Nabaz-e-punjab.com

ਮੁਹਾਲੀ ਵਿੱਚ ਫੁੱਟਪਾਥਾਂ ਅਤੇ ਸੜਕ ਦੇ ਕਿਨਾਰੇ ਖੁੱਲ੍ਹੇ ਖੱਡੇ ਬਣ ਸਕਦੇ ਹਨ ਹਾਦਸੇ ਦਾ ਕਾਰਨ

ਸੂਬਾ ਸਰਕਾਰ ਦੇ ਤਾਜ਼ਾ ਹੁਕਮ ਸ਼ਾਇਦ ਸਬੰਧਤ ਅਧਿਕਾਰੀਆਂ ਲਈ ਕੋਈ ਮਾਇਨੇ ਨਹੀਂ ਰੱਖਦੇ ਹਨ?

ਸਬੰਧਤ ਅਧਿਕਾਰੀਆਂ ਨੂੰ ਲੋਕਾਂ ਨੂੰ ਕੋਈ ਚਿੰਤਾ ਨਹੀਂ: ਬੈਦਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਖੁੱਲ੍ਹੇ ਬੋਰਵੈਲ ਵਿੱਚ ਡਿੱਗ ਕੇ ਫੌਤ ਹੋਏ ਦੋ ਸਾਲ ਦੇ ਮਾਸੂਮ ਫਤਿਹਵੀਰ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਭਾਵੇਂ ਸੂਬੇ ਭਰ ਵਿੱਚ ਖੁੱਲ੍ਹੇ ਬੋਰਵੈੱਲਾਂ ਅਤੇ ਖੂਹੀਆ ਅਤੇ ਖੱਡਿਆਂ ਨੂੰ ਬੰਦ ਕਰਨ ਲਈ ਜੰਗੀ ਪੱਧਰ ’ਤੇ ਮੁਹਿੰਮ ਵਿੱਢੀ ਗਈ ਹੈ ਪ੍ਰੰਤੂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਜੂਹ ਵਿੱਚ ਵਸਦੇ ਆਈਟੀ ਸਿਟੀ ਮੁਹਾਲੀ ਅਤੇ ਪਿੰਡਾਂ ਅਤੇ ਮੁੱਖ ਸੜਕਾਂ ਕਿਨਾਰੇ ਸੀਵਰੇਜ ਦੇ ਖੱਡੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮੇਨਹੋਲ ਅਣਢੱਕੇ ਪਏ ਹਨ। ਜਿਸ ਕਾਰਨ ਅਜਿਹੀਆਂ ਥਾਵਾਂ ’ਤੇ ਕਿਸੇ ਵੀ ਸਮੇਂ ਕੋਈ ਦੁਖਾਂਤ ਵਾਪਰ ਸਕਦਾ ਹੈ।
ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਹਾਲਾਂਕਿ ਰਾਜ ਸਰਕਾਰ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਆਪੋ ਆਪਣੇ ਏਰੀਆ ਵਿੱਚ ਖੁੱਲ੍ਹੇ ਬੋਰਵੈੱਲ, ਖੂਹੀਆ ਅਤੇ ਡੂੰਘੇ ਖੱਡੇ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਅਤੇ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸੀ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ ਵੱਲੋਂ ਅਜਿਹੇ ਮੇਲਹੋਲਾਂ ਅਤੇ ਨਿਕਾਸੀ ਨਾਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਮੇਨਹੋਲ ਭਾਵੇਂ ਜ਼ਿਆਦਾ ਡੂੰਘੇ ਨਹੀਂ ਹਨ ਪ੍ਰੰਤੂ ਜੇਕਰ ਕੋਈ ਇਨ੍ਹਾਂ ਖੁੱਲ੍ਹੇ ਮੇਨਹੋਲ ਵਿੱਚ ਡਿੱਗ ਜਾਵੇ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਸ੍ਰੀ ਬੈਦਵਾਨ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-70 ਸਥਿਤ ਰਿਸ਼ੀ ਅਪਾਰਟਮੈਂਟ ਦੇ ਸਾਹਮਣੇ ਫੁੱਟਪਾਥ ਉੱਤੇ ਖੱਡੇ ਦਾ ਖੁੱਲ੍ਹਾ ਹੈ। ਇਸ ਦੇ ਨਾਲ ਨਿੱਜੀ ਸਕੂਲ ਲਾਗੇ ਡੂੰਘਾ ਖੱਡਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਜ਼ਿਆਦਾਤਰ ਰਾਹ ਚਲਦੇ ਲੋਕ ਅਕਸਰ ਮੋਬਾਈਲ ਫੋਨ ’ਤੇ ਲੱਗੇ ਗੱਲਾਂ ਕਰਨ ਅਤੇ ਵਸਟਐਪ ’ਤੇ ਲੱਗੇ ਰੰਹਿੰਦੇ ਹਨ ਅਤੇ ਕੋਈ ਰਾਹਗੀਰ ਇਨ੍ਹਾਂ ਖੱਡਿਆਂ ਵਿੱਚ ਡਿੱਗ ਸਕਦਾ ਹੈ। ਇਸੇ ਤਰ੍ਹਾਂ ਪਿੰਡ ਮਟੌਰ ਵਿੱਚ ਵੀ ਕਈ ਡੂੰਘੇ ਖੱਡੇ ਨੰਗੇ ਪਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੱਡਿਆਂ ਵਿੱਚ ਹੁਣ ਤੱਕ ਕਈ ਜਾਨਵਰ ਡਿੱਗ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੈਕਟਰ-70 ਅਤੇ ਮਟੌਰ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਕਈ ਵਾਰ ਮੁਹਾਲੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਲੇਕਿਨ ਅਧਿਕਾਰੀਆਂ ਨੂੰ ਲੋਕਾਂ ਨੂੰ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਮੁਹਾਲੀ ਪ੍ਰਸ਼ਾਸਨ ਕੋਈ ਵੱਡਾ ਹਾਦਸਾ ਵਾਪਰਨ ਦੀ ਉਡੀਕ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਡੀਸੀ ਮੁਹਾਲੀ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਮੁੱਚੇ ਜ਼ਿਲ੍ਹੇ ਵਿੱਚ ਖੁੱਲ੍ਹੇ ਬੋਰਵੈੱਲ ਅਤੇ ਡੂੰਘੇ ਖੱਡੇ ਅਤੇ ਪੁਰਾਣੇ ਖੂਹ ਆਦਿ ਤੁਰੰਤ ਬੰਦ ਕੀਤੇ ਜਾਣ ਜਾਂ ਕਰਵਾਏ ਜਾਣ। ਇਸ ਸਬੰਧੀ ਡੀਸੀ ਵੱਲੋਂ ਬਕਾਇਦਾ ਰਿਪੋਰਟ ਵੀ ਮੰਗੀ ਗਈ ਹੈ ਪ੍ਰੰਤੂ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਸਬੰਧਤ ਅਧਿਕਾਰੀਆਂ ’ਤੇ ਸੂਬਾ ਸਰਕਾਰ ਦੇ ਤਾਜ਼ਾ ਹੁਕਮ ਕੋਈ ਮਾਇਨੇ ਨਹੀਂ ਰੱਖਦੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …