Nabaz-e-punjab.com

ਨਵੀਂ ਪੀੜ੍ਹੀ ਨੂੰ ਲੋਕ ਨਾਚਾਂ ਦੀ ਸਿਖਲਾਈ ਦੇਵੇਗੀ ਖਰੜ ਵਿੱਚ ਖੁੱਲ੍ਹੀ ਜੁਗਨੀ ਫੋਕ ਡਾਂਸ ਭੰਗੜਾ ਅਕੈਡਮੀ

ਨਵੀਂ ਪਿਰਤ: ਲੋਕ ਨਾਚ ਦੀਆਂ ਸਿਖਿਆਰਥਣ ਲੜਕੀਆਂ ਵੱਲੋਂ ਹੀ ਕੀਤਾ ਗਿਆ ਭੰਗੜਾ ਅਕੈਡਮੀ ਦਾ ਉਦਘਾਟਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਜੂਨ:
ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ ਅਤੇ ਜੁਗਨੀ ਫੋਕ ਡਾਂਸ ਭੰਗੜਾ ਅਕੈਡਮੀ ਦੇ ਸਾਂਝੇ ਉੱਦਮ ਨਾਲ ਮੁਹਾਲੀ ਵਿਖੇ ਅੱਜ ਨਵੀਂ ਪੀੜ੍ਹੀ ਨੂੰ ਲੋਕ ਨਾਚਾਂ ਦੀ ਸਿਖਲਾਈ ਦੇਣ ਲਈ ਜੁਗਨੀ ਫੋਕ ਡਾਂਸ ਭੰਗੜਾ ਅਕੈਡਮੀ ਦੀ ਸ਼ੁਰੂਆਤ ਹੋਈ। ਐਸਸੀਓ ਨੰਬਰ-5, ਦੂਜੀ ਮੰਜ਼ਿਲ, ਸੈਕਟਰ-126, ਨਿੱਝਰ ਰੋਡ (ਨੇੜੇ ਵੈਸਟਰਨ ਟਾਵਰ) ਖਰੜ ਵਿੱਚ ਸਥਾਪਿਤ ਇਸ ਅਕੈਡਮੀ ਦੇ ਉਦਘਾਟਨੀ ਸਮਾਰੋਹ ਦੀ ਨਿਵੇਕਲੀ ਗੱਲ ਇਹ ਰਹੀ ਕਿ ਕੌਮਾਂਤਰੀ ਭੰਗੜਾ ਕਲਾਕਾਰ ਤੇ ਕੋਚ ਆਸ਼ਮੀਤ ਸਿੰਘ ਦੀਆਂ ਵਿਦਿਆਰਥਣ ਲੜਕੀਆਂ ਦੀਪ ਰੋਮਾਣਾ ਤੇ ਰੰਜਨਾ ਵੱਲੋਂ ਹੀ ਰਿਬਨ ਕਟਵਾ ਕੇ ਇਸ ਅਕੈਡਮੀ ਦਾ ਰਸਮੀ ਉਦਘਾਟਨ ਕਰਵਾਇਆ ਗਿਆ।
ਉਦਘਾਟਨੀ ਸਮਾਰੋਹ ਮੌਕੇ ਅੰਗਹੀਣ ਲੜਕੀ ਜੋਤੀਕਾ ਸ਼ਰਮਾ ਨੂੰ ਇਲੈਕਟ੍ਰਾਨਿਕ ਵ੍ਹੀਲਚੇਅਰ ਦਿੱਤੀ ਗਈ। ਇਸ ਮੌਕੇ ਪੁੱਜੇ ਸਮੂਹ ਮਹਿਮਾਨਾਂ ਨੂੰ ਪੌਦੇ ਵੰਡ ਕੇ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਅਕੈਡਮੀ ਦੇ ਕੋਚ ਅਸ਼ਮੀਤ ਸਿੰਘ ਹਨ ਜੋ ਕਿ ਪਹਿਲਾਂ ਹੀ ਸਰਕਾਰ ਵੱਲੋਂ ਚਲਾਈ ਮੁਹਿੰਮ ਅਨੁਸਾਰ ਨਸ਼ਾ ਛੁਡਾਊ ਕੇਂਦਰ ਵਿੱਚ ਭੰਗੜਾ ਕੋਚਿੰਗ ਮੁਫ਼ਤ ਦੇ ਰਿਹਾ ਹੈ। ਆਸ਼ਮੀਤ ਸਿੰਘ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਨਾਮ ਦਰਜ ਕਰਵਾ ਚੁੱਕਾ ਹੈ। ਆਸ਼ਮੀਤ ਸਿੰਘ ਦਾ ਕਹਿਣਾ ਹੈ ਕਿ ਅਜੋਕੇ ਦੌਰ ਵਿੱਚ ਲੋਕ ਨਾਚ ਫਿਟਨੈਸ ਲਈ ਵੀ ਅਹਿਮ ਸਿੱਧ ਹੁੰਦੇ ਹਨ।
ਇਸ ਮੌਕੇ ਬੁਲਾਰਿਆਂ ਵੱਲੋਂ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ (ਭੰਗੜਾ ਕੋਚ ਤੇ ਸਟੇਟ ਐਵਾਰਡੀ) ਵੱਲੋਂ ਪਿਛਲੇ 25-30 ਸਾਲ ਤੋਂ ਭੰਗੜਾ ਕੋਚਿੰਗ ਮੁਫ਼ਤ ਦੇਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਕਲੱਬ ਵੱਲੋਂ ਹੁਣ ਤੱਕ ਕਈ ਜਗਾਂ ਉੱਤੇ ਭੰਗੜਾ ਕੈਂਪ ਵੀ ਲਗਾਏ ਜਾ ਚੁੱਕੇ ਹਨ। ਇਸ ਸੰਸਥਾ ਵੱਲੋਂ ਅਜੋਕੀ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ।
ਦਵਿੰਦਰ ਸਿੰਘ ਜੁਗਨੀ ਨੇ ਕਿਹਾ ਕਿ ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਮਕਸਦ ਲੋਕ ਕਲਾਵਾਂ ਨੂੰ ਜਿਉਂਦਾ ਰੱਖਣਾ ਹੈ। ਆਉਣ ਵਾਲੀ ਪੀੜ੍ਹੀ ਨੂੰ ਲੋਕ ਨਾਚਾਂ (ਭੰਗੜਾ, ਝੂੰਮਰ, ਸ਼ੰਮੀ, ਮਲਵਈ ਗਿੱਧਾ, ਲੁੱਡੀ ਆਦਿ) ਨਾਲ ਜੋੜਨ ਦੇ ਉਪਰਾਲ ਤਹਿਤ ਅੱਜ ਨਵਾਂ ਕਦਮ ਚੁੱਕਦਿਆਂ ਇਹ ਅਕੈਡਮੀ ਖੋਲ੍ਹੀ ਗਈ ਹੈ। ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਦੇ ਵਿਸ਼ੇਸ਼ ਕਾਰਜ ਅਫ਼ਸਰ ਗੁਰਿੰਦਰ ਸਿੰਘ ਸੋਢੀ, ਮੁਹਾਲੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਕੌਂਸਲਰ ਫੂਲਰਾਜ ਸਿੰਘ, ਲੋਕ ਗਾਇਕ ਗੁਰਕਿਰਪਾਲ ਸੂਰਾਪੁਰੀ ਤੇ ਗੱਗੀ ਨਾਹਰ, ਟੀਵੀ ਕਲਾਕਾਰ ਸਤਵੰਤ ਕੌਰ ਤੇ ਅੰਮ੍ਰਿਤਪਾਲ ਸਿੰਘ, ਨਰਿੰਦਰ ਨੀਨਾ, ਢੋਲੀ ਬਚਨ, ਸਵਰਨ ਸਿੰਘ ਚੰਨੀ, ਜਰਨੈਲ ਸਿੰਘ ਹੁਸ਼ਿਆਰਪੁਰੀ, ਲਖਵਿੰਦਰ ਲੱਖੀ, ਧਿਆਨ ਸਿੰਘ ਕਾਹਲੋਂ, ਗਿੱਧਾ ਕੋਚ ਸਵੀਟੀ, ਮਲਕੀਤ ਸਿੰਘ ਅੌਜਲਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…