
ਪਹਿਲਾਂ ਤਣਾ ਵੱਢਿਆ, ਹੁਣ ਜੜ੍ਹ ਤੋਂ ਹੀ ਗਾਇਬ ਕੀਤਾ ਰੁੱਖ: ਨਰਿੰਦਰ ਕੰਗ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੁੱਖ ਕੱਟਣ ਦਾ ਮਾਮਲਾ ਸੰਸਦ ਵਿੱਚ ਚੁੱਕਣ ਦਾ ਦਿੱਤਾ ਭਰੋਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਇੱਥੋਂ ਦੇ ਸੈਕਟਰ-70 ਅਤੇ ਸੈਕਟਰ-69 ਨੂੰ ਵੰਡਦੀ ਕੁੰਭੜਾ ਤੋਂ ਸੋਹਾਣਾ ਮੁੱਖ ਸੜਕ ’ਤੇ ਦਰਖ਼ਤ ਵੱਢਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਵਾਤਾਵਰਨ ਪ੍ਰੇਮੀ ਅਤੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਨੇ ਦੋਸ਼ ਲਾਇਆ ਇੱਥੇ ਨਿਰਮਾਣ ਅਧੀਨ ਬਹੁਮੰਜ਼ਲਾ ਇਮਾਰਤ ਦੇ ਪ੍ਰਬੰਧਕ ਸ਼ਰ੍ਹੇਆਮ ਹਰੇ ਭਰੇ ਰੁੱਖਾਂ ’ਤੇ ਕੁਹਾੜਾ ਚਲਾ ਰਹੇ ਹਨ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਉਨ੍ਹਾਂ ਨੇ ਮਾਮਲਾ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਲਿਆ ਕੇ ਉਚਿੱਤ ਕਾਰਵਾਈ ਦੀ ਮੰਗ ਕੀਤੀ ਹੈ। ਸੀਚੇਵਾਲ ਨੇ ਭਰੋਸਾ ਦਿੱਤਾ ਕਿ ਇਹ ਗੰਭੀਰ ਮਾਮਲਾ ਹੈ, ਉਹ ਇਸ ਨੂੰ ਸੰਸਦ ਵਿੱਚ ਚੁੱਕਣਗੇ। ਸ਼ਿਕਾਇਤ ਕਰਤਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਰੁੱਖ ਕੱਟਣ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਅਤੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਸ੍ਰੀ ਕੰਗ ਨੇ ਦੱਸਿਆ ਕਿ ਸੈਕਟਰ-70 ਵਾਲੇ ਪਾਸੇ ਸੜਕ ਕਿਨਾਰੇ ਖੜੇ ਇਸ ਰੁੱਖ ਨੂੰ ਸਰਕਾਰੀ ਨੰਬਰ-638 ਲੱਗਾ ਹੋਇਆ ਸੀ) ਨੂੰ ਵੱਢ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਸੂਖਵਾਨ ਵਿਅਕਤੀ ਆਪਣੇ ਨਿੱਜੀ ਫਾਇਦੇ ਲਈ ਹਰੇ ਭਰੇ ਦਰਖਤ ਜੜੋਂ੍ਹ ਪੁੱਟ ਕੇ ਜ਼ਮੀਨ ਨੂੰ ਪੱਧਰਾ ਕਰ ਰਹੇ ਹਨ। ਇੱਥੇ ਹੀ ਬਸ ਨਹੀਂ ਮਿੱਟੀ ਪੁੱਟ ਕੇ ਹੋਰ ਕਈ ਦਰਖਤਾਂ ਦੀਆਂ ਜੜ੍ਹਾਂ ਵੀ ਨੰਗੀਆਂ ਕਰ ਦਿੱਤੀਆਂ ਹਨ।
ਵਾਤਾਵਰਨ ਪ੍ਰੇਮੀ ਨੇ ਦੱਸਿਆ ਕਿ 10 ਕੁ ਦਿਨ ਪਹਿਲਾਂ ਇਸ ਥਾਂ ’ਤੇ ਦਰਖਤਾਂ ਦੇ ਵੱਡੇ ਵੱਡੇ ਟਾਹਣੇ ਕੱਟੇ ਗਏ ਸਨ ਤੱਦ ਵੀ ਉਨ੍ਹਾਂ ਨੇ ਵਿਰੋਧ ਕੀਤਾ ਸੀ ਅਤੇ ਉਸ ਸਮੇਂ ਨਿਰਮਾਣ ਅਧੀਨ ਇਮਾਰਤ ਦੇ ਮੈਨੇਜਰ ਨੇ ਦਾਅਵਾ ਕੀਤਾ ਸੀ ਕਿ ਉਹ ਸਿਰਫ਼ ਦਰਖਤਾਂ ਨੂੰ ਉੱਪਰੋਂ ਛਾਂਗ ਰਹੇ ਹਨ, ਪ੍ਰੰਤੂ ਹੁਣ ਰੁੱਖਾਂ ਨੂੰ ਜੜ੍ਹੋਂ ਕੱਟਿਆਂ ਜਾ ਰਿਹਾ ਹੈ, ਜੋ ਇੱਕ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਮੱਤੇਵਾਲ ਜੰਗਲ ਨੂੰ ਬਚਾਉਣ ਦਾ ਐਲਾਨ ਕਰ ਰਹੀ ਹੈ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਸੂਬੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ ਪਰ ਦੂਜੇ ਪਾਸੇ ਮੁਹਾਲੀ ਖੇਤਰ ਵਿੱਚ ਹਰੇ ਭਰੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ।