
ਹੜ੍ਹਾਂ ਦੀ ਮਾਰ: ਸ਼੍ਰੋਮਣੀ ਅਕਾਲੀ ਦਲ ਨੇ ਮੁਹਾਲੀ ਵਿੱਚ ਪੀੜਤ ਲੋਕਾਂ ਨੂੰ ਰਾਸ਼ਨ ਵੰਡਿਆ
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋੜਵੰਦਾਂ ਦੀ ਬਾਂਹ ਫੜੀ: ਚੰਦੂਮਾਜਰਾ
ਨਬਜ਼-ਏ-ਪੰਜਾਬ, ਮੁਹਾਲੀ, 17 ਜੁਲਾਈ:
ਸ਼੍ਰੋਮਣੀ ਅਕਾਲੀ ਦਲ, ਹਲਕਾ ਮੁਹਾਲੀ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਇੱਥੋਂ ਦੇ ਫੇਜ਼-11 ਵਿੱਚ ਕੁਦਰਤ ਦੀ ਕਰੋਪੀ ਨਾਲ ਝੰਬੇ ਪੀੜਤ ਲੋਕਾਂ ਨੂੰ ਰਾਸ਼ਨ ਵੰਡਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਵੀ ਪੰਜਾਬ ਦੇ ਲੋਕਾਂ ’ਤੇ ਕੋਈ ਆਫ਼ਤ ਆਈ ਹੈ ਤਾਂ ਅਕਾਲੀ ਦਲ ਨੇ ਹਮੇਸ਼ਾ ਅੱਗੇ ਹੋ ਕੇ ਪੀੜਤ ਲੋਕਾਂ ਦੀ ਬਾਂਹ ਫੜੀ ਹੈ ਜਦੋਂਕਿ ਸਰਕਾਰੀ ਤੰਤਰ ਮਹਿਜ਼ ਖਾਨਾਪੂਰਤੀ ਕਰਨ ਵਿੱਚ ਲੱਗਾ ਹੋਇਆ ਹੈ।
ਚੰਦੂਮਾਜਰਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਜ਼-11 ਅਤੇ ਰਾਮਗੜ੍ਹੀਆ ਸਭਾ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਕਰੋਨਾ ਮਹਾਮਾਰੀ ਦੌਰਾਨ ਵੀ ਐਸਜੀਪੀਸੀ ਨੇ ਪੀੜਤ ਲੋਕਾਂ ਦੀ ਡਟ ਕੇ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਗੁਰੂਘਰ ਸਿਰਫ ਪੂਜਾ ਕਰਨ ਦੇ ਸਥਾਨ ਨਹੀਂ ਹਨ ਸਗੋਂ ਇਹ ਰੈਣ ਬਸੇਰੇ ਵੀ ਬਣਦੇ ਹਨ ਅਤੇ ਇੱਥੋਂ ਲੋਕਾਂ ਨੂੰ ਲੰਗਰ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਮਦਦ ਕਰਕੇ ਸਮੇਂ ਦੀਆਂ ਸਰਕਾਰਾਂ ਨੂੰ ਜਗਾਉਂਦੀਆਂ ਹਨ ਕਿਉਂਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ।
ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਰਟੀ ਨੇ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਕੇ ਮਦਦ ਕੀਤੀ ਗਈ ਹੈ। ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਵਾਰਡ ਅਤੇ ਬੂਥ ਪੱਧਰ ’ਤੇ ਲੋੜਵੰਦਾਂ ਦੀ ਮਦਦ ਕੀਤੀ ਜਾਵੇਗੀ।
ਇਸ ਮੌਕੇ ਕਰਮ ਸਿੰਘ ਬਬਰਾ, ਮਨਜੀਤ ਸਿੰਘ ਮਾਨ, ਗੁਰਚਰਨ ਸਿੰਘ ਨੰਨੜਾ, ਗੁਰਪ੍ਰੀਤ ਸਿੰਘ ਸਿੱਧੂ, ਸਰਬਜੀਤ ਗੋਲਡੀ, ਕੈਪਟਨ ਰਮਨਦੀਪ ਸਿੰਘ ਬਾਵਾ, ਹਰਜੀਤ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਚੇਚੀ, ਹਰਜੀਤ ਸਿੰਘ, ਸੁਖਦੇਵ ਸਿੰਘ ਵਾਲੀਆ, ਮਹਿੰਦਰ ਸਿੰਘ, ਹਰਪਾਲ ਸਿੰਘ, ਪ੍ਰਮੋਦ ਮਿਸ਼ਰਾ, ਕਸ਼ਮੀਰ ਕੌਰ, ਪਿੰਕੀ ਬਾਲਾ, ਸੁਰਿੰਦਰ ਕੌਰ, ਬੀਬੀ ਸੋਨੀਆ, ਬੀਬੀ ਬਾਲਾ ਠਾਕੁਰ, ਮੱਖਣ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।