ਫਲਾਈਓਵਰ: ਮੁਹਾਲੀ ਵੇਰਕਾ ਚੌਂਕ ਤੋਂ ਖਾਨਪੁਰ-ਲੁਧਿਆਣਾ ਵਾਲਾ ਹਿੱਸਾ ਲੋਕਾਂ ਲਈ ਖੋਲ੍ਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਮੁਹਾਲੀ ਦੀ ਜੂਹ ਤੋਂ ਖਾਨਪੁਰ ਟੀ ਪੁਆਇੰਟ ਤੱਕ ਫਲਾਈਓਵਰ ਅਤੇ ਐਲੀਵੇਟਿਡ ਨੈਸ਼ਨਲ ਹਾਈਵੇਅ ਪ੍ਰਾਜੈਕਟ ਦੀ ਉਸਾਰੀ 98 ਫੀਸਦੀ ਮੁਕੰਮਲ ਹੋ ਗਈ ਹੈ ਅਤੇ ਅੱਜ ਇਹ ਹਿੱਸਾ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਗਿਆ ਹੈ। ਅਧਿਕਾਰੀਆਂ ਦੇ ਦੱਸਣ ਅਨੁਸਾਰ ਇਸ ਪ੍ਰਾਜੈਕਟ ਦਾ ਕੰਮ ਲਗਭਗ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ ਅਤੇ ਸਿਰਫ਼ ਰੂਪਨਗਰ ਵੱਲ ਤਕਰੀਬਨ 2 ਫੀਸਦੀ ਹਿੱਸੇ ’ਤੇ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ ਜਨਵਰੀ 2021 ਤੱਕ ਫਲਾਈਓਵਰ ਦੀ ਉਸਾਰੀ ਮੁਕੰਮਲ ਹੋਣ ਦੀ ਉਮੀਦ ਹੈ। ਇਸ ਪ੍ਰਾਜੈਕਟ ਦੇ ਰਾਹ ਵਿੱਚ ਆਏ ਕਰੀਬ ਇਕ ਹਜ਼ਾਰ ਹਰੇ ਭਰੇ ਦਰਖ਼ਤਾਂ ਨੂੰ ਵੀ ਕੱਟਣਾ ਪਿਆ ਹੈ। ਇਸ ਤੋਂ ਇਲਾਵਾ ਕਾਫੀ ਲੋਕਾਂ ਦੇ ਘਰ ਅਤੇ ਦੁਕਾਨਾਂ ਵੀ ਤਹਿਸ ਨਹਿਸ ਹੋਈਆਂ ਹਨ।
ਜਾਣਕਾਰੀ ਅਨੁਸਾਰ ਲਗਪਗ 350 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਵੱਕਾਰੀ ਪ੍ਰਾਜੈਕਟ ਵਿੱਚ ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਦੇਰੀ ਹੁੰਦੀ ਰਹੀ ਹੈ ਪ੍ਰੰਤੂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਲਗਾਤਾਰ ਦਬਾਅ ਬਣਾਉਣ ਅਤੇ ਐਸਡੀਐਮ ਖਰੜ ਹਿਮਾਂਸ਼ੂ ਜੈਨ ਦੀ ਸਖ਼ਤ ਮਿਹਨਤ ਦੇ ਸਿੱਟੇ ਵਜੋਂ ਇਹ ਪ੍ਰਾਜੈਕਟ ਆਖ਼ਰਕਾਰ ਮੁਕੰਮਲ ਹੋਣ ਕੰਢੇ ਹੈ। ਅਕਤੂਬਰ ਮਹੀਨੇ ਸਭ ਤੋਂ ਪਹਿਲਾਂ ਮੁਹਾਲੀ ਦੀ ਜੂਹ ’ਚੋਂ ਬਲੌਂਗੀ ਵੱਲ ਦੇ ਹਿੱਸੇ ਨੂੰ ਖੋਲ੍ਹਿਆ ਗਿਆ ਸੀ। ਜਿਸ ਤੋਂ ਬਾਅਦ ਬਲੌਂਗੀ ਅਤੇ ਖਰੜ ਟੀ-ਪੁਆਇੰਟ ਦੇ ਵਿਚਕਾਰਲੀ ਸੜਕ ਨੂੰ ਚੌੜਾ ਕੀਤਾ ਗਿਆ ਅਤੇ ਦਸੰਬਰ ਦੇ ਸ਼ੁਰੂ ਵਿੱਚ ਫਲਾਈਓਵਰ ਦੇ ਦੋ ਹੋਰ ਹਿੱਸਿਆਂ ਅਤੇ ਤਿੰਨ ਛੋਟੇ ਪੁਲਾਂ ਦਾ ਨਿਰਮਾਣ ਕੀਤਾ ਗਿਆ। ਫਲਾਈਓਵਰ ਦੀ ਲੰਬਾਈ ਲਗਭਗ 10 ਕਿੱਲੋਮੀਟਰ ਹੈ। ਅੱਜ ਮੁਹਾਲੀ ਵੇਰਕਾ ਚੌਕ ਤੋਂ ਖਾਨਪੁਰ-ਲੁਧਿਆਣਾ ਵੱਲ ਦੇ ਮੁਕੰਮਲ ਹੋ ਚੁੱਕੇ ਹਿੱਸੇ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।
ਜੁਲਾਈ 2019 ਤੋਂ ਦਸੰਬਰ 2020 ਦਰਮਿਆਨ ਸਥਾਪਤ ਮੀਲ ਪੱਥਰਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਸਡੀਐਮ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਲੋੜੀਂਦੀਆਂ ਜ਼ਮੀਨਾਂ ਦਾ ਕਬਜ਼ਾ ਲੈਣਾ ਇਸ ਪ੍ਰਾਜੈਕਟ ਵਿੱਚ ਇਕ ਵੱਡੀ ਸਮੱਸਿਆ ਸੀ। ਜੁਲਾਈ 2019 ਤੋਂ ਢਾਹ ਢੁਆਈ ਮੁਹਿੰਮ ਚਲਾਈ ਗਈ ਅਤੇ ਯੂਟੀਲਿਟੀਜ਼, ਡਰੇਨ ਵਰਕ ਅਤੇ ਸਰਵਿਸ ਰੋਡ ਦੀ ਤਬਦੀਲੀ ਲਈ ਪ੍ਰਾਜੈਕਟ ਦੇ ਲਗਭਗ 99 ਫੀਸਦੀ ਹਿੱਸੇ ਨੂੰ ਸਾਫ਼ ਕੀਤਾ ਗਿਆ ਜੋ ਪਹਿਲਾਂ ਸਿਰਫ਼ 40 ਫੀਸਦੀ ਸੀ। ਇਸ ਤੋਂ ਬਾਅਦ ਤੇਜ਼ੀ ਨਾਲ ਕੰਮ ਕਰਦਿਆਂ ਡਰੇਨ ਦਾ ਕੰਮ (20 ਫੀਸਦੀ ਤੋਂ 100 ਫੀਸਦੀ) ਮੁਕੰਮਲ ਕੀਤਾ ਗਿਆ। ਇਸ ਤੋਂ ਬਾਅਦ ਸਮਾਂਬੱਧ ਢੰਗ ਨਾਲ ਸਰਵਿਸ ਰੋਡਜ਼ ਦੀ ਉਸਾਰੀ ਅਤੇ ਹਾਈ ਟੈਨਸ਼ਨ ਲਾਈਨਾਂ ਦੀ ਤਬਦੀਲੀ ਦਾ ਕੰਮ ਨੇਪਰੇ ਚਾੜ੍ਹਿਆ ਗਿਆ ਜੋ ਲੰਬੇ ਸਮੇਂ ਤੋਂ ਲਟਕਿਆ ਹੋਇਆ ਸੀ। ਕੋਵਿਡ-19 ਦੀ ਚੁਣੌਤੀ ਦੇ ਬਾਵਜੂਦ ਰੂਪਨਗਰ ਤੋਂ ਫਲਾਈ ਐਸ਼ ਅਤੇ ਬਜਰੀ ਦੀ ਨਿਯਮਤ ਸਪਲਾਈ ਯਕੀਨੀ ਬਣਾਈ ਗਈ। ਉਨ੍ਹਾਂ ਦੱਸਿਆ ਕਿ ਫਲਾਈਓਵਰ ਦੇ ਸਿਖਰਲੇ ਢਾਂਚਿਆਂ ਦਾ ਕੰਮ ਹੁਣ ਮੁਕੰਮਲ ਹੋ ਚੁੱਕਿਆ ਹੈ ਅਤੇ ਚੜ੍ਹਾਈ ਵਾਲੀ ਸੜਕ ਦੀ ਵਾੜ ਦਾ ਕੰਮ ਤਕਰੀਬਨ 95 ਫੀਸਦੀ ਮੁਕੰਮਲ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਮਾਰਚ ਵਿੱਚ ਕਰਫਿਊ ਅਤੇ ਲੌਕਡਾਊਨ ਕਾਰਨ ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ ਸੀ। ਜਿਸ ਕਾਰਨ ਮੁਹਾਲੀ ਤੋਂ ਖਾਨਪਰ ਤੱਕ ਫਲਾਈਓਵਰ ਅਤੇ ਐਲੀਵੇਟਿਡ ਸੜਕ ਦੀ ਉਸਾਰੀ ਦਾ ਕੰਮ ਠੱਪ ਹੋ ਗਿਆ ਸੀ। ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਡੀਸੀ ਮੁਹਾਲੀ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਤਾਲਮੇਲ ਕਰਕੇ ਮੁੜ ਤੋਂ ਇਸ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਨਿੱਜੀ ਦਿਲਚਸਪੀ ਲੈ ਕੇ ਇਸ ਕਾਰਜ ਨੂੰ ਮਿਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…