Nabaz-e-punjab.com

ਮੁਹਾਲੀ ਤੋਂ ਯੂਪੀ ਦੇ ਹਰਦੋਈ ਲਈ ਪ੍ਰਵਾਸੀਆਂ ਨੂੰ ਛੱਡਣ ਅੱਜ ਰਵਾਨਾ ਹੋਵੇਗੀ ਪਹਿਲੀ ਰੇਲਗੱਡੀ

ਅਗਲੇ 20 ਦਿਨਾਂ ਤੱਕ ਜਾਰੀ ਰਹੇਗੀ ਦੂਜੇ ਸੂਬਿਆਂ ਦੇ ਲੋਕਾਂ ਨੂੰ ਪਿਤਰੀ ਰਾਜਾਂ ਵਿੱਚ ਭੇਜਣ ਦੀ ਮੁਹਿੰਮ: ਡੀਸੀ

ਸਿਰਫ਼ ਸਰਕਾਰੀ ਬੱਸਾਂ ਨੂੰ ਰੇਲਵੇ ਸਟੇਸ਼ਨ ਦੀ ਪਾਰਕਿੰਗ ਤੱਕ ਜਾਣ ਦੀ ਮਿਲੇਗੀ ਇਜਾਜ਼ਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਮੁਹਾਲੀ ਸਮੇਤ ਪੰਜਾਬ ਵਿੱਚ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫਸੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਵਾਪਸ ਪਿਤਰੀ ਰਾਜਾਂ ਵਿੱਚ ਭੇਜਣ ਦੀ ਮੁਹਿੰਮ ਜਾਰੀ ਹੈ। ਪ੍ਰਵਾਸੀ ਵਿਅਕਤੀਆਂ ਦੀ ਪਹਿਲੀ ਰੇਲਗੱਡੀ ਭਲਕੇ 7 ਮਈ ਨੂੰ ਮੁਹਾਲੀ ਰੇਲਵੇ ਸਟੇਸ਼ਨ ਤੋਂ ਯੂਪੀ ਦੇ ਹਰਦੋਈ ਲਈ 1188 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਵੇਗੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਰੇਲਗੱਡੀ ਵਿੱਚ ਕੁਲ 22 ਡੱਬੇ ਹਨ ਅਤੇ ਹਰੇਕ ਵਿੱਚ 54 ਯਾਤਰੀ ਸਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 20 ਦਿਨਾਂ ਤੱਕ ਜਾਰੀ ਰਹੇਗੀ। ਸ਼ੁਰੂ ਵਿੱਚ ਇਕ ਰੇਲਗੱਡੀ ਸ਼ੁਰੂ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਲੋੜ ਅਨੁਸਾਰ 2 ਜਾਂ ਇਸ ਤੋਂ ਵੱਧ ਰੇਲ ਗੱਡੀਆਂ ਭੇਜੀਆਂ ਜਾ ਸਕਦੀਆਂ ਹਨ। ਰੇਲਗੱਡੀ ਨੂੰ ਯੂਪੀ ਸਰਕਾਰ ਦੀ ਜ਼ਰੂਰਤ ਅਨੁਸਾਰ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਵਿਸ਼ੇਸ਼ ਰੇਲਗੱਡੀ ਰਸਤੇ ਵਿੱਚ ਕਿਸੇ ਹੋਰ ਸੂਬੇ ਵਿੱਚ ਸਟੇਸ਼ਨ ’ਤੇ ਨਹੀਂ ਰੁਕੇਗੀ। ਮੁਹਾਲੀ ਤੋਂ ਸ਼ੁਰੂ ਹੋ ਕੇ ਇਹ ਗੱਡੀ ਸਿੱਧਾ ਹਰਦੋਈ (ਯੂਪੀ) ਵਿੱਚ ਜਾ ਕੇ ਰੁਕੇਗੀ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਯਾਤਰੀਆਂ ਨੂੰ ਮੁਫ਼ਤ ਖਾਣਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਦਾ ਸਾਰਾ ਖਰਚਾ ਸਰਕਾਰ ਖ਼ੁਦ ਚੁੱਕੇਗੀ।
ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਬੰਧਤ ਸੂਬੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਵੱਲੋਂ ਰੇਲਵੇ ਵਿਭਾਗ ਨੂੰ ਕਿਹਾ ਗਿਆ ਸੀ ਅਤੇ ਵਿਸ਼ੇਸ਼ ਰੇਲ ਗੱਡੀਆਂ ਅਲਾਟ ਕੀਤੀਆਂ ਗਈਆਂ ਹਨ। ਯਾਤਰੀਆਂ ਨੂੰ ਐਸਐਮਐਸ ਰਾਹੀਂ 8 ਕਲੈਕਸਨ ਸੈਂਟਰਾਂ ’ਚੋਂ ਇਕ ’ਤੇ ਸਕਰੀਨਿੰਗ ਲਈ ਸੂਚਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਬੱਸਾਂ ’ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਜਾਣਗੇ। ਬੱਸਾਂ ਪੜਾਅਵਾਰ ਰੇਲਵੇ ਸਟੇਸ਼ਨ ਜਾਣਗੀਆਂ। ਇਸ ਤੋਂ ਇਲਾਵਾ ਲੋਕਾਂ ਵੱਲੋਂ ਪ੍ਰਾਪਤ ਕੀਤੇ ਗਏ ਐਸਐਮਐਸ ਟਿਕਟ ਵਜੋਂ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਪਹਿਲੀ ਰੇਲ ਗੱਡੀ ਯੂਪੀ ਲਈ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਵੀ ਉਸੇ ਰਾਜ ਲਈ ਜਾਵੇਗੀ। ਬਾਕੀ ਦਾ ਸ਼ਡਿਊਲ ਬਾਅਦ ਵਿੱਚ ਤਿਆਰ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕੋਈ ਵੀ ਸਿੱਧਾ ਰੇਲਵੇ ਸਟੇਸ਼ਨ ਨਹੀਂ ਜਾਣਾ ਚਾਹੀਦਾ ਕਿਉਂਕਿ ਬੋਰਡਿੰਗ ਉਨ੍ਹਾਂ ਨੂੰ ਮਿਲੇ ਐਸਐਮਐਸ ਸੰਦੇਸ਼ਾਂ ਅਨੁਸਾਰ ਹੀ ਸਖ਼ਤੀ ਨਾਲ ਕੀਤੀ ਜਾਵੇਗੀ। ਇਹ ਸੰਦੇਸ਼ ਨਾ ਹੀ ਅੱਗੇ ਭੇਜੇ ਜਾਣ ਅਤੇ ਨਾ ਹੀ ਕਿਸੇ ਨਾਲ ਸਾਂਝੇ ਕੀਤੇ ਜਾਣ ਕਿਉਂਕਿ ਰੇਲਵੇ ਸਟੇਸ਼ਨ ਜਾਣ ਲਈ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਹਰ ਵਿਅਕਤੀ ਨੂੰ ਮਿਲੇ ਸੰਦੇਸ਼ ਨਿਰਧਾਰਿਤ ਕੁਲੈਕਸ਼ਨ ਸੈਂਟਰਾਂ ’ਤੇ ਜਾਂਚੇ ਜਾਣਗੇ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਜ਼ਬਰਦਸਤ ਨਾਕਾਬੰਦੀ ਕੀਤੀ ਜਾਵੇਗੀ ਅਤੇ ਸਿਰਫ਼ ਸਰਕਾਰੀ ਬੱਸਾਂ ਨੂੰ ਹੀ ਰੇਲਵੇ ਸਟੇਸ਼ਨ ਦੀ ਪਾਰਕਿੰਗ ਤੱਕ ਜਾਣ ਦੀ ਇਜਾਜ਼ਤ ਹੋਵੇਗੀ ਅਤੇ ਜਾਂਚ ਪ੍ਰਕਿਰਿਆ ’ਚੋਂ ਲੰਘੇ ਪ੍ਰਵਾਸੀ ਵਿਅਕਤੀਆਂ ਨੂੰ ਰੇਲਵੇ ਸਟੇਸ਼ਨ ’ਤੇ ਜਾਣ ਦਿੱਤਾ ਜਾਵੇਗਾ। ਉਂਜ ਉਨ੍ਹਾਂ ਭਰੋਸਾ ਦਿੱਤਾ ਕਿ ਪੋਰਟਲ ’ਤੇ ਅਪਲਾਈ ਕਰਨ ਵਾਲੇ ਸਾਰੇ ਲੋਕਾਂ ਨੂੰ ਵਾਪਸ ਘਰ ਭੇਜਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…