Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਫਲਾਇੰਗ ਮੈਡੀਸਨ ਬਾਕਸ ਕੁਦਰਤੀ ਆਫ਼ਤਾਂ ਸਮੇਂ ਲੋੜਵੰਦਾਂ ਤੱਕ ਸਮੇਂ ਸਿਰ ਦਵਾਈਆਂ ਪਹੁੰਚਾਉਣ ਦਾ ਵਧੀਆ ਉਪਰਾਲਾ ਚੌਪਰਾਂ ਦੀ ਥਾਂ ਫਲਾਇੰਗ ਮੈਡੀਸਨ ਬਾਕਸ ਨੂੰ ਪ੍ਰਯੋਗ ਦਾ ਯਤਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ: ਭਾਵੇਂ ਭਾਰਤ ਦੇਸ਼ ਵਿਸ਼ਵ ਪੱਧਰ ’ਤੇ ਜਨਰਿਕ ਦਵਾਈਆਂ ਪ੍ਰਦਾਨ ਕਰਨ ਵਿੱਚ ਸਭ ਤੋਂ ਅੱਗੇ ਹੈ ਪਰ ਦੇਸ਼ ਵਿੱਚ ਕੁਦਰਤੀ ਆਫ਼ਤਾਂ ਦੌਰਾਨ ਦਵਾਈਆਂ ਪਹੁੰਚਣ ਵਿੱਚ ਕਈ ਵਾਰ ਦੇਰੀ ਹੋ ਜਾਂਦੀ ਹੈ ਜੋ ਮਨੁੱਖੀ ਜੀਵਨ ਲਈ ਖ਼ਤਰਾ ਬਣ ਸਕਦੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਵੱਲੋਂ ਇਕ ਲੰਮੀ ਰੇਂਜ ਵਾਲਾ ਫਲਾਇੰਗ ਮੈਡੀਸਨ ਬਾਕਸ ਦਾ ਨਿਰਮਾਣ ਕੀਤਾ ਗਿਆ ਹੈ। ਕਾਲਜ ਦੇ ਮਕੈਨੀਕਲ ਕੋਰਸ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਗਾਵਾਕਸ਼ਿਤ, ਨਿਖਿਲ, ਬਲਜਿੰਦਰ ਅਤੇ ਦਿਵੇਸ਼ਨ ਨੇ ਮਿਲ ਕੇ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਅਤੇ ਸ਼ਲਾਘਾ ਪ੍ਰਾਪਤ ਕੀਤੀ। ਇਸ ਪ੍ਰਾਜੈਕਟ ਨੂੰ ਬਣਾਉਣ ਲਈ ਉਨ੍ਹਾਂ ਦਾ ਮਕਸਦ ਦੇਸ਼ ਵਿੱਚ ਕੁਦਰਤੀ ਆਫ਼ਤਾਂ ਆਉਣ ਸਮੇਂ ਜੋ ਭੋਜਨ ਅਤੇ ਦਵਾਈਆਂ ਦੀ ਸਪਲਾਈ ਕੀਤੀ ਜਾਂਦੀ ਹੈ ਉਸ ਨੂੰ ਹੋਰ ਵਧਾਉਣਾ ਅਤੇ ਸਮੇਂ ’ਤੇ ਲੋੜਵੰਦਾਂ ਨੂੰ ਸਮਾਨ ਮੁਹੱਈਆ ਕਰਵਾਉਣਾ ਹੈ। ਇਸ ਆਸਾਨੀ ਨਾਲ ਫੋਲਡ ਹੋਣ ਜਾਣ ਅਤੇ ਉਡਣ ਵਾਲੇ ਟੂਲ ਬਾਕਸ ਵਿੱਚ 3 ਕਿਲੋਗ੍ਰਾਮ ਤੱਕ ਦਾ ਭਾਰ ਚੁੱਕਣ ਦੀ ਸਮਰੱਥਾ ਹੈ। ਇਹ ਬਾਕਸ ਅਜਿਹੀਆਂ ਸਥਿਤੀਆਂ ’ਚ ਵਰਤੋਂ ਵਿੱਚ ਲਿਆਏ ਜਾਣ ਵਾਲੇ ਵੱਧ ਕੀਮਤ ਵਾਲੇ ਚੌਪਰਾਂ ਨਾਲੋਂ ਕਿਤੇ ਵੱਧ ਸਸਤਾ ਹੈ। ਇਸ ਪ੍ਰਾਜੈਕਟ ਵਿੱਚ ਰੀਚਾਰਜ ਹੋਣ ਵਾਲੀ ਲਿਥੀਅਮ ਪੋਲੀਮਰ ਬੈਟਰੀ ਲੱਗੀ ਹੋਈ ਹੈ ਜੋ ਕਿ ਚਾਰਜ ਹੋਣ ਵਿੱਚ 25 ਮਿੰਟ ਲੈਂਦੀ ਹੈ। ਜੀਪੀਐਸ ਨਿਰਦੇਸ਼ਾਂ ’ਤੇ ਕੰਮ ਕਰਨ ਦੀ ਸਮਰੱਥਾ ਰੱਖਣ ਵਾਲੀ ਇਸ ਫਲਾਇੰਗ ਡਿਵਾਇਸ ਵਿੱਚ ਇੱਕ ਲੋਕੇਸ਼ਲ ਡਿਟੈਕਟਰ ਵੀ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਬਾਕਸ ਨੂੰ ਫੋਲਡ ਕੀਤਾ ਜਾ ਸਕਦਾ ਹੈ ਜੋ ਇਸ ਦੇ ਵਰਤਣ ਦੀ ਮੁੱਖ ਵਿਸ਼ੇਸ਼ਤਾ ਹੈ। ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀ ਗਾਵਾਕਸ਼ਿਤ ਨੇ ਦੱਸਿਆ ਕਿ ਦੇਸ਼ ਵਿੱਚ ਜਦੋਂ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਅਕਸਰ ਦੇਸ਼ ਦੇ ਜਵਾਨ ਚੌਪਰਾਂ ਦੀ ਮਦਦ ਨਾਲ ਲੋੜਵੰਦਾਂ ਨੂੰ ਸਮਾਨ ਸਪਲਾਈ ਕਰਨ ਲਈ ਵਰਤਦੇ ਹਨ ਪਰ ਚੌਪਰਾਂ ਦੀ ਵਰਤੋਂ ਨਾਲ ਕਈ ਵਾਰ ਪਾਇਲਟਾਂ ਦੀ ਜਾਨ ਨੂੰ ਵੀ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬਹੁਤ ਕੀਮਤੀ ਹੋਣ ਦੇ ਨਾਲ ਨਾਲ ਇਸ ਦੇ ਤੇਲ ’ਤੇ ਵੀ ਵਾਧੂ ਖਰਚ ਹੁੰਦਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਇਹ ਡਰੋਨ ਤਿਆਰ ਕੀਤਾ ਹੈ। ਜਿਸ ਰਾਹੀਂ ਲੋੜਵੰਦਾਂ ਤੱਕ ਆਸਾਨੀ ਨਾਲ ਸਮਾਨ ਪਹੁੰਚਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਹ ਡਰੋਨ ਚੌਪਰਾਂ ਵਾਂਗ ਇੱਕੋ ਉਚਾਈ ’ਤੇ ਉਡਣ ਦੀ ਸਮਰੱਥਾ ਵੀ ਰੱਖਦਾ ਹੈ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਹੁਣ ਤੱਕ 1.6 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ’ਚੋਂ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨਾਲੋਜੀ ਦੇ ਵਿਭਾਗ ਵੱਲੋਂ 75 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਸੀ ਅਤੇ ਬਾਕੀ ਦਾ ਪੈਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਜਿਵੇਂ ਟੈੱਕ ਐਕਸੀਅਨ, ਡਰੋਨ ਰੇਸਿੰਗ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਚ ਹਿੱਸਾ ਲੈ ਕੇ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਨਾਮ ਵਜੋਂ ਹਾਸਲ ਕੀਤਾ। ਇਸ ਇਕੱਠੇ ਹੋਏ ਪੈਸੇ ਨਾਲ ਨੂੰ ਇਸ ਵੱਡੇ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ