
ਹੜ੍ਹਾਂ ਦੀ ਮਾਰ: ਪਿੰਡ ਲਖਨੌਰ ਵਿੱਚ ਪੀੜਤ ਅੌਰਤ ਨੂੰ ਮਕਾਨ ਉਸਾਰੀ ਲਈ ਗਰਾਂਟ ਦਿੱਤੀ
ਨਬਜ਼-ਏ-ਪੰਜਾਬ, ਮੁਹਾਲੀ, 30 ਅਗਸਤ:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਟੀਮ ਨੇ ਹੜ੍ਹਾਂ ਦੀ ਮਾਰ ਹੇਠ ਆਏ ਪੀੜਤ ਲੋਕਾਂ ਦੇ ਨੁਕਸਾਨੇ ਮਕਾਨਾਂ ਦੇ ਵੇਰਵੇ ਤਿਆਰ ਕਰਨ ਤੋਂ ਬਾਅਦ ਹੁਣ ਗਰਾਂਟਾਂ ਪੁੱਜਦੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ‘ਆਪ’ ਵਿਧਾਇਕ ਦੀ ਟੀਮ ਦੇ ਮੈਂਬਰ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ ਬੈਦਵਾਨ ਨੇ ਅੱਜ ਪਿੰਡ ਲਖਨੌਰ ਵਿੱਚ ਮਾਤਾ ਲਾਭ ਕੌਰ ਦੇ ਘਰ ਪਹੁੰਚ ਕੇ ਉਸ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ ਇਕ ਲੱਖ 20 ਹਜ਼ਾਰ ਰੁਪਏ ਦੀ ਗਰਾਂਟ ਦਿੱਤੀ ਗਈ। ਇਸ ਮੌਕੇ ਬਚਿੱਤਰ ਸਿੰਘ ਮੌਲੀ, ਸਤਵਿੰਦਰ ਸਿੰਘ ਮਿੱਠੂ, ਬਚਿੱਤਰ ਸਿੰਘ, ਹਰਜੋਤ ਸਿੰਘ ਬੱਬਰ, ਗੁਰਸੇਵਕ ਸਿੰਘ ਪ੍ਰੇਮੀ ਵੀ ਮੌਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ ਬੈਦਵਾਨ ਨੇ ਕਿਹਾ ਕਿ ਹੜ੍ਹਾਂ ਦੌਰਾਨ ਮਾਤਾ ਲਾਭ ਕੌਰ ਦਾ ਮਕਾਨ ਨੁਕਸਾਨਿਆਂ ਗਿਆ ਸੀ। ਪੀੜਤ ਅੌਰਤ ਦੇ ਘਰ ਦੀ ਛੱਤ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿੱਤੀ ਸਹਾਇਤਾ ਦੇ ਰੂਪ ਵਿੱਚ ਗਰਾਂਟ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਮਾਤਾ ਲਾਭ ਕੌਰ ਦੇ ਤਹਿਸ-ਨਹਿਸ ਹੋਏ ਮਕਾਨ ਦੀ ਛੱਤ ਦਾ ਲੈਂਟਰ ਪਾਇਆ ਗਿਆ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਜਿਨ੍ਹਾਂ ਲੋਕਾਂ ਦੇ ਮਕਾਨ ਡਿੱਗੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਪੀੜਤਾਂ ਨੂੰ ਗਰਾਂਟ ਦੀ ਰਾਸ਼ੀ ਪਹੁੰਚਾਈ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਪੀੜਤ ਲੋਕਾਂ ਨੂੰ ਵੀ ਜਲਦੀ ਹੀ ਗਰਾਂਟ ਦਿੱਤੀ ਜਾਵੇਗੀ। ਆਪ ਆਗੂ ਨੇ ਦੱਸਿਆ ਕਿ ਮੁਹਾਲੀ ਖੇਤਰ ਵਿੱਚ ਹੜ੍ਹਾਂ ਦੌਰਾਨ ਨੁਕਸਾਨੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ।