
ਬੱਬਰ ਖਾਲਸਾ ਅੱਤਵਾਦੀ ਸੰਗਠਨ ਦੇ ਪੰਜ ਕਾਰਕੁਨ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ
ਮੁਹਾਲੀ ਤੇ ਲੁਧਿਆਣਾ ਵਿੱਚ ਕਿਸੇ ਵੱਡੇ ਵਪਾਰੀ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸੀ ਮੁਲਜ਼ਮ
ਨਬਜ਼-ਏ-ਪੰਜਾਬ, ਮੁਹਾਲੀ, 3 ਅਗਸਤ:
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਮੁਹਾਲੀ ਪੁਲੀਸ ਨੇ ਬੱਬਰ ਖਾਲਸਾ ਅੱਤਵਾਦੀ ਸੰਗਠਨ ਦੇ ਪੰਜ ਕਾਰਕੁਨਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਐਸਪੀ (ਸਿਟੀ) ਅਕਾਸ਼ਦੀਪ ਸਿੰਘ ਅੌਲਖ ਅਤੇ ਐਸਪੀ (ਟਰੈਫ਼ਿਕ) ਹਰਿੰਦਰ ਸਿੰਘ ਮਾਨ ਦੀ ਨਿਗਰਾਨੀ ਹੇਠ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਅਤੇ ਪੁਲੀਸ ਚੌਂਕੀ ਫੇਜ਼-6 ਦੇ ਇੰਚਾਰਜ ਅਭਿਸ਼ੇਕ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਪੰਜ ਮੁਲਜ਼ਮਾਂ ਨਰਿੰਦਰ ਸਿੰਘ ਉਰਫ ਨਿੰਦੀ ਤੇ ਕੁਲਵੰਤ ਸਿੰਘ ਉਰਫ ਗੁੱਡੂ ਦੋਵੇਂ ਵਾਸੀ ਮਾਨਖੇੜੀ (ਮੋਰਿੰਡਾ), ਅਮਰਿੰਦਰ ਸਿੰਘ ਉਰਫ਼ ਕੈਪਟਨ ਵਾਸੀ ਸੈਕਟਰ-37, ਚੰਡੀਗੜ੍ਹ, ਲਵੀਸ਼ ਕੁਮਾਰ ਉਰਫ਼ ਲਵੀ ਵਾਸੀ ਪ੍ਰੀਤ ਨਗਰ, ਲੁਧਿਆਣਾ ਅਤੇ ਪਰਮਪ੍ਰਤਾਪ ਸਿੰਘ ਵਾਸੀ ਜੰਮੂ ਬਸਤੀ (ਅਬੋਹਰ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਦੇਸੀ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਰਿੰਦਰ ਉਰਫ਼ ਨਿੰਦੀ ਕੋਲ ਨਾਜਾਇਜ਼ ਅਸਲਾ ਹੈ ਅਤੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ। ਨਿੰਦੀ ਨੂੰ ਪਿਸਤੌਲ ਸਮੇਤ ਤੁਰੰਤ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਇਹ ਅਸਲਾ ਯੂਪੀ ਤੋਂ 10 ਹਜ਼ਾਰ ਰੁਪਏ ਵਿੱਚ ਖ਼ਰੀਦਿਆਂ ਸੀ ਜਦੋਂਕਿ ਦੂਜਾ ਪਿਸਤੌਲ ਉਸ ਨੇ ਕੁਲਵੰਤ ਸਿੰਘ ਤੋਂ ਲਿਆ ਸੀ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਇੱਕ ਹੋਰ ਦੇਸ਼ੀ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਬੱਬਰ ਖਾਲਸਾ ਅੱਤਵਾਦੀ ਜਥੇਬੰਦੀ ਨਾਲ ਸਬੰਧਤ ਕੁਲਵੰਤ ਸਿੰਘ ਨੇ ਇਹ ਪਿਸਤੌਲ ਅਮਰਿੰਦਰ ਸਿੰਘ ਉਰਫ਼ ਕੈਪਟਨ ਪਾਸੋਂ ਲਿਆ ਸੀ। ਮੁਲਜ਼ਮ ਦੇ ਦੱਸਣ ਅਨੁਸਾਰ ਉਸਨੇ ਅਮਰਿੰਦਰ ਸਿੰਘ, ਲਵੀਸ਼ ਉਰਫ਼ ਲਵੀ ਅਤੇ ਨਿੰਦੀ ਨਾਲ ਮਿਲ ਕੇ ਲੁਧਿਆਣਾ ਅਤੇ ਮੁਹਾਲੀ ਦੇ ਵੱਡੇ ਵਪਾਰੀ ਪਾਸੋਂ ਲੁੱਟ ਖੋਹ ਕੀਤੀ ਜਾਣੀ ਸੀ। ਇਸ ਸਬੰਧੀ ਲਵੀਸ਼ ਅਤੇ ਨਿੰਦੀ ਵੱਲੋਂ ਰੈਕੀ ਕੀਤੀ ਜਾ ਰਹੀ ਸੀ। ਕੈਪਟਨ ਅਤੇ ਲਵੀਸ਼ ਨੂੰ ਵੀ ਨਾਮਜ਼ਦ ਕੀਤਾ ਗਿਆ। ਹਾਲਾਂਕਿ ਪਰਮਪ੍ਰਤਾਪ ਸਿੰਘ ਨੇ ਗ੍ਰਿਫ਼ਤਾਰੀ ਸਮੇਂ ਕੈਪਟਨ ਲਵੀਸ਼ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ ਵੀ ਕਾਬੂ ਕਰ ਲਿਆ।
ਕੈਪਟਨ ਨੇ ਪੁੱਛਗਿੱਛ ਵਿੱਚ ਮੰਨਿਆ ਕਿ ਉਸ ਨੇ ਇੰਦੋਰ ਤੋਂ ਸਾਲ 2021 ਵਿੱਚ 2 ਪਿਸਤੌਲ ਅਤੇ 9 ਕਾਰਤੂਸ 55-55 ਹਜ਼ਾਰ ਰੁਪਏ ਵਿੱਚ ਖਰੀਦੇ ਸਨ। ਇਨ੍ਹਾਂ ’ਚੋਂ ਇੱਕ ਪਿਸਤੌਲ ਅਤੇ 2 ਕਾਰਤੂਸ ਕੁਲਵੰਤ ਸਿੰਘ ਅਤੇ ਇੱਕ ਪਿਸਤੌਲ ਸਮੇਤ 7 ਕਾਰਤੂਸ ਯਾਦਵਿੰਦਰ ਵਾਸੀ ਕਰਨਾਲ ਨੂੰ ਦਿੱਤਾ ਸੀ। ਪੁੱਛਗਿੱਛ ਦੇ ਅਧਾਰ ’ਤੇ ਯਾਦਵਿੰਦਰ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਿਸ ਦੀ ਭਾਲ ਜਾਰੀ ਹੈ।