
ਮੁਹਾਲੀ ਵਿੱਚ ਫਲੈਟ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ, ਪੂਰਾ ਪਰਿਵਾਰ ਵਾਲ ਵਾਲ ਬਚਿਆ
ਗੁਆਂਢੀਆਂ ਨੇ ਦਿਖਾਈ ਦਲੇਰੀ, ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ, ਅੱਗ ਦੇ ਕਾਰਨਾਂ ਬਾਰੇ ਨਹੀਂ ਮਿਲਿਆ ਸੁਰਾਗ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ-66 ਵਿੱਚ ਦੇਰ ਰਾਤ ਇੱਕ ਬਿਜਨਸ਼ਮੈਨ ਦੇ ਫਲੈਟ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਹਾਲਾਂਕਿ ਅੱਗ ਦੀ ਲਪੇਟ ਵਿੱਚ ਆ ਕੇ ਪੂਰਾ ਘਰ ਸੜ ਕੇ ਸੁਆਹ ਹੋ ਗਿਆ ਹੈ ਪ੍ਰੰਤੂ ਇਸ ਦੌਰਾਨ ਪੀੜਤ ਪਰਿਵਾਰ ਦਾ ਵਾਲ ਵਾਲ ਬਚਾਅ ਹੋ ਗਿਆ। ਆਂਢੀਆਂ ਗੁਆਂਢੀਆਂ ਨੇ ਦਲੇਰੀ ਦਿਖਾਉਂਦਿਆਂ ਉਨ੍ਹਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ।
ਮਿਲੀ ਜਾਣਕਾਰੀ ਮੁਤਾਬਕ ਪ੍ਰਾਪਰਟੀ ਡੀਲਰ ਅਤੇ ਪੁਰਾਣੀਆਂ ਗੱਡੀਆਂ ਸੇਲ ਤੇ ਵੇਚ ਦਾ ਕੰਮ ਕਰਨ ਵਾਲਾ ਦਵਿੰਦਰ ਕੁਮਾਰ ਉਰਫ਼ ਆਸੂ ਸੈਕਟਰ-66 ਦੇ ਫਲੈਟ ਨੰਬਰ-2071ਏ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਅੱਜ ਦੇਰ ਸ਼ਾਮ ਕਰੀਬ ਸਾਢੇ 7 ਵਜੇ ਅਚਾਨਕ ਮਕਾਨ ਵਿੱਚ ਅੱਗ ਲੱਗ ਗਈ। ਖ਼ਬਰ ਲਿਖੇ ਜਾਣ ਤੱਕ ਅੱਗ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ। ਲੋਕਾਂ ਨੇ ਮੁਹਾਲੀ ਪੁਲੀਸ ਨਾਲ ਸੰਪਰਕ ਕੀਤਾ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਉਧਰ, ਫਾਇਰ ਬ੍ਰਿਗੇਡ ਸਟਾਫ਼ ਦੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਮੁਹਾਲੀ ਪੁਲੀਸ ਕੰਟਰੋਲ ਰੂਮ ਕਰੀਬ ਪੌਣੇ 8 ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਅਤੇ ਸਬ ਫਾਇਰ ਅਫ਼ਸਰ ਕਰਮ ਚੰਦ ਸੂਦ ਤੁਰੰਤ ਇੱਕ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਅੱਗ ਜ਼ਿਆਦਾ ਲੱਗੀ ਹੋਣ ਕਾਰਨ ਇੱਕ ਹੋਰ ਟੈਂਡਰ ਭੇਜਿਆ ਗਿਆ। ਇਸ ਤਰ੍ਹਾਂ ਦੋ ਫਾਇਰ ਟੈਂਡਰਾਂ ਨਾਲ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਲੇਕਿਨ ਉਦੋਂ ਤੱਕ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਏਸੀ, ਛੱਤ ਵਾਲੇ ਪੱਖੇ ਅਤੇ ਹੋਰ ਲੋਹੇ ਦਾ ਸਮਾਨ ਅਤੇ ਰਸੋਈ ਦੇ ਬਰਤਨ ਤੱਕ ਅੱਗ ਦੇ ਸੇਕ ਨਾਲ ਪਿੰਘਲ ਗਏ ਅਤੇ ਕੰਧਾਂ ਵੀ ਨੁਕਸਾਨੀਆਂ ਗਈਆਂ। ਉਧਰ, ਸੂਚਨਾ ਮਿਲਦੇ ਹੀ ਫੇਜ਼-11 ਥਾਣੇ ਦੇ ਐਸਐਚਓ ਅਮਨਪ੍ਰੀਤ ਸਿੰਘ ਅਤੇ ਸਬ ਇੰਸਪੈਕਟਰ ਨਰਿੰਦਰ ਸੂਦ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਉਧਰ, ਪ੍ਰਤੱਖਦਰਸ਼ੀਆਂ ਮੁਤਾਬਕ ਫਾਇਰ ਬ੍ਰਿਗੇਡ ਦੀ ਅੱਗ ਬੁਝਾਉਣ ਵਾਲੀ ਗੱਡੀ ਕਰੀਬ ਅੱਧਾ ਘੰਟਾ ਲੇਟ ਪੁੱਜੀ ਹੈ ਪ੍ਰੰਤੂ ਮੌਕੇ ਦੀ ਜਾਣਕਾਰੀ ਅਨੁਸਾਰ ਗਲੀ ਮੁਹੱਲੇ ਵਿੱਚ ਫੁੱਟਪਾਥਾਂ ’ਤੇ ਅਤੇ ਘਰਾਂ ਦੇ ਮੂਹਰੇ ਕਈ ਵਿਅਕਤੀਆਂ ਵੱਲੋਂ ਕਥਿਤ ਨਾਜਾਇਜ਼ ਕਬਜ਼ੇ ਕੀਤੇ ਹੋਣ ਕਾਰਨ ਗੁਰਦੁਆਰਾ ਸਾਹਿਬ ਤੋਂ ਘਟਨਾ ਸਥਾਨ ਤੱਕ ਪਹੁੰਚਣ ਲਈ ਫਾਇਰ ਟੈਂਡਰ ਨੂੰ ਕਰੀਬ 15 ਮਿੰਟ ਲੱਗ ਗਏ ਜਦੋਂ ਕਿ ਇਹ ਰਸਤਾ ਮਹਿਜ ਦੋ ਮਿੰਟ ਦਾ ਸੀ।