nabaz-e-punjab.com

ਆਨਲਾਈਨ ਰਜਿਸਟਰੀਆਂ ਸਬੰਧੀ ਪ੍ਰਬੰਧਕ ਖ਼ਾਮੀਆਂ ਕਾਰਨ ਲੋਕ ਖੱਜਲ ਖੁਆਰ: ਸ਼ਲਿੰਦਰ ਆਨੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ਸ਼ੁਰੂ ਕੀਤੀ ਗਈ ਆਨਲਾਈਨ ਰਜਿਸਟਰੀ ਦੀ ਪ੍ਰਕਿਰਿਆ ਵਿੱਚ ਖ਼ਾਮੀਆਂ ਕਾਰਨ ਆਮ ਲੋਕਾਂ ਨੂੰ ਖੱਜਲਖੁਾਰ ਹੋਣਾ ਪੈ ਰਿਹਾ ਹੈ ਅਤੇ ਪੀੜਤ ਵਿਅਕਤੀਆਂ ਦੀ ਕਿਤੇ ਸੁਣਵਾਈ ਵੀ ਨਹੀਂ ਹੋ ਰਹੀ ਹੈ। ਸਮਾਜ ਸੇਵੀ ਆਗੂ ਅਤੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਪਾਸੇ ਧਿਆਨ ਨਾ ਦੇਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਸ੍ਰੀ ਆਨੰਦ ਨੇ ਕਿਹਾ ਕਿ ਐਸ.ਏ.ਐਸ. ਨਗਰ (ਮੁਹਾਲੀ) ਬੀਤੀ 8 ਜਨਵਰੀ ਤੋਂ ਆਨਲਾਈਨ ਰਜਿਸਟਰੀਆਂ ਦੇ ਅਮਲ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅਜਿਹਾ ਕਰਨ ਲਈ ਪਹਿਲਾਂ ਤਾਂ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਖਰੀਦਦਾਰ ਅਤੇ ਵੇਚਣ ਵਾਲੇ ਦੇ ਪੂਰੇ ਦਸਤਾਵੇਜ਼ ਜਮਾਂ ਕਰਵਾ ਕੇ ਡੇਟ ਲੈਣੀ ਪੈਂਦੀ ਹੈ। ਜਦੋਂ ਦਫ਼ਤਰ ਵੱਲੋਂ ਰਜਿਸਟਰੀ ਲਈ ਡੇਟ ਜਾਰੀ ਕਰ ਦਿੱਤੀ ਜਾਂਦੀ ਹੈ ਤਾਂ ਕਦੇ ਦਫ਼ਤਰੀ ਮੁਲਾਜ਼ਮ ਹੜਤਾਲ ’ਤੇ ਹੁੰਦੇ ਹਨ ਅਤੇ ਕਦੇ ਭੀੜ ਭੜੱਕੇ ਕਾਰਨ ਰਜਿਸਟਰੀ ਕਰਵਾਉਣ ਆਉਣ ਵਾਲਿਆਂ ਨੂੰ ਸਾਰਾ ਸਾਰਾ ਦਿਨ ਪ੍ਰੇਸ਼ਾਨ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀ ਕਰਵਾਉਣ ਲਈ ਲੋਕ ਦੂਰ ਦੁਰਾਡੇ ਤੋਂ ਆਉਂਦੇ ਹਨ ਅਤੇ ਇੱਥੇ ਆ ਕੇ ਜਦੋਂ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਮੁਲਾਜ਼ਮ ਦੀ ਹੜਤਾਲ ਹੈ ਤਾਂ ਉਨ੍ਹਾਂ ਨੂੰ ਖੱਜਲ ਖੁਆਰ ਹੋ ਕੇ ਵਾਪਸ ਪਰਤਣਾ ਪੈਂਦਾ ਹੈ। ਅਜਿਹਾ ਕਈ ਵਾਰ ਵਾਪਰ ਚੁੱਕਾ ਹੈ।
ਸ੍ਰੀ ਆਨੰਦ ਨੇ ਕਿਹਾ ਕਿ ਆਨਲਾਈਨ ਰਜਿਸਟਰੀ ਲਈ ਦਿੱਤੀ ਗਈ ਤਰੀਕ ਨੂੰ ਵਿਅਕਤੀ ਨੂੰ ਭਾਵੇਂ ਸਵੇਰੇ 11 ਵਜੇ ਦਾ ਸਮਾਂ ਦਿੱਤਾ ਜਾਂਦਾ ਹੈ ਪ੍ਰੰਤੂ ਰਜਿਸਟਰੀ ਕਰਵਾਉਂਦੇ ਸ਼ਾਮ ਪੈ ਜਾਂਦੀ ਹੈ ਅਤੇ ਲੋਕਾਂ ਦਾ ਸਾਰਾ ਦਿਨ ਲੰਘ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਰਜਿਸਟਰੀਆਂ ਨਾ ਹੋਣ ਕਾਰਨ ਪ੍ਰਾਪਰਟੀ ਡੀਲਰਾਂ ਦੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਹਨ ਅਤੇ ਖਰੀਦਦਾਰ ਅਤੇ ਵੇਚਣ ਵਾਲਿਆਂ ਵਿੱਚ ਆਪਸੀ ਝਗੜੇ ਵੀ ਵੱਧ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਬਦਲਵੇਂ ਪ੍ਰਬੰਧ ਕੀਤੇ ਜਾਣ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜੇਕਰ ਕਿਸੇ ਵਿਅਕਤੀ ਨੂੰ ਆਨਲਾਈਨ ਰਜਿਸਟਰੀ ਲਈ ਸਮਾਂ ਅਤੇ ਤਰੀਕ ਦਿੱਤੀ ਜਾਂਦੀ ਹੈ ਤਾਂ ਉਸ ਦਿਨ ਸਮੇਂ ਸਿਰ ਰਜਿਸਟਰੀ ਹੋਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…