ਮਾਹਵਾਰੀ ਸੁਰੱਖਿਆ ਪ੍ਰਬੰਧਨ ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਸਮਾਪਤ

ਮਾਹਵਾਰੀ ਬਾਰੇ ਜਾਗਰੂਕਤਾ ਲਈ ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਵੱਡੇ ਪੱਧਰ ’ਤੇ ਚਲਾਈ ਜਾਵੇਗੀ ਮੁਹਿੰਮ: ਸ੍ਰੀਮਤੀ ਸਪਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਸੰਯੁਕਤ ਰਾਸ਼ਟਰ ਦੀ ਸਵਿਟਜ਼ਰਲੈਂਡ ਆਧਾਰਿਤ ਸੰਸਥਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕੋਲੈਬਰੇਟਿੰਗ ਕੌਂਸਲ (ਡਬਲਿਊ.ਐਸ.ਐਸ.ਸੀ,.ਸੀ) ਵੱਲੋਂ ਮਾਹਵਾਰੀ ਸੁਰੱਖਿਆ ਪ੍ਰਬੰਧਨ ਵਿਸ਼ੇ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੋਹਾਣਾ ਵਿੱਚ ਕਰਵਾਈ ਗਈ ਪੰਜ ਰੋਜ਼ਾ ਵਰਕਸ਼ਾਪ, ਸਮਾਪਤ ਹੋ ਗਈ ਤੇ ਅੰਤਿਮ ਦਿਨ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲਿਕਾ ਅਰੋੜਾ ਨੇ ਵਰਕਸ਼ਾਪ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ।
ਇਸ ਮੌਕੇ ਸ੍ਰੀਮਤੀ ਸਪਰਾ ਨੇ ਲੋਹੜੀ ਦੀਆਂ ਵਧਾਈਆਂ ਦਿੰਦਿਆਂ ਵਰਕਸ਼ਾਪ ਵਿਚ ਹਿੱਸਾ ਲੈਣ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਇਸ ਵਿਸ਼ੇ ਸਬੰਧੀ ਸਾਰੇ ਜ਼ਿਲ੍ਹੇ ਵਿਚ ਜਾਗਰੂਕਤਾ ਮੁਹਿੰਮ ਚਲਾਉਣ ਬਾਰੇ ਉਨ੍ਹਾਂ ਦੇ ਵਿਚਾਰ ਲਏ। ਉਨ੍ਹਾਂ ਨੇ ਵਰਕਸ਼ਾਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਸ਼ੇ ਸਬੰਧੀ ਜਾਣਕਾਰੀ ਸਦਕਾ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਮਾਹਵਾਰੀ ਬਾਰੇ ਜਾਗਰੂਕਤਾ ਲਿਆਉਣ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲਿਕਾ ਅਰੋੜਾ ਨੇ ਕਿਹਾ ਕਿ ਵਰਕਸ਼ਾਪ ਵਿਚ ਹਿੱਸਾ ਲੈਣ ਵਾਲਿਆਂ ਨੇ ਜਿਸ ਠਰੰਮੇ ਨਾਲ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ‘ਮਾਸਟਰ ਟਰੇਨਰ’ ਬਣ ਗਏ ਹਨ, ਜਿਹੜੇ ਇਸ ਜਾਗਰੂਕਤਾ ਮੁਹਿੰਮ ਨੂੰ ਅੱਗੇ ਲੈ ਕੇ ਜਾਣਗੇ। ਉਨ੍ਹਾਂ ਨੇ ਵਰਕਸ਼ਾਪ ਵਿਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਇਹ ਮੁਹਿੰਮ ਰੁਕਣੀ ਨਹੀਂ ਚਾਹੀਦੀ। ਡਬਲਿਊ ਐਸ.ਐਸ.ਸੀ.ਸੀ. ਦੀ ਟਰੇਨਰ ਕੋਮਲ ਨੇ ਇਸ ਵਰਕਸ਼ਾਪ ਤਹਿਤ ਪੰਜ ਦਿਨਾਂ ਦੌਰਾਨ ਕੀਤੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਵਿਚ ਹਿੱਸਾ ਲੈਣ ਵਾਲਿਆਂ ਨੂੰ ਮਾਹਵਾਰੀ ਬਾਰੇ ਬਹੁਪੱਖੀ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਵੀ ਦੱਸਿਆ ਗਿਆ ਹੈ ਕਿ ਵਿਸ਼ੇਸ਼ ਲੋੜਾਂ ਵਾਲੀਆਂ ਲੜਕੀਆਂ/ਅੌਰਤਾਂ ਨੂੰ ਇਸ ਸਬੰਧੀ ਕਿਸ ਢੰਗ ਨਾਲ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਵਿਚ ਕੁੱਲ 50 ਜਣਿਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵੱਖ ਵੱਖ ਸਕੂਲਾਂ ਦੇ ਅਧਿਆਪਕ, ਆਂਗਣਵਾੜੀ ਤੇ ਆਸ਼ਾ ਵਰਕਰ, ਮਹੀਲਾ ਅਰੋਗ ਸਮਿਤੀ ਦੀਆਂ ਮੈਂਬਰਾਂ, ਡੀ.ਸੀ.ਪੀ.ਯੂ ਮੋਹਾਲੀ ਦੇ ਮੈਂਬਰ ਅਤੇ ਐਨ.ਜੀ.ਓ ਸੇਵਾ ਅਤੇ ਐਨ.ਜੀ.ਓ ਡੀ.ਆਈ.ਆਰ ਦੇ ਮੈਂਬਰ ਸ਼ਾਮਿਲ ਹੋਏ।
ਵਰਕਸ਼ਾਪ ਸਬੰਧੀ ਆਪਣਾ ਤਜਰਬਾ ਸਾਂਝਾ ਕਰਦਿਆਂ ਮਹਿਲਾ ਅਰੋਗ ਸਮਿਤੀ ਦੀਆਂ ਮੈਂਬਰਾਂ ਨੇ ਦੱਸਿਆ ਕਿ ਵਰਕਸ਼ਾਪ ਵਿਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਇਹ ਪਤਾ ਲੱਗਿਆ ਹੈ ਕਿ ਮਾਹਵਾਰੀ ਕੋਈ ਗਲਤ ਚੀਜ਼ ਨਾ ਹੋ ਕੇ ਇਕ ਕੁਦਰਤੀ ਪ੍ਰਕਿਰਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਮਾਹਵਾਰੀ ਬਾਰੇ ਕਈ ਵਹਿਮ ਹਨ ਅਤੇ ਮਾਹਵਾਰੀ ਵੇਲੇ ਅੌਰਤਾਂ ਨੂੰ ਧਾਰਮਿਕ ਸਥਾਨਾਂ ’ਤੇ ਜਾਣ ਤੋਂ ਵੀ ਰੋਕਿਆ ਜਾਂਦਾ ਹੈ, ਜੋ ਕਿ ਗਲਤ ਹੈ। ਉਨ੍ਹਾਂ ਨੇ ਅੌਰਤਾਂ ਨੂੰ ਜਾਗਰੂਕ ਕਰਨ ਲਈ ਇਕ ਯੋਜਨਾ ਬਣਾਈ ਹੈ ਜਿਸ ਤਹਿਤ ਵੱਖ ਵੱਖ ਕੈਂਪ ਲਾਏ ਜਾਣਗੇ। ਉਹ ਆਪਣੇ ਪਤੀਆਂ ਦੀ ਮਦਦ ਨਾਲ ਹੋਰਨਾਂ ਪੁਰਸ਼ਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਗੀਆਂ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਦੇ ਲਾਇਬ੍ਰੇਰੀਅਨ ਅਸ਼ੋਕ ਕੁਮਾਰ ਨੇ ਕਿਹਾ ਕਿ ਵਰਕਸ਼ਾਪ ਵਿਚ ਆਉਣ ਤੋਂ ਪਹਿਲਾਂ ਇਸ ਵਿਸ਼ੇ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਤੇ ਵਰਕਸ਼ਾਪ ਵਿਚ ਹਾਸਿਲ ਕੀਤੀ ਜਾਣਕਾਰੀ ਉਨ੍ਹਾਂ ਲਈ ਬਹੁਤ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਪੁਰਸ਼ਾਂ ਨੂੰ ਵੀ ਇਸ ਵਿਸ਼ੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਪਰਿਵਾਰ ਵਿਚਲੀਆਂ ਅੌਰਤਾਂ ਦੀ ਬਿਹਤਰ ਢੰਗ ਨਾਲ ਮਦਦ ਕਰ ਸਕਣ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਮੁਹਾਲੀ ਤੋਂ ਹੋਈ ਹੈ। ਜ਼ਿਕਰਯੋਗ ਹੈ ਕਿ ਵਰਕਸ਼ਾਪ ਦੌਰਾਨ ਇਹ ਵੀ ਦੱਸਿਆ ਗਿਆ ਕਿ ਮਾਹਵਾਰੀ ਸਬੰਧੀ ਅੌਰਤਾਂ ਵੱਲੋਂ ਵਰਤੀ ਜਾਂਦੀ ਮੈਡੀਕਲ ਸਮੱਗਰੀ ਨੂੰ ਸਹੀ ਢੰਗ ਨਾਲ ਨਸ਼ਟ ਕਿਸ ਤਰ੍ਹਾਂ ਕਰਨਾ ਹੈ ਤਾਂ ਜੋ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ।
ਵਰਕਸ਼ਾਪ ਦੌਰਾਨ ਮਾਹਵਾਰੀ ਸਬੰਧੀ ਵਰਤੀ ਜਾਣ ਵਾਲੀ ਸਮੱਗਰੀ ਜਿਵੇਂ ਕਿ ਕੱਪੜੇ ਦੇ ਪੈਡਜ਼, ਸਸਤੇ ਭਾਅ ਦੇ ਲੋਕਲ ਮੇਡ ਪੈਡਜ਼, ਪੈਮਪੋਨਜ਼, ਮਾਹਵਾਰੀ ਕਪਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਂਗਨਵਾੜੀ ਵਰਕਰਾਂ ਨੇ ਕਿਹਾ ਕਿ ਜਿਹੜੀ ਜਾਣਕਾਰੀ ਉਨ੍ਹਾਂ ਨੇ ਇਸ ਵਰਕਸ਼ਾਪ ਜ਼ਰੀਏ ਹਾਸਿਲ ਕੀਤੀ ਹੈ, ਉਹ ਹੋਰਨਾਂ ਅੌਰਤਾਂ ਨਾਲ ਸਾਂਝੀ ਕੀਤੀ ਜਾਵੇਗੀ। ਵਿਸ਼ੇਸ਼ ਤੌਰ ’ਤੇ ਵੱਡੀ ਉਮਰ ਦੀਆਂ ਅੌਰਤਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਆਪਣੇ ਨਾਲ ਸਬੰਧਿਤ ਲੜਕੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਸਕਣ। ਇਸ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਅਨਾਥ ਬੱਚੀਆਂ ਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੁਹਾਣਾ ਦੀ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਮਹਾਜਨ, ਸਕੂਲ ਅਧਿਆਪਿਕਾ ਤੇ ਵਰਕਸ਼ਾਪ ਕੋਆਰਡੀਨੇਟਰ ਸੁਧਾ ਜੈਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਪ੍ਰੀਤ ਕੌਰ ਤੇ ਹੋਰ ਸਕੂਲ ਸਟਾਫ਼ ਮੈਂਬਰ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…