ਼ਨ ਦੇ ਅੰਤ ਵਿੱਚ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਿਨਾਂ ਨੀਤੀ ਬਦਲੀਆਂ ਕਰਨ, ਹਾਈਕੋਰਟ ਦੇ ਫ਼ੈਸਲੇ ਵਿਰੁੱਧ ਜੂਨੀਅਰ ਪੀਈਐਸ ਅਧਿਕਾਰੀਆਂ ਦੀਆਂ ਉੱਚ ਅਹੁਦਿਆਂ ਤੇ ਨਿਯੁਕਤੀਆਂ ਕਰਨ, ਘੱਟ ਗਿਣਤੀ ਦੀ ਆੜ ਹੇਠ ਸਕੂਲ ਬੰਦ ਕਰਨ, 4-9-14 ਏਸੀਪੀ ਸਕੀਮ ਦਾ ਲਾਭ ਅਧਿਆਪਕਾਂ ਨੂੰ ਨਾ ਦੇਣ, ਹਰ ਤਰ੍ਹਾਂ ਦੀਆਂ ਸਕੀਮਾਂ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਰੈਗੂਲਰ ਨਾ ਕਰਨ ਦੇ ਵਿਰੋਧ ਵਿੱਚ ਜਨਰਲ ਕੌਂਸਲ ਨੇ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਹ ਦਾ ਪ੍ਰਗਟਾਵਾ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…