ਫਲਾਈਓਵਰ ਨਿਰਮਾਣ: ਇਤਿਹਾਸਕ ਨਗਰ ਦਾਊਂ ਤੇ ਹੋਰਨਾਂ ਪਿੰਡਾਂ ਲਈ ਰਸਤਾ ਨਾ ਦੇਣ ਕਾਰਨ ਭਾਰੀ ਰੋਸ

ਰਸਤਾ ਨਾ ਦੇਣ ਦੇ ਵਿਰੋਧ ਵਿੱਚ ਕਾਲੀ ਦੀਵਾਲੀ ਮਨਾਉਣਗੇ ਦਾਊਂ ਨੇੜਲੇ ਪਿੰਡਾਂ ਦੇ ਲੋਕ

ਪਿੰਡ ਦਾਊਂ ਦੇ ਲੋਕਾਂ ਨੇ ਝੂਠੇ ਲਾਰੇ ਲਗਾਉਣ ਵਾਲੇ ਸਿਆਸੀ ਆਗੂਆਂ ਦੇ ਬਾਈਕਾਟ ਦਾ ਦਿੱਤਾ ਸੱਦਾ

ਸਿਆਸੀ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਬਾਅਦ ਹੁਣ ਪ੍ਰਸ਼ਾਸਨ ਵੀ ਧੱਕੇਸ਼ਾਹੀ ’ਤੇ ਉਤਰਿਆ: ਸਤਨਾਮ ਦਾਊ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਮੁਹਾਲੀ ਤੋਂ ਖਾਨਪੁਰ ਟੀ-ਪੁਆਇੰਟ ਤੱਕ ਬਣਾਏ ਜਾ ਰਹੇ ਫਲਾਈਓਵਰ ਅਤੇ ਐਲੀਵੇਟਿਡ ਸੜਕ ਤੋਂ ਇੱਥੋਂ ਦੇ ਇਤਿਹਾਸਕ ਨਗਰ ਦਾਊਂ ਸਮੇਤ ਹੋਰ ਦਰਜਨਾਂ ਪਿੰਡਾਂ ਲਈ ਰਸਤਾ ਨਾ ਛੱਡਣ ਦਾ ਮਾਮਲਾ ਕਾਫੀ ਭਖ ਗਿਆ ਹੈ। ਸਿਆਸੀ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਬਾਅਦ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੀ ਕਥਿਤ ਧੱਕੇਸ਼ਾਹੀ ’ਤੇ ਉਤਰ ਆਇਆ ਹੈ। ਪਿੰਡ ਵਾਸੀ ਅਤੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਪਿਛਲੇ ਦਿਨੀਂ ਇਲਾਕੇ ਦੇ ਲੋਕਾਂ ਵੱਲੋਂ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ ਸੀ ਪ੍ਰੰਤੂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਿੱਜੀ ਦਖ਼ਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਲਾਂਘਾ ਖੋਲ੍ਹਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ ਗਿਆ ਸੀ ਪ੍ਰੰਤੂ ਹੁਣ ਪ੍ਰਸ਼ਾਸਨ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਧਰਨਾਕਾਰੀਆਂ ਦੇ ਘਰ ਭੇਜ ਕੇ ਝੂਠੇ ਪਰਚੇ ਦਰਜ ਕਰਕੇ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਨੇ ਫਲਾਈਓਵਰ ਦੀ ਉਸਾਰੀ ਦਾ ਰੋਕਿਆ ਗਿਆ ਕੰਮ ਹੁਣ ਦੁਬਾਰਾ ਸ਼ੁਰੂ ਕਰਵਾ ਦਿੱਤਾ ਹੈ।
ਸ੍ਰੀ ਦਾਊਂ ਨੇ ਦੱਸਿਆ ਕਿ ਰੋਸ ਵਜੋਂ ਪਿੰਡ ਦਾਊਂ ਵਿੱਚ ਸਿਆਸੀ ਆਗੂਆਂ ਦੇ ਦਾਖ਼ਲ ’ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਗਲੀਆਂ ਵਿੱਚ ਫਲੈਕਸ ਬੋਰਡ ਲਗਾ ਕੇ ਕਿਹਾ ਗਿਆ ਹੈ ਕਿ ‘ਜੇਕਰ ਦਾਊਂ ਗੁਰੂ ਘਰ ਲਈ ਲਾਂਘਾ ਨਹੀਂ ਛੱਡਣਾ ਤਾਂ ਵੋਟਾਂ ਮੰਗਣ ਨਾ ਆਇਓਂ’। ਹੋਰਨਾਂ ਪਿੰਡਾਂ ਵਿੱਚ ਅਤੇ ਸੜਕਾਂ ’ਤੇ ਅਜਿਹੇ ਬੋਰਡ ਟੰਗੇ ਗਏ ਹਨ। ਇਕ ਬੋਰਡ ਕੌਮੀ ਮਾਰਗ ’ਤੇ ਵੀ ਬਿਜਲੀ ਦੀ ਤਾਰਾਂ ਨਾਲ ਬੰਨ੍ਹ ਕੇ ਟੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਐਤਕੀਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਲਿਆ ਹੈ ਅਤੇ ਝੂਠੇ ਲਾਰੇ ਲਗਾਉਣ ਵਾਲੇ ਸਿਆਸੀ ਆਗੂਆਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਜਾਣਗੀਆਂ।
ਉਧਰ, ਅਕਾਲੀ ਆਗੂ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ ਨੇ ਸਾਬਕਾ ਸੰਸਦ ਮੈਂਬਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਦੀ ਵੀਡੀਓ ਜਾਰੀ ਕਰਕੇ ਅਤੇ ਸਾਬਕਾ ਭਾਜਪਾ ਮੰਤਰੀ ਮਦਨ ਮੋਹਨ ਮਿੱਤਲ ਦੇ ਬੇਟੇ ਅਰਵਿੰਦ ਮਿੱਤਲ ਨੇ ਪਿੰਡਾਂ ਦੇ ਵਸਨੀਕਾਂ ਨੂੰ ਪੁਲ ਥੱਲਿਓਂ ਰਸਤਾ ਛੱਡਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਰਾਜਸੀ ਆਗੂਆਂ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਹਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…