
ਸਰਕਾਰੀ ਹਸਪਤਾਲ ਵਿੱਚ ਪਲੇਠਾ ਸੂਬਾ ਪੱਧਰੀ ‘ਸਿਹਤ ਮੇਲਾ’ ਸੋਮਵਾਰ ਨੂੰ
ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਅਤੇ ਵਿਧਾਇਕ ਕੁਲਵੰਤ ਸਿੰਘ ਕਰਨਗੇ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ ਭਲਕੇ 18 ਅਪਰੈਲ ਨੂੰ ਪਹਿਲਾ ਸੂਬਾ ਪੱਧਰੀ ਸਿਹਤ ਮੇਲਾ ਲਾਇਆ ਜਾ ਰਿਹਾ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਚੱਲਣ ਵਾਲੇ ਇਸ ਸੂਬਾ ਪੱਧਰੀ ਸਿਹਤ ਮੇਲੇ ਦਾ ਉਦਘਾਟਨ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਵਿਜੈ ਸਿੰਗਲਾ ਅਤੇ ਵਿਧਾਇਕ ਕੁਲਵੰਤ ਸਿੰਘ ਸਾਂਝੇ ਤੌਰ ’ਤੇ ਕਰਨਗੇ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਤਿੰਨ ਸਿਹਤ ਬਲਾਕਾਂ ਵਿੱਚ ਵੀ ਇਸੇ ਹਫ਼ਤੇ ਸਿਹਤ ਮੇਲੇ ਲਗਾਏ ਜਾਣਗੇ। ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਘੜੂੰਆਂ ਵਿੱਚ 20 ਅਪਰੈਲ ਨੂੰ, ਸਿਹਤ ਬਲਾਕ ਬੂਥਗੜ੍ਹ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ 21 ਅਪਰੈਲ ਅਤੇ ਸਿਹਤ ਬਲਾਕ ਡੇਰਾਬੱਸੀ ਅਧੀਨ ਲਾਲੜੂ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ 22 ਅਪਰੈਲ ਨੂੰ ਬਲਾਕ ਪੱਧਰੀ ਸਿਹਤ ਮੇਲੇ ਲਗਾਏ ਜਾ ਰਹੇ ਹਨ। ਘੜੂੰਆਂ ਦੇ ਮੇਲੇ ਦਾ ਉਦਘਾਟਨ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਬੂਥਗੜ੍ਹ ਮੇਲੇ ਦਾ ਉਦਘਾਟਨ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਅਤੇ ਲਾਲੜੂ ਵਿੱਚ ਲੱਗਣ ਵਾਲੇ ਮੇਲੇ ਦਾ ਉਦਘਾਟਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕੀਤਾ ਜਾਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਸਿਹਤ ਮੇਲਿਆਂ ਵਿੱਚ ਲੋਕਾਂ ਨੂੰ ਵੱਖ-ਵੱਖ ਸਿਹਤ ਸੇਵਾਵਾਂ ਮੌਕੇ ’ਤੇ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਵੱਖ-ਵੱਖ ਸਿਹਤ ਯੋਜਨਾਵਾਂ, ਪ੍ਰੋਗਰਾਮਾਂ ਅਤੇ ਵੱਖ-ਵੱਖ ਬੀਮਾਰੀਆਂ, ਲੱਛਣਾਂ, ਇਲਾਜ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਆਯੁੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਅੰਗ ਦਾਨ, ਖੂਨਦਾਨ, ਖ਼ੁਰਾਕ ਸੁਰੱਖਿਆ, ਗੈਰ-ਸੰਚਾਰੀ ਬੀਮਾਰੀਆਂ ਦੀ ਜਾਂਚ, ਦਿਵਿਆਂਗ ਪ੍ਰਮਾਣ ਪੱਤਰ ਸਬੰਧੀ ਸੇਵਾਵਾਂ ਅਤੇ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਮੇਲਿਆਂ ਦੌਰਾਨ ਫੂਡ ਸੇਫ਼ਟੀ ਵੈਨ ਉਪਲਬਧ ਰਹੇਗੀ, ਜਿੱਥੇ ਲੋਕ ਦੁੱਧ, ਜੂਸ, ਪਾਣੀ, ਕੋਲਡ ਡਰਿੰਕ, ਕੁਝ ਮਿਰਚ ਮਸਾਲਿਆਂ ਆਦਿ ਦੇ ਮਿਆਰ ਦੀ ਜਾਂਚ ਕਰਵਾ ਸਕਣਗੇ। ਜਿਸ ਦੀ ਸਰਕਾਰੀ ਫੀਸ ਪ੍ਰਤੀ ਵਸਤੂ 50 ਰੁਪਏ ਹੋਵੇਗੀ ਅਤੇ ਮੌਕੇ ’ਤੇ ਹੀ ਸੈਂਪਲ ਦੀ ਜਾਂਚ ਰਿਪੋਰਟ ਦਿੱਤੀ ਜਾਵੇਗੀ।