ਫਲਾਈਓਵਰ ਦਾ ਮਾਮਲਾ: ਬਲੌਂਗੀ ਤੋਂ ਖਾਨਪੁਰ ਤੱਕ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਦੋਵੇਂ ਪਾਸੇ ਸੜਕ ਚੌੜੀ ਕੀਤੀ ਜਾਵੇ: ਡੀਸੀ

ਨਿਰਮਾਣ ਕੰਪਨੀ ਨੂੰ 10 ਦਿਨਾਂ ਦੇ ਅੰਦਰ ਅੰਦਰ ਸੜਕ ਚੌੜੀ ਕਰਨ ਦੇ ਆਦੇਸ਼, ਖਰੜ ਬੱਸ ਅੱਡੇ ਨੇੜੇ ਸ਼ੈੱਡ ਬਣਾਉਣ ਦੇ ਹੁਕਮ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਬਲੌਂਗੀ ਪੁਲ ਤੋਂ ਖਾਨਪੁਰ (ਖਰੜ) ਤੱਕ ਦੀ ਨੈਸ਼ਨਲ ਹਾਈਵੇ ਸੜਕ ਤੇ ਟ੍ਰੈਫਿਕ ਦੀ ਸਮੱਸਿਆ ਅਤੇ ਆਵਾਜਾਈ ਨੂੰ ਪੱਕੇ ਤੌਰ ਤੇ ਸੁਖਾਲਾ ਬਣਾਉਣ ਲਈ ਉਸਾਰੇ ਜਾ ਰਹੇ ਓਵਰ ਬ੍ਰਿਜ ਕਾਰਨ ਆਮ ਲੋਕਾਂ ਨੂੰ ਦਰਪੇਸ਼ ਟ੍ਰੈਫਿਕ ਦੀ ਸਮੱਸਿਆ ਦੇ ਆਰਜੀ ਹੱਲ ਲਈ ਸੜਕ ਦੇ ਦੋਵੇਂ ਪਾਸਿਆਂ ਨੂੰ ਚੌੜਾ ਅਤੇ ਮਜਬੂਤ ਕੀਤਾ ਜਾਵੇਗਾ ਤਾਂ ਜੋ ਟ੍ਰੈਫਿਕ ਵਿੱਚ ਵਿਘਨ ਨਾਂ ਪਵੇ ਅਤੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਆਵੇ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ ਅਥਾਰਟੀ, ਐਲ ਐਂਡ ਟੀ ਕੰਪਨੀ ਦੇ ਨੁਮਾਇੰਦਿਆਂ, ਟ੍ਰੈਫਿਕ ਪੁਲਿਸ ਅਤੇ ਹੋਰਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ੍ਰੀਮਤੀ ਸਪਰਾ ਨੇ ਇਸ ਮੌਕੇ ਪੁਲ ਦੀ ਉਸਾਰੀ ਕਰ ਰਹੀ ਐਲ ਐਂਡ ਟੀ ਕੰਪਨੀ ਦੇ ਨੁਮਾਇੰਦਿਆਂ ਨੂੰ ਸੜਕ ਨੂੰ ਚੌੜਾ ਅਤੇ ਮਜਬੂਤ ਕਰਨ ਦੇ ਕੰਮ ਨੂੰ 10 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਸ੍ਰੀ ਸਪਰਾ ਨੇ ਹੋਰ ਕਿਹਾ ਕਿ ਪੁਲ ਦੀ ਉਸਾਰੀ ਲਈ ਵਰਤੇ ਜਾਣ ਵਾਲੇ ਮੈਟੀਰੀਅਲ ਲਈ ਵੱਡੇ ਵਾਹਨਾਂ ਦੀ ਵਰਤੋਂ ਰਾਤ 08:00 ਵਜੇ ਤੋਂ ਸਵੇਰ 06:00 ਵਜੇ ਤੱਕ ਹੀ ਕਰਨ ਕਿਉਂਕਿ ਦਿਨ ਵੇਲੇ ਵੱਡੇ ਵਾਹਨ ਵੀ ਟ੍ਰੈਫਿਕ ਦੀ ਸਮੱਸਿਆ ਦਾ ਕਾਰਨ ਬਣਦੇ ਹਨ। ਉਨ੍ਹਾਂ ਹੋਰ ਕਿਹਾ ਕਿ ਸੜਕ ਦੁਆਲੇ ਪੈਚ ਵਰਕ ਨੂੰ ਵੀ ਤੁਰੰਤ ਕੀਤਾ ਜਾਵੇ। ਸ੍ਰੀਮਤੀ ਸਪਰਾ ਨੇ ਇਸ ਮੌਕੇ ਬਿਜਲੀ ਦੇ ਖੰਭੇ ਜੋ ਕਿ ਟ੍ਰੈਫਿਕ ਵਿੱਚ ਵਿਘਨ ਦਾ ਕਾਰਨ ਬਣੇ ਹੋਏ ਹਨ, ਉਨ੍ਹਾਂ ਨੂੰ ਵੀ ਤੁਰੰਤ ਜਲਦੀ ਤੋਂ ਜਲਦੀ ਸਿਫਟ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਖਰੜ ਨੇੜੇ ਸਵਾਰੀਆਂ ਲਈ ਆਰਜੀ ਤੌਰ ਤੇ ਸ਼ੈਡ ਵੀ ਬਣਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਖਰੜ ਬੱਸ ਸਟੈਂਡ ਵਿੱਚ ਸੀ.ਟੀ.ਯੂ. ਦੀਆਂ ਬੱਸਾਂ ਖੜਨ ਕਾਰਨ ਸੜਕ ਤੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ। ਇਸ ਦਾ ਵੀ ਹੱਲ ਲੱਭਿਆ ਜਾਵੇਗਾ। ਉਨ੍ਹਾਂ ਮੌਕੇ ਤੇ ਹੀ ਤਹਿਸੀਲਦਾਰ ਖਰੜ ਨੂੰ ਢੁੱਕਵੀ ਥਾਂ ਤਲਾਸਣ ਦੀ ਵੀ ਹਦਾਇਤੀ ਕੀਤੀ ਅਤੇ ਇਸ ਸਬੰਧੀ ਜੀ.ਐਮ.ਸੀ.ਟੀ.ਯੂ. ਨਾਲ ਵੀ ਰਾਬਤਾ ਕਾਇਮ ਕਰਨ ਲਈ ਆਖਿਆ।
ਇਸ ਮੌਕੇ ਐਸ.ਪੀ. ਟਰੈਫਿਕ ਸ੍ਰੀ ਤਰੁਨ ਰਤਨ ਨੇ ਦੱਸਿਆ ਕਿ ਇਸ ਸੜਕ ਤੇ ਨਿਰਵਿਘਨ ਟ੍ਰੈਫਿਕ ਲਈ ਲੋੜੀਂੇਦੇ ਟ੍ਰੈਫਿਕ ਮੁਲਾਜਮ ਤਾਇਨਾਤ ਕੀਤੇ ਜਾਣਗੇ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਜਸਵੀਰ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਪੰਜਾਬ ਸ੍ਰੀ ਐਨ.ਐਸ. ਵਾਲੀਆ, ਪ੍ਰੋਜੈਕਟ ਮੈਨੇਜਰ ਨੈਸ਼ਨਲ ਹਾਈਵੇ ਅਥਾਰਟੀ ਸ੍ਰੀ ਏ.ਸੀ. ਮਾਥੂਰ, ਮੈਨੇਜਰ ਕੇ.ਐਲ. ਸਚਦੇਵਾ, ਐਲ ਐਂਡ ਟੀ ਦੇ ਨੁਮਾਇੰਦੇ ਟੀ ਬੀ ਸਿੰਘ, ਸ੍ਰੀ ਅਲੋਕ ਨਾਇਕ ਮੈਨੇਜਰ ਆਈ.ਆਰ.ਸੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…