ਪਾਣੀ ਦੀ ਸੰਭਾਲ ਲਈ ਕਿਸਾਨਾਂ ਨੂੰ ਮਾਈਕਰੋ ਸਿੰਚਾਈ ਵਿਧੀਆਂ ਬਾਰੇ ਜਾਗਰੂਕ ਕਰਨ ’ਤੇ ਜ਼ੋਰ
ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ ਜ਼ਿਲ੍ਹਾ ਫਤਹਿਗੜ੍ਹ ਦਾ ਸਿੰਚਾਈ ਪਲਾਨ ਤਿਆਰ ਕੀਤਾ ਜਾਵੇਗਾ: ਸੰਘਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਇੰਜਨੀਅਰ ਨੇ ਪੇਸ਼ ਕੀਤਾ ਜ਼ਿਲ੍ਹੇ ਦਾ ਸਿੰਚਾਈ ਪਲਾਨ
ਮਨਜੀਤ ਕੌਰ
ਨਬਜ਼-ਏ-ਪੰਜਾਬ, ਫਤਹਿਗੜ੍ਹ ਸਾਹਿਬ, 23 ਦਸੰਬਰ:
ਪੰਜਾਬ ਵਿੱਚ ਦਿਨ ਪ੍ਰਤੀ ਦਿਨ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸਹੀ ਰੱਖਣ ਲਈ ਬਰਸਾਤੀ ਪਾਣੀ ਦੀ ਵਰਤੋਂ ਅਤੇ ਖੇਤੀਬਾੜੀ ਵਿੱਚ ਮਾਈਕਰੋ ਸਿੰਚਾਈ ਵਿਧੀਆਂ ਨੂੰ ਅਪਣਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਜੇਕਰ ਕੁਦਰਤ ਦੀ ਅਨਮੋਲ ਦਾਤ ਪਾਣੀ ਨੂੰ ਸੰਭਾਲਣ ਲਈ ਹੁਣ ਤੋਂ ਹੀ ਉਪਰਾਲੇ ਸ਼ੁਰੂ ਨਹੀਂ ਕੀਤੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨੂੰ ਬਚਾ ਕੇ ਰੱਖਣਾ ਬਹੁਤ ਮੁਸ਼ਕਲ ਹੋ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਕਮਲਦੀਪ ਸਿੰਘ ਸੰਘਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਸ੍ਰੀ ਸੰਘਾ ਨੇ ਇਸ ਮੌਕੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਈਕਰੋ ਸਿੰਚਾਈ ਤੇ ਤੁਪਕਾ ਸਿੰਚਾਈ ਦੀਆਂ ਵਿਧੀਆਂ ਨਾਲ ਖੇਤੀਬਾੜੀ ਵਿੱਚ 25 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਇਸ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਹ ਵਿਧੀਆਂ ਅਪਣਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਨੂੰ ਰੋਕ ਕੇ ਉਸ ਦਾ ਸਹੀ ਇਸਤੇਮਾਲ ਕੀਤਾ ਜਾ ਸਕੇ। ਉਨ੍ਹਾਂ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਮੌਜੁਦ ਛੱਪੜਾਂ ਦਾ ਸਾਈਜ ਤੇ ਛੱਪੜਾਂ ਵਿੱਚ ਖੜੇ ਪਾਣੀ ਦਾ ਮੁਕੰਮਲ ਡਾਟਾ ਤਿਆਰ ਕਰਨ ਲਈ ਕਿਹਾ ਅਤੇ ਤੁਪਕਾ ਸਿੰਚਾਈ ਤੇ ਮਾਈਕਰੋ ਸਿੰਚਾਈ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਇਜੰਨੀਅਰ ਡਾ. ਸੁਨੀਲ ਗਰਗ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਸਿੰਚਾਈ ਪਲਾਨ ਪੇਸ਼ ਕੀਤਾ। ਡਾ: ਗਰਗ ਨੇ ਦੱਸਿਆ ਕਿ ਜੇਕਰ ਰਾਜਪੁਰਾ ਰਜਵਾਹੇ ਨੂੰ ਪੱਕੇ ਕਰਕੇ ਅੰਡਰ ਲਾਈਨ ਪਾਈਪ ਪਾਈ ਜਾਵੇ ਤਾਂ ਲੱਗਭਗ 15 ਫੀਸਦੀ ਪਾਣੀ ਦੀ ਬੱਚਤ ਹੋਵੇਗੀ। ਮੀਟਿੰਗ ਵਿੱਚ ਡਿਪਟੀ ਕੁਲੈਕਟਰ ਸਿੰਚਾਈ ਵਿਭਾਗ ਸ੍ਰੀ ਮੱਘਰ ਸਿੰਘ, ਐਸ.ਡੀ.ਓ. ਭੂਮੀ ਅਤੇ ਜਲ ਸੰਭਾਲ ਵਿਭਾਗ ਸ੍ਰੀ ਦਲਬੀਰ ਸਿੰਘ, ਡੀ.ਡੀ.ਐਮ. ਨਾਬਾਰਡ ਸੰਜੀਵ ਕੁਮਾਰ ਸ਼ਰਮਾ, ਡਿਪਟੀ ਡਾਇਰੇਕਟਰ ਡੇਅਰੀ ਕੁਲਦੀਪ ਸਿੰਘ ਜੱਸੋਵਾਲ, ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਹਰਮਨਜੀਤ ਸਿੰਘ ਅਤੇ ਬਾਗਬਾਨੀ ਵਿਕਾਸ ਅਫ਼ਸਰ ਸੰਦੀਪ ਗਰੇਵਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।