
ਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ
ਲੋਕਾਂ ਵਿੱਚ ਭਰੋਸਾ ਯਕੀਨੀ ਬਣਾਉਣ ਲਈ ਮਦਦਗਾਰ ਹੁੰਦੇ ਨੇ ਫਲੈਗ ਮਾਰਚ: ਗੁਰਪ੍ਰੀਤ ਭੁੱਲਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਮੁਹਾਲੀ ਪੁਲੀਸ ਵੱਲੋਂ ਬੁੱਧਵਾਰ ਸ਼ਾਮ ਨੂੰ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਐੱਸਐੱਸਪੀ ਡਾ. ਸੰਦੀਪ ਗਰਗ, ਐਸਪੀ (ਸਿਟੀ) ਅਕਾਸ਼ਦੀਪ ਸਿੰਘ ਅੌਲਖ, ਡੀਐਸਪੀ (ਸਿਟੀ-1) ਐਚਐਸ ਮਾਨ, ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ, ਮਟੌਰ ਥਾਣਾ ਦੇ ਐਸਐਚਓ ਗੱਬਰ ਸਿੰਘ ਸਮੇਤ ਵੱਖ-ਵੱਖ ਥਾਣਿਆਂ ਦੇ ਮੁਖੀਆਂ, ਪੈਰਾ ਮਿਲਟਰੀ ਫੋਰਸ ਦੀਆਂ ਟੁਕੜੀਆਂ, ਮਹਿਲਾ ਪੁਲੀਸ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਈਜੀ ਗਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲੀਸ ਵੱਲੋਂ ਫਲੈਗ ਮਾਰਚ ਰਾਹੀਂ ਆਮ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਹੈ ਕਿ ਪੁਲੀਸ ਹਰ ਵੇਲੇ ਉਨ੍ਹਾਂ ਦੇ ਨਾਲ ਹੈ ਅਤੇ ਇਸ ਨਾਲ ਜਿੱਥੇ ਸਮਾਜ ਵਿਰੋਧੀ ਅਨਸਰਾਂ ਵਿੱਚ ਕਾਨੂੰਨ ਦਾ ਡਰ ਵੀ ਬਣਿਆ ਰਹਿੰਦਾ ਹੈ, ਉੱਥੇ ਲੋਕਾਂ ਵਿੱਚ ਪੁਲੀਸ ਪ੍ਰਤੀ ਭਰੋਸਾ ਬੱਝਦਾ ਹੈ। ਪੰਜਾਬ ਵਿੱਚ ਲਗਾਤਾਰ ਵੱਧ ਰਹੇ ਗੈਂਗਸਟਰਵਾਦ ਅਤੇ ਗੈਂਗਸਟਰਾਂ ਵਿਚਾਲੇ ਚਲਦੀ ਖੂਨੀ ਜੰਗ ਬਾਰੇ ਪੁੱਛੇ ਜਾਣ ’ਤੇ ਆਈਜੀ ਭੁੱਲਰ ਨੇ ਕਿਹਾ ਕਿ ਪੰਜਾਬ ਵਿੱਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਅਤੇ ਪੁਲੀਸ ਵੱਲੋਂ ਗੈਂਗਸਟਰਾਂ ਨੂੰ ਲਗਾਤਾਰ ਕਾਬੂ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਲਈ ਆਈਟੀਬੀਪੀ ਦੀਆਂ ਤਿੰਨ ਕੰਪਨੀਆਂ ਮਿਲੀਆਂ ਹਨ। ਇਸ ਨਾਲ ਪੁਲੀਸ ਦੀ ਮੁਜਰਮਾਂ ਨਾਲ ਲੜਣ ਦੀ ਸਮਰਥਾ ਵਿੱਚ ਵਾਧਾ ਹੋਇਆ ਹੈ।
ਇਹ ਫਲੈਗ ਮਾਰਚ ਬਾਅਦ ਦੁਪਹਿਰ ਫੇਜ਼ 7 ਦੇ ਅੰਬਾ ਵਾਲਾ ਚੌਂਕ ਤੋਂ ਆਰੰਭ ਹੋਇਆ ਜਿਹੜਾ ਫੇਜ਼-7 ਦੀ ਮਾਰਕੀਟ, ਚਾਵਾਲਾ ਚੌਂਕ, ਫੇਜ਼-3ਬੀ2 ਦੀ ਮਾਰਕੀਟ, ਫੇਜ਼-3\ਫੇਜ਼-5 ਦੀਆਂ ਟਰੈਫ਼ਿਕ ਲਾਈਟਾਂ ਤੋਂ ਹੁੰਦਾ ਹੋਇਆ ਫੇਜ਼-6 ਵਿੱਚ ਪਹੁੰਚ ਕੇ ਸਮਾਪਤ ਹੋਇਆ।

ਉਧਰ, ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਵੱਖਰੇ ਤੌਰ ’ਤੇ ਫਲੈਗ ਮਾਰਚ ਕੀਤਾ ਗਿਆ। ਇਹ ਫਲੈਗ ਮਾਰਚ ਇੱਥੋਂ ਦੇ ਫੇਜ਼-7 ਨੇੜਿਓਂ ਸ਼ੁਰੂ ਹੋ ਕੇ ਫੇਜ਼-8, ਫੇਜ਼-9, ਫੇਜ਼-10, ਫੇਜ਼-11 ਸਮੇਤ ਇਤਿਹਾਸਕ ਪਿੰਡ ਸੋਹਾਣਾ ਅਤੇ ਮੁਹਾਲੀ ਏਅਰਪੋਰਟ ਸੜਕ ਅਤੇ ਹੋਰਨਾਂ ਥਾਵਾਂ ਵੱਲ ਜਾਂਦੇ ਹੋਏ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ।
ਡੀਐਸਪੀ ਬੱਲ ਨੇ ਦੱਸਿਆ ਕਿ ਫਲੈਗ ਮਾਰਚ ਵਿੱਚ ਸੈਂਟਰਲ ਥਾਣਾ ਫੇਜ਼-8, ਸੋਹਾਣਾ ਥਾਣਾ ਦੇ ਐਸਐਚਓਜ਼ ਸਮੇਤ ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਅਤੇ ਮਹਿਲਾ ਪੁਲੀਸ ਦੀ ਟੁਕੜੀ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਮੁਸਤੈਦ ਰਹਿੰਦੀ ਹੈ ਅਤੇ ਇਹ ਫਲੈਗ ਮਾਰਚ ਵੀ ਇਸੇ ਕਾਰਵਾਈ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਲੋਕਾਂ ਦਾ ਕਾਨੂੰਨ ਵਿਵਸਥਾ ਵਿੱਚ ਵਧੇਰੇ ਭਰੋਸਾ ਵੱਧਦਾ ਹੈ।