ਮੁਹਾਲੀ ਹਵਾਈ ਅੱਡੇ ਤੋਂ ਬੈਂਕਾਕ ਲਈ ਉਡਾਣ ਸ਼ੁਰੂ, ਯਾਤਰੀਆਂ ਦਾ ਗੁਲਾਬ ਦੇ ਫੁੱਲਾਂ ਨਾਲ ਸਵਾਗਤ

ਪਹਿਲੀ ਫਲਾਈਟ ਵਿੱਚ 140 ਯਾਤਰੀਆਂ ਨੇ ਕੀਤਾ ਸਫ਼ਰ, 40 ਯਾਤਰੀਆਂ ਨੇ ਕਰਵਾਈ ਵਾਪਸੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਖ਼ਰਕਾਰ ਅੱਜ ਬੈਂਕਾਕ ਲਈ ਸਿੱਧੀ ਉਡਾਣ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਅੱਜ ਪਹਿਲੀ ਫਲਾਈਟ ਵਿੱਚ 140 ਯਾਤਰੀਆਂ ਨੇ ਸਫ਼ਰ ਕੀਤਾ ਜਦੋਂ ਕਿ ਇਨ੍ਹਾਂ ’ਚੋਂ 40 ਯਾਤਰੀਆਂ ਨੇ ਆਪਣੀ ਵਾਪਸੀ ਵੀ ਕਰਵਾਈ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਆਈਏਐਸ ਵਿਸ਼ਵਜੀਤ ਖੰਨਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ, ਮੁਹਾਲੀ ਦੇ ਮੇਅਰ ਕੁਲਵੰਤ ਸਿੰਘ, ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਸੁਨੀਲ ਦੱਤ ਅਤੇ ਏਅਰ ਇੰਡੀਆ ਦੇ ਅਧਿਕਾਰੀ ਪਵਨ ਕੁਮਾਰ, ਐਮਆਈਏ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਹਰਿਆਣਾ ਅਤੇ ਯੂਟੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਪਹਿਲੀ ਫਲਾਈਟ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਗੁਲਾਬ ਦੇ ਫੁੱਲ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਏਅਰਪੋਰਟ ਅਥਾਰਟੀ ਅਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਹਾਲੀ ਤੋਂ ਅੱਜ ਰਸਮੀ ਤੌਰ ’ਤੇ ਥਾਈਲੈਂਡ ਲਈ ਤੀਜੀ ਇੰਟਰਨੈਸ਼ਨਲ ਉਡਾਣ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਸਿੰਘਾਪੁਰ ਅਤੇ ਦੁਬਈ ਲਈ ਇੰਟਰਨੈਸ਼ਨਲ ਉਡਾਣਾਂ ਸਨ। ਜਦੋਂ ਕਿ ਘਰੇਲੂ ਉਡਾਣਾਂ ਹਵਾਈ ਅੱਡੇ ਦੇ ਉਦਘਾਟਨ ਤੋਂ ਬਾਅਦ ਪਹਿਲ ਦਿਨ ਤੋਂ ਹੀ ਸਨ।
ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਸੁਨੀਲ ਦੱਤ ਨੇ ਦੱਸਿਆ ਕਿ ਮੁਹਾਲੀ ਏਅਰਪੋਰਟ ਤੋਂ ਬੈਂਕਾਕ ਲਈ ਹਫ਼ਤੇ ਵਿੱਚ ਤਿੰਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਡਾਣ ਭਰੀ ਜਾਇਆ ਕਰੇਗੀ। ਇਸ ਫਲਾਈਟ ਵਿੱਚ ਬਿਜ਼ਨਸ ਕਲਾਸ ਦੀ 12 ਸੀਟਾਂ ਅਤੇ ਇਕਾਨਮੀ ਕਲਾਸ ਦੀਆਂ 150 ਸੀਟਾਂ ਹਨ ਅਤੇ ਦੋਵੇਂ ਕਲਾਸਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ। ਮੀਟਿੰਗਾਂ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਕਰੀਬ ਸਾਢੇ 5 ਕੁ ਘੰਟੇ ਦਾ ਸਫ਼ਰ (ਆਉਣ ਤੇ ਜਾਣ) ਲਈ ਪ੍ਰਤੀ ਯਾਤਰੀ 22 ਹਜ਼ਾਰ ਰੁਪਏ ਭਾੜਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਹਾਲੀ ਤੋਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਨ ਦੀ ਲੋਕਾਂ ਦੀ ਚਿਰਕੌਣੀ ਮੰਗ ਪੜਾਅਵਾਰ ਪੁਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਅਤੇ ਕਸ਼ਮੀਰ ਦੇ ਯਾਤਰੀ ਆਉਂਦੇ ਜਾਂਦੇ ਰਹਿੰਦੇ ਹਨ। ਇਸ ਖੇਤਰ ਦੀ ਬ੍ਰਿਟੇਨ, ਅਮਰੀਕਾ, ਕੈਨੇਡਾ, ਯੂਰਪ, ਆਸਟਰੇਲੀਆ ਅਤੇ ਨਿਊਜ਼ੀਲੈਂਡ ਲਈ ਇੰਟਰਨੈਸ਼ਨਲ ਉਡਾਣਾਂ ਜਲਦੀ ਸ਼ੁਰੂ ਕਰਨ ਦੀ ਮੰਗ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਵਿਦੇਸ਼ੀ ਮੁਲਕਾਂ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਮੌਕੇ ਐਮਆਈਏ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਬੈਂਕਾਕ ਲਈ ਉਡਾਣ ਸ਼ੁਰੂ ਹੋਣ ਨਾਲ ਇਲਾਕੇ ਵਿੱਚ ਵਪਾਰਕ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ ਅਤੇ ਇਲਾਕੇ ਦੇ ਲੋਕਾਂ ਦਾ ਹੋਰਨਾਂ ਮੁਲਕਾਂ ਨਾਲ ਸਿੱਧਾ ਸੰਪਰਕ ਹੋਵੇਗਾ ਅਤੇ ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਹੁਣ ਦਿੱਲੀ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਹਵਾਈ ਉਡਾਣ ਲੈਣ ਵਿੱਚ 14 ਘੰਟੇ ਖਰਾਬ ਹੋ ਜਾਂਦੇ ਸਨ। ਜ਼ਿਕਰਯੋਗ ਹੈ ਕਿ ਮੁਹਾਲੀ ਹਵਾਈ ਅੱਡੇ ਤੋਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਨ ਸਬੰਧੀ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਨੇ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ। ਇਸ ਤੋਂ ਬਾਅਦ ਇਹ ਉਡਾਣ ਸ਼ੁਰੂ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…