nabaz-e-punjab.com

‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਸਮਾਰਟ ਕਲਾਸਾਂ ਤੇ ਪ੍ਰੀਖਿਆ ਸੁਧਾਰ ’ਤੇ ਹੋਵੇਗਾ ਧਿਆਨ ਕੇਂਦਰਿਤ: ਅਰੁਣਾ ਚੌਧਰੀ

ਪੰਜਾਬ ਵਿੱਚ 1953 ਸਕੂਲਾਂ ਵਿੱਚ ਆਪਸ਼ਨ ਵਜੋਂ ਸ਼ੁਰੂ ਹੋਵੇਗੀ ਅੰਗਰੇਜ਼ੀ ਮਧਿਅਮ ਵਿੱਚ ਸਿੱਖਿਆ

ਸਰਵੋਤਮ ਚੁਣੇ ਜਾਣ ਵਾਲੇ ਸਰਕਾਰੀ ਸਕੂਲਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਇਨਾਮੀ ਰਾਸ਼ੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਜਨਵਰੀ:
‘‘ਪੰਜਾਬ ਵਿੱਚ ਸਿੱਖਿਆ ਦੇ ਢਾਂਚੇ ਦੀ ਨੁਹਾਰ ਬਦਲਣ ਲਈ ਸਿੱਖਿਆ ਵਿਭਾਗ ਵੱਲੋਂ ਉਚੇਚੇ ਯਤਨ ਕੀਤੇ ਗਏ ਹਨ ਅਤੇ ਅਗਾਂਹ ਵੀ ਇਨ੍ਹਾਂ ਨੂੰ ਪੇਸ਼ਕਦਮੀਆਂ ਨੂੰ ਅਜੋਕੇ ਸਮੇਂ ਦੀ ਮੰਗ ਅਨੁਸਾਰ ਜਾਰੀ ਰੱਖਣ ਲਈ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ।’’ ਇਹ ਗੱਲ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਵਿਭਾਗ ਦੀਆਂ ਪਿਛਲੇ ਨੌਂ ਮਹੀਨਿਆਂ ਦੀ ਪ੍ਰਾਪਤੀਆਂ ਦਾ ਖੁਲਾਸਾ ਕਰਦਿਆਂ ਕਹੀ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖਿਆ ਨੂੰ ਸਭ ਤੋਂ ਵੱਧ ਪਹਿਲ ਦੇਣ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਮਿਆਰੀ ਸਿੱਖਿਆ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸਿੱਖਿਆ ਢਾਂਚੇ ਦੀ ਨੀਂਹ ਮਜ਼ਬੂਤ ਕਰਨ ਲਈ ਪ੍ਰਾਇਮਰੀ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।
ਸਿੱਖਿਆ ਮੰਤਰੀ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਿੱਖਿਆ ਸੁਧਾਰਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਤੇ ‘ਖੇਡੇ ਪੰਜਾਬ’ ਮੁਹਿੰਮ ਅਤੇ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਂਦੇ ਸਮੇਂ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ, ਸਮਾਰਟ ਕਲਾਸ ਰੂਮ, ਗਰੀਨ ਬੋਰਡ, ਮੁਫਤ ਇੰਟਰਨੈਟ, ਕਿਤਾਬਾਂ, ਵਰਦੀਆਂ, ਉਤਮ ਫਰਨੀਚਰ ਮੁਹੱਈਆ ਕਰਵਾਇਆ ਜਾਵੇਗਾ। ਪ੍ਰੀਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਨਕਲ ਨੂੰ ਜੜ੍ਹੋਂ ਖਤਮ ਕਰਨ ਲਈ ਇਕ ਸਕੂਲ ਦੇ ਵਿਦਿਆਰਥੀਆਂ ਦੇ ਦੂਜੇ ਸਕੂਲ ਵਿੱਚ ਪ੍ਰੀਖਿਆ ਕੇਂਦਰ ਸਥਾਪਤ ਕਰਨਾ, ਸੰਵੇਦਨਸ਼ੀਲ ਕੇਂਦਰਾਂ ਦੀ ਵੀਡਿਓਗ੍ਰਾਫੀ ਕਰਵਾਈ ਜਾਵੇਗੀ। ਬੋਰਡ ਦੇ ਸਾਰੇ ਨਤੀਜੇ 15 ਦਿਨਾਂ ਦੇ ਅੰਦਰ ਐਲਾਨੇ ਜਾਣਗੇ। ਉਤਰ ਕਾਪੀਆਂ ਦਾ ਮੁਲਾਂਕਣ ਯੂਨੀਵਰਸਿਟੀਆਂ ਵਾਂਗ ਕੀਤਾ ਜਾਵੇਗਾ। ਸਿੱਖਿਆ ਸੁਧਾਰਾਂ ਲਈ ਵਿਭਾਗ ਦੇ ਪੁਰਾਣੇ ਨਿਯਮਾਂ ਨੂੰ ਅਜੋਕੇ ਸਮੇਂ ਦੀ ਮੰਗ ਅਨੁਸਾਰ ਬਦਲਿਆ ਜਾਵੇਗਾ।
ਇਸ ਮੌਕੇ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਸਿੱਖਿਆ ਵਿਭਾਗ ਵੱਲੋਂ ਚੁੱਕੇ ਗਏ ਕਦਮਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਖੁਲਾਸਾ ਕੀਤਾ ਗਿਆ। ਇਸ ਪੇਸ਼ਕਾਰੀ ਰਾਹੀਂ ਦੱਸਿਆ ਗਿਆ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਸਨਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਪ੍ਰੀ-ਪ੍ਰਾਇਮਰੀ, ਪ੍ਰਾਇਮਰੀ ਤੇ ਅੱਪਰ-ਪ੍ਰਾਇਮਰੀ ਸ਼੍ਰੇਣੀਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ ਗਿਆ। ਇਸ ਤਹਿਤ ਸਕੂਲਾਂ ਦੇ ਬੱਚਿਆਂ ਦਾ ਸਿੱਖਣ ਪੱਧਰ ਪਤਾ ਲਗਾ ਕੇ ਉਹਨਾਂ ਦੇ ਲਈ ਸਹਾਇਕ ਪੜ੍ਹਣ ਸਮੱਗਰੀ ਵੀ ਭੇਜੀ ਗਈ। ਪ੍ਰੀ-ਪ੍ਰਾਇਮਰੀ ਸ਼੍ਰੇਣੀਆਂ ਲਈ ਹੁਣ ਤੱਕ 3 ਤੋਂ 6 ਸਾਲ ਦੇ 1 ਲੱਖ 60 ਹਜ਼ਾਰ ਬੱਚੇ ਦਾਖਲਾ ਲੈ ਚੁੱਕੇ ਹਨ।
ਇਸੇ ਤਰ੍ਹਾਂ ਮੁੱਖ ਮੰਤਰੀ ਜੀ ਦੇ ਸੁਫਨੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਨਵੇਂ ਵਰ੍ਹੇ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦੇਣ ਲਈ 1953 ਸਕੂਲਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਆਪਸ਼ਨ ਦਿੱਤੀ ਜਾਵੇਗੀ ਅਤੇ ਅੰਗਰੇਜ਼ੀ ਮਾਧਿਅਮ ਲਈ ਵੱਖਰੇ ਸੈਕਸ਼ਨ ਬਣਾਏ ਜਾਣਗੇ। ਇਨ੍ਹਾਂ ਸੈਕਸ਼ਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੱਖਰੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ‘ਸਮਾਰਟ ਕਲਾਸ ਰੂਮ’ ਸ਼ੁਰੂ ਕੀਤੇ ਜਾਣਗੇ ਜਿਸ ਲਈ 10 ਕਰੋੜ ਦਾ ਬਜਟ ਰਾਖਵਾਂ ਹੋਵੇਗਾ। ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿੱਚ ਨਾਬਾਰਡ ਵੱਲੋਂ 60 ਕਰੋੜ ਰੁਪਏ ਸਮਾਰਟ ਕਲਾਸ ਰੂਮ ਲਈ ਮੁਹੱਈਆ ਕਰਵਾਏ ਜਾਣਗੇ। ਸਕੂਲਾਂ ਵਿੱਚ ਗਰੀਨ ਬੋਰਡ ਅਤੇ ਬੱਚਿਆਂ ਦੇ ਬੈਠਣ ਲਈ ਫਰਨੀਚਰ ਵੀ ਮੁਹੱਈਆ ਕਰਵਾਉਣ ਦਾ ਟੀਚਾ ਮਾਰਚ 2018 ਤੱਕ ਰੱਖਿਆ ਗਿਆ ਹੈ।
ਸਿੱਖਿਆ ਵਿਭਾਗ ਵੱਲੋਂ ਇਕ ਹੋਰ ਵੱਡਾ ਫੈਸਲਾ ਲੈਂਦਿਆਂ ਜੂਨ 2018 ਤੱਕ ਸੂਬੇ ਦੇ ਸਮੂਹ ਸਕੂਲਾਂ ਵਿੱਚ ਇੰਟਰਨੈਟ ਦੀ ਮੁਫ਼ਤ ਸਹੁਲਤ ਦੇਣ ਦੀ ਯੋਜਨਾ ਉਲੀਕੀ ਜਾ ਰਹੀ ਹੈ। ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀ ਤੱਕ ਸਾਰੇ ਵਿਦਿਆਰਥੀਆਂ ਤੇ ਨੌਵੀਂ ਤੇ ਦਸਵੀਂ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਦਿੱਤੀਆਂ ਜਾਣਗੀਆਂ। ਵਿਭਾਗ ਵੱਲੋਂ ਦਸਵੀਂ ਤੱਕ ਸਾਰੇ ਵਿਦਿਆਰਥੀਆਂ ਨੂੰ ਕਿਤਾਬਾਂ ਮੁਫ਼ਤ ਦੇਣ ਦਾ ਵੀ ਯੋਜਨਾ ਉਲੀਕੀ ਜਾ ਰਹੀ ਹੈ ਜਿਸ ਸਬੰਧੀ ਕੇਸ ਬਣਾ ਕੇ ਕੈਬਨਿਟ ਨੂੰ ਭੇਜਿਆ ਜਾਵੇਗਾ। ਇਸ ਉਪਰ 78 ਕਰੋੜ ਰੁਪਏ ਖਰਚ ਆਉਣਗੇ। ਆਪਣੇ ਪੱਧਰ ’ਤੇ ਚੰਗਾ ਕੰਮ ਕਰ ਰਹੇ ਸਕੂਲਾਂ ਨੂੰ ਉਤਸ਼ਾਹਤ ਕਰਨ ਲਈ ਅਗਲੇ ਅਕਾਦਮਿਕ ਸੈਸ਼ਨ ਤੋਂ ਸਰਵੋਤਮ ਸਕੂਲ ਦੀ ਚੋਣ ਕੀਤੀ ਜਾਇਆ ਕਰੇਗੀ। 50 ਅੰਕਾਂ ਦੇ ਆਧਾਰਤ ਸਕੂਲ ਦੀ ਚੋਣ ਕੀਤੀ ਜਾਵੇਗੀ। ਇਸ ਨਵੀਂ ਯੋਜਨਾ ਤਹਿਤ ਬਲਾਕ ਪੱਧਰ ’ਤੇ ਕਿ ਸਰਵੋਤਮ ਪ੍ਰਾਇਮਰੀ ਸਕੂਲ ਚੁਣਿਆ ਜਾਵੇਗਾ ਜਦੋਂ ਕਿ ਜ਼ਿਲਾ ਪੱਧਰ ’ਤੇ ਇਕ-ਇਕ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਚੁਣਿਆ ਜਾਵੇਗਾ। ਚਾਰੇ ਵਰਗਾਂ ਵਿੱਚ ਸਰਵੋਤਮ ਚੁਣੇ ਜਾਣ ਵਾਲੇ ਸਕੂਲ ਨੂੰ ਕ੍ਰਮਵਾਰ 2 ਲੱਖ ਰੁਪਏ, 5 ਲੱਖ ਰੁਪਏ, 7 ਲੱਖ ਰੁਪਏ ਤੇ 10 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁਕਣ ਲਈ ਬੱਚਿਆਂ ਨੂੰ ਮੁਫਤ ਖੇਡ ਕਿੱਟਾਂ, ਜਰਸੀਆਂ, ਬੂਟ ਮੁਫ਼ਤ ਵੰਡੇ ਗਏ। ਪਹਿਲੀ ਵਾਰ ਪ੍ਰਾਇਮਰੀ ਪੱਧਰ ’ਤੇ ਖੇਡਾਂ ਲਈ ਵੱਖਰਾ ਬਜਟ ਰੱਖਿਆ ਜਾਵੇਗਾ। ‘ਖੇਡੋ ਪੰਜਾਬ’ ਰਾਹੀਂ ਸਕੂਲਾਂ ਵਿੱਚ ਖੇਡਾਂ ਨੂੰ ਮਹੱਤਵਪੂਰਨ ਅੰਗ ਬਣਾ ਕੇ ਕਿਰਿਆਵਾਂ ਕਰਵਾਈਆਂ ਜਾਣ ਦਾ ਟੀਚਾ ਰੱਖਿਆ ਗਿਆ ਹੈ। 31 ਜਨਵਰੀ 2018 ਤੱਕ ਵਿਆਪਕ ਖੇਡ ਨੀਤੀ ਬਣਾਈ ਜਾ ਰਹੀ ਹੈ ਜਿਸ ਵਿੱਚ ਛੋਟੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੀ ਪਹਿਲ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕਿੱਤਾ ਮੁੱਖੀ ਸਿੱਖਿਆ ਲਈ 780 ਸਕੂਲਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਖੇਤੀਬਾੜੀ, ਸੂਚਨਾ ਤਕਨਾਲੋਜੀ, ਆਟੋਮੋਬਾਈਲ, ਸਿਹਤ ਸੰਭਾਲ, ਸਰੀਰਕ ਸਿੱਖਿਆ, ਸੁਰੱਖਿਆ ਅਤੇ ਯਾਤਰਾ ਵਰਗੇ ਮੁੱਖ ਕੋਰਸ ਕਰਵਾਏ ਗੲ ਆਉਂਦੇ ਸਮੇਂ ਵਿੱਚ 700 ਹੋਰ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਦੇਣ ਦਾ ਟੀਚਾ ਮਿੱਥਿਆ ਹੈ। ਪ੍ਰਸ਼ਾਸਕੀ ਸੁਧਾਰਾਂ ਵਿੱਚ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਅਧਿਆਪਕਾਂ ਦੇ ਹਿੱਤ ਵਿੱਚ ਬਹੁਤ ਫੈਸਲੇ ਲਏ ਗਏ ਜਿਸ ਨਾਲ ਰਿੱਟ ਪਟੀਸ਼ਨਾਂ ਅਤੇ ਅਧਿਆਪਕਾਂ ਦੀਆਂ ਸ਼ਿਕਾਇਤਾਂ ਵਿੱਚ ਗਿਰਾਵਟ ਆਈ ਹੈ।
ਏ.ਸੀ.ਪੀ. ਕੇਸਾਂ ਦਾ ਨਿਪਟਾਰਾ, ਪਰਖ ਕਲ ਸਮਾਂ ਪੂਰਾ ਹੋਣ ’ਤੇ ਕਨਫਰਮੇਸ਼ਨ ਪੱਤਰ ਜਾਰੀ ਕਰਨ ਦੀਆਂ ਸ਼ਕਤੀਆਂ ਹੇਠਲੇ ਪੱਧਰ ’ਤੇ ਸਬੰਧਤ ਸਕੂਲ ਮੁਖੀਆਂ ਜਾਂ ਡੀ.ਡੀ.ਓ. ਨੂੰ ਦੇ ਦਿੱਤੀਆਂ ਗਈਆਂ ਜਿਸ ਨਾਲ 31 ਅਗਸਤ 2017 ਤੱਕ 70,000 ਮੁਲਾਜ਼ਮਾਂ ਦੇ ਪਿਛਲੇ ਲੰਬਿਤ ਚੱਲੇ ਆ ਰਹੇ ਕੇਸਾਂ ਦਾ ਨਿਪਟਾਰਾ ਕੀਤਾ। ਅਧਿਆਪਕਾਂ ਦੀਆਂ ਮੈਡੀਕਲ ਛੁੱਟੀਆਂ ਦੀ 15 ਦਿਨਾਂ ਦੀ ਲਾਜ਼ਮੀ ਦੀ ਸ਼ਰਤ ਨੂੰ ਖਤਮ ਕਰਕੇ ਸਕੂਲਾਂ ਵਿੱਚ ਸਿੱਖਿਆ ਦੀ ਮਹੱਤਤਾ ਦਾ ਧਿਆਨ ਬਾਖ਼ੂਬੀ ਰੱਖਿਆ ਗਿਆ ਜਿਸ ਦੀ ਵਿੱਤ ਵਿਭਾਗ ਤੋਂ ਵਿਸ਼ੇਸ਼ ਪ੍ਰਵਾਨਗੀ ਲਈ। ਵਿਭਾਗ ਵੱਲੋਂ ਸਕੂਲਾਂ ਵਿੱਚ ਅਧਿਆਪਕ-ਵਿਦਿਆਰਥੀ ਅਨੁਪਾਤ ਨੂੰ ਠੀਕ ਰੱਖਣ ਲਈ ਆਨ-ਲਾਈਨ ਰੈਸਨਲਾਈਜ਼ੇਸ਼ਨ ਪਾਲਿਸੀ ਅਤੇ ਬਦਲੀਆਂ ਦੀ ਪਾਲਿਸੀ ਦਾ ਡਰਾਫਟ ਤਿਆਰ ਕਰਕੇ ਕੈਬਨਿਟ ਕੋਲ ਭੇਜਿਆ ਜਾ ਚੁੱਕਾ ਹੈ। ਪਿਛਲੇ ਛੇ ਮਹੀਨਿਆਂ ਵਿੱਚ ਤਿੰਨ ਵਾਰ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀਆਂ ਮੀਟਿੰਗਾਂ ਹੋਈਆਂ ਜਿਸ ਨਾਲ ਪਦਉਨਤੀਆਂ ਵਿੱਚ ਆਈ ਖੜੋਤ ਖਤਮ ਹੋਈ।
ਪਿਛਲੇ ਥੋੜੇ ਸਮੇਂ ਪਦਉਨਤ ਹੋਣ ਵਾਲਿਆਂ ਵਿੱਚ 551 ਪ੍ਰਿੰਸੀਪਲ, 800 ਈਟੀਟੀ/ਜੇਬੀਟੀ ਕਾਡਰ ਤੋਂ ਮਾਸਟਰ ਕਾਡਰ, 722 ਈਟੀਟੀ/ਜੇਬੀਟੀ ਤੋਂ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਅਤੇ 50 ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਮਲ ਹਨ। ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਸਬੰਧੀ ਵੀ ਵੱਖਰੇ-ਵੱਖਰੇ ਕਾਡਰ ਅਨੁਸਾਰ ਅਤੇ ਵਿਸ਼ੇ ਅਨੁਸਾਰ ਪ੍ਰੋਫਾਰਮੇ ਤਿਆਰ ਕਰਕੇ ਉਹਨਾਂ ਵੱਲੋਂ ਵਿੱਦਿਅਕ ਅਤੇ ਸਹਿ-ਵਿੱਦਿਅਕ ਕੰਮਾਂ ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਅੰਕ ਸ਼ਾਮਿਲ ਕੀਤੇ ਗਏ ਹਨ। ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੇ ਨਤੀਜਿਆਂ ਨੂੰ ਏਸੀਆਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅਧਿਆਪਕਾਂ ਦੇ ਇਨ ਸਰਵਿਸ ਸਿਖਲਾਈ ਪ੍ਰੋਗਰਾਮ ਤਹਿਤ 42812 ਪ੍ਰਾਇਮਰੀ, 29874 ਅਪਰ ਪ੍ਰਾਇਮਰੀ ਤੇ 17958 ਸੈਕੰਡਰੀ ਅਧਿਆਪਕਾਂ ਨੂੰ ਟਰੇਨਿੰਗ ਕਰਵਾਈ ਗਈ। ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਦੀ ਹਰ ਤਰ੍ਹਾਂ ਦੀ ਖੱਜਲ-ਖੁਆਰੀ ਘੱਟ ਕਰਨ ਲਈ ਉਚੇਚੇ ਪ੍ਰਬੰਧਕੀ ਅਤੇ ਪਾਰਦਰਸ਼ੀ ਕਦਮ ਚੁੱਕੇ ਗਏ ਹਨ। ਉੱਤਰ-ਪੱਤਰੀਆਂ ਦੇ ਮੁਲਾਂਕਣ ਲਈ ਵਰਤਮਾਨ ਸਮੇਂ 168 ਦੀ ਥਾਂ ’ਤੇ 400 ਮੁਲਾਂਕਣ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ੳੱਤਰ-ਪੱਤਰੀਆਂ ਦਾ ਮੁਲਾਂਕਣ ਕਰਨ ਲਈ ਹੋਰ ਵੱਧ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਪ੍ਰੀਖਿਆ ਦੀ ਸਮਾਪਤੀ ਦੇ 15 ਦਿਨਾਂ ਦੇ ਅੰਦਰ-ਅੰਦਰ ਬੋਰਡ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ਘੋਸ਼ਿਤ ਕਰੇਗਾ।
ਇਸ ਵਾਰ 200 ਦੇ ਕਰੀਬ ਪ੍ਰੀਖਿਆ ਕੇਂਦਰਾਂ ਦੀ ਵੀਡਿਓਗ੍ਰਾਫੀ ਹੋਵੇਗੀ ਜਦੋਂ ਕਿ ਇਕ ਸਕੂਲ ਦੇ ਵਿਦਿਆਰਥੀਆਂ ਦਾ ਦੂਜੇ ਸਕੂਲ ਵਿੱਚ ਪ੍ਰੀਖਿਆ ਕੇਂਦਰ ਸਥਾਪਤ ਕੀਤਾ ਜਾਵੇਗਾ ਜਿਸ ਨਾਲ ਨਕਲ ਨੂੰ ਮੁਕੰਮਲ ਤੌਰ ’ਤੇ ਠੱਲ ਪਾਵੇਗੀ। ਬੋਰਡ ਸੁਧਾਰਾਂ ਦੀ ਲਹਿਰ ਚਲਾ ਕੇ ਬੋਰਡ ਨੂੰ ਵਿੱਤੀ ਪੱਖੋਂ ਪੈਰਾਂ ਸਿਰ ਕਰਨ, ਆਮ ਜਨਤਾ ਨੂੰ ਤੁਰੰਤ, ਘੱਟ ਸਮੇਂ ਵਿੱਚ ਅਤੇ ਆਪਣੇ ਹੀ ਜ਼ਿਲ੍ਹੇ ਵਿੱਚ ਸਹੂਲਤਾਂ ਦਾ ਜਾਲ ਵਿਛਾ ਦਿੱਤਾ ਗਿਆ ਹੈ। ਬੋਰਡ ਦੀਆਂ ਗ਼ੈਰ-ਲੋੜੀਂਦੀਆਂ ਅਸਾਮੀਆਂ ਨੂੰ ਰੈਸ਼ਨਲਾਈਜ਼ੇਸ਼ਨ ਅਧੀਨ ਖਤਮ ਕੀਤਾ ਗਿਆ ਹੈ। ਬੱਚਿਆਂ ਦੇ ਸਰਟੀਫਿਕੇਟਾਂ ਵਿੱਚ ਹਰ ਤਰ੍ਹਾਂ ਦੀਆਂ ਸੋਧਾਂ ਬੋਰਡ ਦੇ ਹੋਂਦ ਵਿੱਚ ਆਉਣ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਰਸਤੇ ਖੋਲ੍ਹੇ ਗਏ ਹਨ। ਬੋਰਡ ਦੇ ਫਾਈਲ ਵਰਕ ਦੀ ਪੇਚੀਦਾ ਪ੍ਰਣਾਲੀ ਨੂੰ ਸਰਲ ਕੀਤਾ ਗਿਆ ਹੈ। ਹਰੇਕ ਜ਼ਿਲ੍ਹੇ ਦੇ ਬੋਰਡ ਦੇ ਖੇਤਰੀ ਦਫ਼ਤਰਾਂ ਵਿੱਚ ਲੋਕਾਂ ਦੇ ਕੰਮ ਹੋਣ ਨਾਲ ਸਮੇਂ ਤੇ ਪੈਸੇ ਦੀ ਬਰਬਾਦੀ ਰੁਕ ਗਈ ਹੈ। ਸਮਾਨਤਾ ਪੱਤਰ ਲੈਣ ਦੀ ਸ਼ਰਤ ਨੂੰ ਖਤਮ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
ਅਗਲੇ ਵਿੱਦਿਅਕ ਸ਼ੈਸ਼ਨ ਤੋਂ ਯੂਨੀਵਰਸਿਟੀਆਂ ਦੀ ਤਰਜ਼ ‘ਤੇ ਬੋਰਡ ਵਿੱਚ ਰੀਵੈਲੂਏਸ਼ਨ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। 2018-19 ਵਿੱਦਿਅਕ ਸ਼ੈਸ਼ਨ ਦੀਆਂ ਕਿਤਾਬਾਂ ਸਮੇਂ ਤੋਂ ਵੀ ਪਹਿਲਾਂ ਛਾਪਣ ਦਾ ਟੀਚਾ ਪੂਰਾ ਕੀਤਾ ਜਾ ਰਿਹਾ ਹੈ। ਪਹਿਲੀ ਤੋਂ ਬਾਰ੍ਹਵੀਂ ਪੱਧਰ ਦੀਆਂ ਕਿਤਾਬਾਂ ਨੂੰ ਲੋੜ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਢੁੱਕਵੀਆਂ ਸੋਧਾਂ ਕੀਤੀਆਂ ਗਈਆਂ ਹਨ। ਨਕਲ ਨੂੰ ਜੜ੍ਹੋਂ ਖਤਮ ਕਰਨ ਲਈ ਕਾਰਗਰ ਅਤੇ ਸਾਰਥਕ ਕਦਮ ਚੁੱਕੇ ਜਾ ਰਹੇ ਹਨ। ਬੋਰਡ ਦੀ ਕਾਰਜਪ੍ਰਣਾਲੀ ਨੂੰ ਸਰਲ, ਸਹਿਜ, ਲੋਕ-ਪੱਖੀ ਅਤੇ ਜਵਾਬਦੇਹ ਬਣਾਇਆ ਗਿਆ ਹੈ। ਬੋਰਡ ਵਿੱਚ ਹੇਠਲੇ ਪੱਧਰ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਜ਼ਿੰਮੇਵਾਰੀ ਅਤੇ ਜਵਾਬਦੇਹੀ ਨਿਸ਼ਚਿਤ ਕੀਤੀ ਗਈ ਹੈ। ਕੰਮ ਨੂੰ ਲਮਕਾਉਣ ਦੀ ਪ੍ਰਥਾ ਬੋਰਡ ਵਿੱਚ ਬੰਦ ਕੀਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਬੋਰਡ ਵੱਲੋਂ ਆਧਾਰ ਕਾਰਡ ਨਾਲ ਲਿੰਕ ਕਰਕੇ ਸਰਟੀਫਿਕੇਟ ਆਨ-ਲਾਈਨ ਜਾਰੀ ਕੀਤੇ ਜਾਣਗੇ।
ਆਉਂਦੇ ਸਮੇਂ ਵਿੱਚ ਵੈਰੀਫਿਕੇਸ਼ਨ ਦਾ ਕਾਰਜ ਆਨਲਾਈਨ ਹੋਵੇਗਾ। ਜਿਸ ਨਾਲ ਉਮੀਦਵਾਰ ਅਤੇ ਸੰਸਥਾ ਦੋਵਾਂ ਦੀ ਸਿਰਦਰਦੀ ਘਟੇਗੀ। ਗਲਤ ਮੁਲਾਂਕਣ ਕਰਨ ਵਾਲੇ ਅਧਿਆਪਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੱਤਰ ਹਰਗੁਣਜੀਤ ਕੌਰ, ਵਿਭਾਗ ਦੇ ਵਿਸ਼ੇਸ਼ ਸਕੱਤਰ ਐਮ.ਪੀ.ਅਰੋੜਾ ਤੇ ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…