ਬਿਮਾਰੀਆਂ ਤੋਂ ਬਚਾਅ ਲਈ ਸ਼ਹਿਰਾਂ ਤੇ ਪਿੰਡਾਂ ਵਿੱਚ ਫੌਗਿੰਗ ਕਰਨਾ ਯਕੀਨੀ ਬਣਾਇਆ ਜਾਵੇਗਾ: ਏਡੀਸੀ ਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਗਰਮੀਆਂ ਦੇ ਮੌਸਮ ਵਿੱਚ ਮੱਛਰਾਂ ਰਾਂਹੀ ਫੈਲਣ ਵਾਲੀਆਂ ਬਿਮਾਰੀਆਂ ਜਿਸ ਵਿੱਚ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਆਦਿ ਸ਼ਾਮਿਲ ਹਨ ਦੀ ਰੋਕਥਾਮ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਫੌਗਿੰਗ ਨੂੰ ਯਕੀਨੀ ਬਣਾਇਆ ਜਾਵੇ। ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਅਤੇ ਬਚਾਅ ਸਬੰਧੀ ਸਿਹਤ ਵਿਭਾਗ ਅਤੇ ਹੋਰਨਾਂ ਅਧਿਕਾਰੀਆਂ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਦਿੱਤੀਆਂ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਕਿ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਸ਼ਹਿਰਾਂ ਅਤੇ ਪਿੰਡਾਂ ਦੇ ਸਾਰੇ ਇਲਾਕਿਆਂ ਵਿੱਚ ਸਮੇਂ ਸਮੇਂ ਤੇ ਸਪਰੇਅ ਕਰਵਾਈ ਜਾਵੇ। ਉਨ੍ਹਾਂ ਇਸ ਮੌਕੇ ਬੀਡੀਪੀਓਜ ਨੂੰ ਆਖਿਆ ਕਿ ਉਹ ਆਪਣੇ ਅਧੀਨ ਪੈਂਦੀਆਂ ਪੰਚਾਇਤਾਂ ਨੂੰ ਪਿੰਡਾਂ ਦੀਆਂ ਨਾਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਨਾਂ ਹੋਣ ਦੇਣ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਢੁੱਕਵੇਂ ਪ੍ਰਬੰਧ ਕਰਵਾਉਣ। ਪਿੰਡਾਂ ਦੇ ਟੋਭਿਆਂ ਅਤੇ ਛੱਪੜਾਂ ਵਿੱਚ ਮੱਛਰਾਂ ਦੀ ਪੈਦਾਇਸ ਨੂੰ ਰੋਕਣ ਲਈ ਕਾਲਾ ਤੇਲ ਪਾਇਆ ਜਾਵੇ।
ਉਨ੍ਹਾਂ ਇਸ ਮੌਕੇ ਨਗਰ ਨਿਗਮ ਮੁਹਾਲੀ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਆਖਿਆ ਕਿ ਉਹ ਸ਼ਹਿਰਾਂ ਵਿੱਚ ਗੰਦੇ ਪਾਣੀ ਲਈ ਬਣਾਏ ਨਾਲਿਆਂ ਦੀ ਸਾਫ ਸਫਾਈ ਅਤੇ ਫੌਗਿੰਗ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ) ਨੂੰ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਕੂਲੀ ਬੱਚਿਆਂ ਨੂੰ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣ ਲਈ ਵੀ ਪ੍ਰੇਰਿਤ ਕਰਨ ਲਈ ਆਖਿਆ ਅਤੇ ਇਸ ਮੰਤਵ ਲਈ ਬੱਚਿਆਂ ਦੇ ਮਾਪਿਆਂ ਦਾ ਸਹਿਯੋਗ ਵੀ ਲਿਆ ਜਾਵੇ। ਉਨ੍ਹਾਂ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਲੋਕਾਂ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਪ੍ਰਤੀ ਜਾਗਰੂਕ ਕਰਨ ਅਤੇ ਬਚਾਅ ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ।
ਇਸ ਮੌਕੇ ਜ਼ਿਲ੍ਹਾ ਐਪਡੀਮੋਲੋਜਿਸਟ ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਬੁਖਾਰ ਮੱਛਰ ਦੇ ਕੱਟਣ ਤੋਂ ਫੈਲਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਨ੍ਹਾਂ ਮੱਛਰਾਂ ਦੀ ਪੈਦਾਇਸ ਨੂੰ ਰੋਕਣ ਲਈ ਆਪਣੇ ਘਰਾਂ ਵਿੱਚ ਪਏ ਕੂਲਰਾਂ, ਫਰਿੱਜਾਂ, ਗਮਲੀਆਂ ਅਤੇ ਛੱਤ ਤੇ ਪਏ ਪੁਰਾਣੇ ਟਾਇਰਾਂ ਅਤੇ ਟੂੱਟੇ ਭੱਜੇ ਬਰਤਨਾਂ ਵਿੱਚ ਪਾਣੀ ਖੜ੍ਹਾ ਨਾਂ ਹੋਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ, ਅਗਰਬੱਤੀਆਂ, ਜਾਂ ਬਿਜਲੀ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੀ ਸਿਹਤ ਸੰਸਥਾਂ ਵਿੱਚ ਚੈਕਅਪ ਜਰੂਰ ਕਰਵਾਇਆ ਜਾਵੇ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਜਸਵੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਨਯਨ ਭੁੱਲਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਅਵਨੀਤ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…