nabaz-e-punjab.com

ਮੁਹਾਲੀ ਹਵਾਈ ਅੱਡੇ ’ਤੇ ਪੁਣੇ ਤੋਂ ਆਈ ਫਲਾਈਟ ਦੇ ਯਾਤਰੀਆਂ ਦੀ ਨਹੀਂ ਹੋਈ ਜਾਂਚ

ਸਿਹਤ ਵਿਭਾਗ ਦੇ ਨੋਡਲ ਅਫ਼ਸਰ ਨੇ ਅਣਜਾਣਤਾ ਪ੍ਰਗਟਾਈ

ਵੀਰਵਾਰ ਤੋਂ ਸਾਰੇ ਯਾਤਰੀਆਂ ਦੀ ਜਾਂਚ ਯਕੀਨੀ ਬਣਾਉਣ ਦੀ ਗੱਲ ਆਖੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਇਕ ਪਾਸੇ ਜਿੱਥੇ ਪੂਰੀਆ ਦੁਨੀਆ ਵਿੱਚ ਕਰੋਨਾਵਾਇਸ ਦੇ ਪ੍ਰਕੋਪ ਦੇ ਚੱਲਦਿਆਂ ਸਰਕਾਰਾਂ ਵੱਲੋਂ ਪੂਰੀ ਚੌਕਸੀ ਅਤੇ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਅਤੇ ਸਿਹਤ ਵਿਭਾਗ ਵੱਲੋਂ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਦੀ ਮੈਡੀਕਲ ਜਾਂਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਬੁੱਧਵਾਰ ਨੂੰ ਪੁਣੇ ਤੋਂ ਸਵੇਰੇ ਕਰੀਬ ਸਾਢੇ 6 ਵਜੇ ਮੁਹਾਲੀ ਹਵਾਈ ਅੱਡੇ ’ਤੇ ਪਹੁੰਚੀ ਫਲਾਈਟ ਦੇ ਕਿਸੇ ਵੀ ਯਾਤਰੀ ਦੀ ਜਾਂਚ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਣੇ ਵਿੱਚ ਪੜ੍ਹਾਈ ਕਰ ਰਹੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਅੱਜ ਪੁਣੇ ਤੋਂ ਆਪਣੇ ਘਰ ਆਉਣ ਲਈ ਮੁਹਾਲੀ ਏਅਰਪੋਰਟ ’ਤੇ ਉਤਰਿਆ ਸੀ ਅਤੇ ਹਵਾਈ ਅੱਡੇ ’ਤੇ ਕਰੋਨਾਵਾਇਰਸ ਦੀ ਜਾਂਚ ਲਈ ਇਕ ਵਿਸ਼ੇਸ਼ ਕਾਊਂਟਰ ਵੀ ਲੱਗਿਆ ਹੋਇਆ ਸੀ। ਵਿਦਿਆਰਥੀ ਨੇ ਦੱਸਿਆ ਕਿ ਫਲਾਈਟ ਤੋਂ ਥੱਲੇ ਉੱਤਰਨ ਤੋਂ ਬਾਅਦ ਉਹ ਅਤੇ ਬਾਕੀ ਯਾਤਰੀ ਮੈਡੀਕਲ ਕਾਊਂਟਰ ਦੇ ਸਾਹਮਣੇ ਜਾ ਕੇ ਖੜੇ ਹੋ ਗਏ। ਲਗਭਗ ਸਾਰੇ ਯਾਤਰੀਆਂ ਨੇ ਉੱਥੇ ਕਰੀਬ 15 ਤੋਂ 20 ਮਿੰਟ ਤੱਕ ਇੰਤਜ਼ਾਰ ਕੀਤਾ ਲੇਕਿਨ ਮੈਡੀਕਲ ਟੀਮ ਦਾ ਕੋਈ ਵੀ ਨੁਮਾਇੰਦਾ ਕਾਊਂਟਰ ਨਹੀਂ ਆਇਆ। ਇਸ ਮਗਰੋਂ ਉਹ ਆਪਣੇ ਮਾਪਿਆਂ ਨਾਲ ਕਾਰ ਵਿੱਚ ਬੈਠ ਕੇ ਆਪਣੇ ਘਰ ਚਲੇ ਗਏ ਜਦੋਂਕਿ ਬਾਕੀ ਯਾਤਰੀਆਂ ’ਚੋਂ ਕਈ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈਣ ਹਵਾਈ ਅੱਡੇ ’ਤੇ ਪਹੁੰਚੇ ਹੋਏ ਅਤੇ ਕਈ ਵਿਅਕਤੀ ਟੈਕਸੀ ਕਿਰਾਏ ’ਤੇ ਲੈ ਕੇ ਆਪਣੇ ਟਿਕਾਣਿਆਂ ਲਈ ਰਵਾਨਾ ਹੋ ਗਏ।
ਉਧਰ, ਇਸ ਸਬੰਧੀ ਸਿਹਤ ਵਿਭਾਗ ਦਾ ਪੱਖ ਜਾਣਨ ਲਈ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਦੇਰ ਸ਼ਾਮ ਤੱਕ ਨਾ ਹੀ ਕਿਸੇ ਯਾਤਰੀ ਵੱਲੋਂ ਕੋਈ ਸ਼ਿਕਾਇਤ ਹੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਮੁਹਾਲੀ ਹਵਾਈ ਅੱਡੇ ’ਤੇ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਵਿੱਚ ਸਫ਼ਰ ਕਰਨ ਵਾਲੇ ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਜ ਵੀ ਸੈਂਕੜੇ ਯਾਤਰੀਆਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਲਕੇ ਤੋਂ ਸਾਰੇ ਯਾਤਰੀਆਂ ਦੀ ਮੈਡੀਕਲ ਜਾਂਚ ਯਕੀਨੀ ਬਣਾਈ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਕਿ ਸਵੇਰ ਦੀ ਡਿਊਟੀ ਵਾਲਾ ਸਟਾਫ਼ ਸਮੇਂ ਸਿਰ ਕਾਊਂਟਰ ’ਤੇ ਕਿਉਂ ਨਹੀਂ ਪੁੱਜਾ।

Load More Related Articles

Check Also

ਮੁਹਾਲੀ ਨੇ ਜਿੱਤਿਆ ਅੰਡਰ-16 ਅੰਤਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਦਾ ਖਿਤਾਬ

ਮੁਹਾਲੀ ਨੇ ਜਿੱਤਿਆ ਅੰਡਰ-16 ਅੰਤਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਦਾ ਖਿਤਾਬ ਫਾਈਨਲ…