
ਮੁਹਾਲੀ ਵਿੱਚ ਸੀਆਰਪੀਐਫ਼ ਤੇ ਪੁਲੀਸ ਜਵਾਨਾਂ ਵੱਲੋਂ ਫਲੈਗ ਮਾਰਚ
ਸ਼ਹਿਰ ਵਿੱਚ ਚੌਕਸੀ ਵਧਾਉਣ ਲਈ ਐਸਐਸਪੀ ਨੇ ਕੀਤੀ ਪੀਸੀਆਰ ਜਵਾਨਾਂ ਨਾਲ ਹੰਗਾਮੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜਨਵਰੀ:
ਫਰਵਰੀ ਮਹੀਨੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀਤੇ ਦਿਨੀਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਤੁਰੰਤ ਬਾਅਦ ਸੀਆਰਪੀਐਫ਼ ਅਤੇ ਪੁਲੀਸ ਨੇ ਚੌਕਸੀ ਵਧਾਉਂਦਿਆਂ ਆਪੋ ਆਪਣੇ ਮੋਰਚੇ ਸੰਭਾਲ ਲਏ ਹਨ ਅਤੇ ਰਾਤ ਸਮੇਂ ਮੁਹਾਲੀ ਨਾਲ ਲੱਗਦੀਆਂ ਗੁਆਂਢੀ ਸੂਬਿਆਂ ਦੀਆਂ ਹੱਕਾਂ ਅਤੇ ਸਮੂਹ ਐਂਟਰੀ ਪੁਆਇੰਟਾਂ ’ਤੇ ਨਾਕੇਬੰਦੀ ਸ਼ੁਰੂ ਹੋ ਗਈ ਹੈ। ਪੰਜਾਬ ਪੁਲੀਸ ਤੇ ਸੀਆਰਪੀਐਫ਼ ਵੱਲੋਂ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਹੀ ਦਿਨ ਵੇਲੇ ਵੀ ਗਸ਼ਤ ਤੇਜ ਕਰ ਦਿੱਤੀ ਗਈ ਹੈ।
ਉਧਰ, ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਮੁਹਾਲੀ ਦੇ ਐਸਪੀ (ਸਿਟੀ) ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਮੁਹਾਲੀ ਪੁਲੀਸ ਅਤੇ ਸੀਆਰਪੀਐਫ਼ ਦੇ ਜਵਾਨਾਂ ਵੱਲੋਂ ਫਲੈਗ ਮਾਰਚ ਕੀਤਾ ਗਿਆ। ਫਲੈਗ ਮਾਰਚ ਦੌਰਾਨ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਮ ਸ਼ਹਿਰੀਆਂ ਅਤੇ ਦੁਕਾਨਦਾਰਾਂ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਦਾ ਯਤਨ ਕੀਤਾ ਅਤੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਭੰਡਾਲ ਨੇ ਲੋਕਾਂ ਨੂੰ ਜਾਗਰੂਕ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਚੋਣਾਂ ਤੱਕ ਕਿਸੇ ਵੀ ਅਣਪਛਾਤੇ ਅਤੇ ਸ਼ੱਕੀ ਵਿਅਕਤੀ ਬਾਰੇ ਤੁਰੰਤ ਸਬੰਧਤ ਥਾਣੇ ਦੀ ਪੁਲੀਸ ਜਾਂ ਇਲਾਕੇ ਵਿੱਚ ਤਾਇਨਾਤ ਸੀਅਰਪੀਐਫ਼ ਦੇ ਜਵਾਨਾਂ ਨੂੰ ਇਤਲਾਹ ਦਿੱਤੀ ਜਾਵੇ ਤਾਂ ਜੋ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ।
ਉਧਰ, ਇਸੇ ਦੌਰਾਨ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਅੱਜ ਸ਼ਹਿਰ ਵਿੱਚ ਤਾਇਨਾਤ ਪੀਸੀਆਰ ਜਵਾਨਾਂ ਦੀ ਵੈਲਫੇਅਰ ਮੀਟਿੰਗ ਕੀਤੀ ਅਤੇ ਪੁਲੀਸ ਜਵਾਨਾਂ ਨੇ ਬੇਝਿਜਕ ਹੋ ਕੇ ਪੁਲੀਸ ਨੂੰ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੱਸੀਆਂ। ਜਿਨ੍ਹਾਂ ਨੂੰ ਸ੍ਰੀ ਚਾਹਲ ਵੱਲੋਂ ਮੌਕੇ ’ਤੇ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਚੋਣ ਜ਼ਾਬਤੇ ਨੂੰ ਇੰਨ ਬਿੰਨ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਵੇ। ਚੋਣਾਂ ਦੇ ਮੱਦੇਨਜ਼ਰ ਆਮ ਲੋਕਾਂ ਦੀ ਸੁਰੱਖਿਆ ਲਈ ਪੂਰੀ ਲਗਨ ਤੇ ਤਨਦੇਹੀ ਨਾਲ ਡਿਊਟੀ ਨਿਭਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡਿਊਟੀ ਵਿੱਚ ਕੋਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।